March 29, 2018 | By ਸਿੱਖ ਸਿਆਸਤ ਬਿਊਰੋ
ਓਟਾਵਾ: ਕੈਨੇਡਾ ਵਿੱਚ ਸਿੱਖ ਉੱਤੇ ਇਕ ਹੋਰ ਨਸਲੀ ਹਮਲੇ ਦੀ ਖਬਰ ਹੈ। ਕੈਨੇਡਾ ਦੇ ਓਟਾਵਾ ਵਿੱਚ ਦੋ ਗੋਰਿਆਂ ਨੇ ਇੱਕ ਸਿੱਖ ਦੀ ਖਿੱਚ ਧੂਹ ਕਰਦਿਆਂ ਉਸ ਦੀ ਦਸਤਾਰ ਪਾੜ ਦਿੱਤੀ। ਹਮਲਾਵਰਾਂ ਨੇ ਚਾਕੂ ਵਿਖਾ ਦੇ ਉਸ ਨੂੰ ਡਰਾਇਆ ਧਮਕਾਇਆ ਤੇ ਉਸ ਖ਼ਿਲਾਫ਼ ਨਸਲੀ ਟਿੱਪਣੀਆਂ ਵੀ ਕੀਤੀਆਂ।
ਸੀਬੀਸੀ ਦੀ ਰਿਪੋਰਟ ਮੁਤਾਬਕ ਦੋਵੇਂ ਗੋਰੇ ਹਮਲਾਵਰ 20 ਸਾਲ ਦੀ ਉਮਰ ਦੇ ਸਨ ਤੇ ਉਨ੍ਹਾਂ ਸ਼ੁੱਕਰਵਾਰ ਰਾਤ ਨੂੰ ਵੈਸਟਗੇਟ ਸ਼ੌਪਿੰਗ ਸੈਂਟਰ ਨੇੜੇ ਉਸ ਨੂੰ ਆਪਣਾ ਨਿਸ਼ਾਨਾ ਬਣਾਇਆ। ਜਾਂਦੇ ਹੋਏ ਹਮਲਾਵਰ ਸਿੱਖ ਦੀ ਦਸਤਾਰ ਤੇ ਹੋਰ ਸਾਮਾਨ ਨਾਲ ਲੈ ਗਏ। ਕੈਨੇਡਾ ਦੀਆਂ ਦੋਵਾਂ ਪ੍ਰਮੁੱਖ ਪਾਰਟੀਆਂ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ। ਹਮਲਾਵਾਰਾਂ ਨੇ ਨਾ ਸਿਰਫ਼ ਸਿੱਖ ਵਿਅਕਤੀ ਦੀ ਲੁੱਟ ਖੋਹ ਕੀਤੀ ਬਲਕਿ ਉਸ ਦੇ ਸਿਰ ’ਤੇ ਬੰਨੀ ਦਸਤਾਰ ਨੂੰ ਵੀ ਪਾੜ ਦਿੱਤਾ ਤੇ ਚਾਕੂ ਵਿਖਾ ਕੇ ਧਮਕੀਆਂ ਦਿੰਦਿਆਂ ਉਸ ਖ਼ਿਲਾਫ਼ ਨਸਲੀ ਟਿੱਪਣੀਆਂ ਕੀਤੀਆਂ।
ਪੁਲੀਸ ਨੇ ਦੱਸਿਆ ਕਿ ਦੋਵੇਂ ਮਸ਼ਕੂਕ ਜਦੋਂ ਸਿੱਖ ਕੋਲ ਪੁੱਜੇ ਤਾਂ ਰਾਤ ਕਰੀਬ ਸਾਢੇ ਗਿਆਰਾਂ ਵਜੇ ਦਾ ਸਮਾਂ ਸੀ ਤੇ ਉਹ ਬੱਸ ਦੀ ਉਡੀਕ ਵਿੱਚ ਸੀ। ਹਮਲਾਵਰਾਂ ਨੇ ਪਹਿਲਾਂ ਉਸ ਨੂੰ ਉਹਦੀ ਨਸਲ ਬਾਰੇ ਪੁੱਛਿਆ ਤੇ ਮਗਰੋਂ ਦਾੜ੍ਹੀ ਤੇ ਕੇਸ਼ ਕੱਟਣ ਬਾਰੇ ਪੁੱਛਣ ਲੱਗੇ।
ਕੈਨੇਡਾ ਵਿਚ ਸਿੱਖਾਂ ਦੀ ਜਥੇਬੰਦੀ ਵਰਲਡ ਸਿੱਖ ਓਰਗਨਾਈਜ਼ੇਸ਼ਨ (WSO) ਨੇ ਕਿਹਾ ਕਿ ਇਹ ਹਮਲਾ ਬਹੁਤ ਚਿੰਤਤ ਕਰਨ ਵਾਲਾ ਹੈ। ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ ਕਿ ਓਟਾਵਾ ਵਿਚ ਸਿੱਖ ‘ਤੇ ਹੋਏ ਇਸ ਨਸਲੀ ਹਮਲੇ ਨਾਲ ਸਮੁੱਚੇ ਭਾਈਚਾਰੇ ਨੂੰ ਧੱਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਡਰ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਸਿੱਖ ਭਾਈਚਾਰੇ ਦੀ ਜੋ ਸ਼ਵੀ ਵਿਗਾੜਨ ਦੀ ਕੋਸ਼ਿਸ਼ ਮੀਡੀਆ ਦੇ ਇਕ ਹਿੱਸੇ ਅਤੇ ਕੁਝ ਰਾਜਨੀਤਕ ਲੋਕਾਂ ਵਲੋਂ ਕੀਤੀ ਜਾ ਰਹੀ ਹੈ ਉਸ ਨਾਲ ਸਿੱਖਾਂ ਖਿਲਾਫ ਅਸਹਿਣਸ਼ੀਲਤਾ ਨਾ ਵਧ ਜਾਵੇ।
ਉਨ੍ਹਾਂ ਕਿਹਾ ਕਿ ਸਿੱਖ ਲਈ ਧੱਕੇ ਨਾਲ ਉਸਦੀ ਦਸਤਾਰ ਉਤਾਰਨੀ ਸਭ ਤੋਂ ਵੱਡੀ ਬੇਇਜ਼ਤੀ ਹੈ ਅਤੇ ਸਿੱਖ ਭਾਈਚਾਰਾ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ।
Related Topics: Racist Attack on Sikhs, Sikhs in Canada