March 26, 2018 | By ਸਿੱਖ ਸਿਆਸਤ ਬਿਊਰੋ
ਦਿੱਲੀ: ਬੀਤੇ ਦਿਨੀਂ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਅਤੇ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਜਗਦੀਸ਼ ਟਾਈਟਲਰ ਦੇ ਖ਼ਿਲਾਫ਼ 5 ਵੀਡੀਓ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜਣ ਵਾਲੇ ਗੁੰਮਨਾਮ ਸ਼ਖਸ ਨੇ ਹੁਣ ਇੱਕ ਹੋਰ ਲਿਫਾਫਾ ਭੇਜਿਆ ਹੈ। ਮਨਜੀਤ ਸਿੰਘ ਜੀ.ਕੇ. ਦੇ ਘਰ ਵਿਖੇ ਸਪੀਡ ਪੋਸਟ ਤੋਂ 23 ਮਾਰਚ 2018 ਨੂੰ ਭੇਜੇ ਗਏ ਇਸ ਲਿਫਾਫੇ ’ਚ ਇੱਕ ਪੱਤਰ ਦੇ ਨਾਲ ਪੈਨ ਡਰਾਈਵ ਨੱਥੀ ਹੈ। ਜਿਸ ’ਚ ਪੁਰਾਣੇ 5 ਵੀਡੀਓ ਦਾ ਅਸਲੀ ਰੂਪ ਹੈ। ਇਸ ਤੋਂ ਪਹਿਲਾਂ 5 ਫਰਵਰੀ 2018 ਨੂੰ ਜੀ.ਕੇ. ਨੇ ਟਾਈਟਲਰ ਦੇ 5 ਵੀਡੀਓ ਜਾਰੀ ਕੀਤੇ ਸਨ।
ਇਹਨਾਂ ਉਪਰੋਕਤ ਵੀਡੀਓ ਵਿਚ ਟਾਈਟਲਰ 100 ਸਿੱਖਾਂ ਦਾ ਕਤਲ ਕਰਨ, ਦਿੱਲੀ ਹਾਈ ਕੋਰਟ ’ਚ ਪਾਠਕ ਜੋੜੇ ਨੂੰ ਜੱਜ ਨਿਯੁਕਤ ਕਰਵਾਉਣ ਅਤੇ 150 ਕਰੋੜ ਦੇ ਕਾਲੇ ਧਨ ਦੇ ਬਾਰੇ ਗੱਲ ਕਰਦੇ ਹੋਏ ਆਪਣੇ ਬੇਟੇ ਦੀ ਕੰਪਨੀ ਦਾ ਸਿਵਿਸ ਬੈਂਕ ’ਚ ਖਾਤਾ ਹੋਣ ਦਾ ਹਵਾਲਾ ਦੇ ਰਿਹਾ ਸੀ। ਪਰ ਦਿੱਲੀ ਕਮੇਟੀ ਵੱਲੋਂ ਇਸ ਵੀਡੀਓ ਨੂੰ ਜਾਰੀ ਕਰਨ ਦੇ ਬਾਅਦ ਟਾਈਟਲਰ ਨੇ ਜੀ.ਕੇ. ਅਤੇ ਹੋਰ ਅਕਾਲੀ ਸਾਂਸਦਾਂ ਨੂੰ ਮਾਨਹਾਨੀ ਦਾ ਨੋਟਿਸ ਭੇਜਦੇ ਹੋਏ ਇਸ ਵੀਡੀਓ ਦੀ ਸੱਚਾਈ ’ਤੇ ਸਵਾਲ ਚੁੱਕਿਆ ਸੀ।
ਜੀ.ਕੇ. ਨੂੰ ਪੱਤਰ ਭੇਜਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਟਾਈਟਲਰ ਦੀ ਵੀਡੀਓ ਜਨਤਕ ਹੋਣ ਦੇ ਬਾਅਦ ਟਾਈਟਲਰ ਦੇ ਖ਼ਿਲਾਫ਼ ਸੀ.ਬੀ.ਆਈ. ਵੱਲੋਂ 1984 ਸਿੱਖ ਕਤਲੇਆਮ ਅਤੇ ਪਰਿਵਰਤਨ ਨਿਦੇਸ਼ਾਲਏ ਵੱਲੋਂ ਮਨੀ ਲਾਡਰਿੰਗ ਕੇਸਾਂ ਦੀ ਜਾਂਚ ਸ਼ੁਰੂ ਹੋਣ ਨਾਲ ਉਹ ਬੌਖਲਾ ਗਿਆ ਹੈ। ਇਹ ਵੀਡੀਓ ਪੂਰੀ ਤਰ੍ਹਾਂ ਨਾਲ ਸੱਚੀਆਂ ਹਨ ਅਤੇ ਪੈਨ ਡਰਾਈਵ ’ਚ ਇਸ ਵਾਰ ਆਈ 5 ਵੀਡੀਓ ’ਚ ਟਾਈਟਲਰ ਦੇ ਨਾਲ ਗੱਲਬਾਤ ਕਰ ਰਿਹਾ ਸ਼ਖਸ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ। ਇਹ ਸ਼ਖਸ ਦਿੱਲੀ ਦਾ ਵਪਾਰੀ ਰਵਿੰਦਰ ਸਿੰਘ ਚੌਹਾਨ ਹੈ ਅਤੇ ਇਸਦੇ ਮੋਬਾਈਲ ਨੰਬਰ ’ਤੇ ਗੱਲ ਕਰਕੇ ਤੁਸੀਂ ਸੱਚ ਤਕ ਪੁਜ ਸਕਦੇ ਹੋ।
ਜੀ.ਕੇ. ਦੇ ਸ਼ੁਭਚਿੰਤਕ ਨੇ ਦਾਅਵਾ ਕੀਤਾ ਹੈ ਕਿ ਠੀਕ ਸਮਾਂ ਆਉਣ ਤੇ ਮੈਂ ਇਸ ਵੀਡੀਓ ਦੀ ਲਗਭਗ 1 ਘੰਟੇ ਦੀ ਅਸਲੀ ਰਾ-ਫੁਟੇਜ ਨੂੰ ਲੈ ਕੇ ਮੀਡੀਆ ਅਤੇ ਕੋਰਟ ਦੇ ਸਾਹਮਣੇ ਵੀ ਪੇਸ਼ ਹੋ ਜਾਵਾਂਗਾ ਅਤੇ ਅਦਾਲਤ ’ਚ 65 ਬੀ ਗਵਾਹੀ ਐਕਟ ਦੇ ਤਹਿਤ ਇਸ ਵੀਡੀਓ ਨੂੰ ਪ੍ਰਮਾਣ ਦੇ ਤੌਰ ’ਤੇ ਪੇਸ਼ ਕਰਾਂਗਾ ਜੋ ਕਿ 8 ਦਸੰਬਰ 2011 ਨੂੰ ਟਾਈਟਲਰ ਵੱਲੋਂ ਕੀਤੇ ਗਏ ਕਬੂਲਨਾਮੇ ਦਾ ਸੱਚ ਬਿਆਨ ਕਰਦੀ ਹੈ।
ਅੱਜ ਇਸ ਮਸਲੇ ਨੂੰ ਲੈਕੇ ਜੀ.ਕੇ. ਨੇ ਕਾਂਸਟੀਚਿਊਸ਼ਨ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 24 ਮਾਰਚ ਨੂੰ ਸਵੇਰੇ ਉਨ੍ਹਾਂ ਨੇ ਚੌਹਾਨ ਨੂੰ ਫੋਨ ਕਰਕੇ ਦੱਸਿਆ ਕਿ ਟਾਈਟਲਰ ਦੇ ਨਾਲ ਉਨ੍ਹਾਂ ਦੀ ਗੱਲਬਾਤ ਕਰਨ ਵਾਲੀ ਵੀਡੀਓ ਸਾਡੇ ਕੋਲ ਆਈ ਹੈ। ਜੇਕਰ ਤੁਸੀਂ ਸਾਡਾ ਸਹਿਯੋਗ ਕਰੋ ਤਾਂ ਸਿੱਖ ਕੌਮ ਨੂੰ ਇਨਸਾਫ ਪ੍ਰਾਪਤ ਹੋ ਸਕਦਾ ਹੈ। ਤਦ ਚੌਹਾਨ ਨੇ ਕੁੱਝ ਦੇਰ ਬਾਅਦ ਉਨ੍ਹਾਂ ਨੂੰ ਗੱਲਬਾਤ ਕਰਨ ਦੀ ਗੱਲ ਕਹੀ। ਜਿਸਦੇ ਬਾਅਦ ਚੌਹਾਨ ਨਾਲ ਦੁਬਾਰਾ ਹੋਈ ਗੱਲਬਾਤ ’ਚ ਚੌਹਾਨ ਨੇ ਦਿੱਲੀ ਕਮੇਟੀ ਦਫ਼ਤਰ ਸਵੇਰੇ 11.30 ਵਜੇ ਆਉਣ ਦੀ ਗੱਲ ਕਹੀ।
ਜੀ.ਕੇ. ਨੇ ਦੱਸਿਆ ਕਿ ਕਮੇਟੀ ਦਫ਼ਤਰ ’ਚ ਇਹਨਾਂ 5 ਵੀਡੀਓ ਨੂੰ ਦੇਖਣ ਦੇ ਬਾਅਦ ਚੌਹਾਨ ਨੇ ਸੱਚ ਦਾ ਸਾਥ ਦੇਣ ਦਾ ਭਰੋਸਾ ਦਿੰਦੇ ਹੋਏ ਇਸ ਵੀਡੀਓ ’ਚ ਖੁਦ ਆਪ ਦੇ ਹੋਣ ਨੂੰ ਵੀ ਪ੍ਰਮਾਣਿਤ ਕੀਤਾ। ਜਦੋਂ ਮੈਂ ਚੌਹਾਨ ਨੂੰ ਇਹ ਗੱਲ ਮੀਡੀਆ ਦੇ ਸਾਹਮਣੇ ਕਹਿਣ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਮੀਡੀਆ ਦੀ ਬਜਾਏ ਇਹ ਗੱਲ ਵੀਡੀਓ ਰਿਕਾਰਡਿੰਗ ਦੇ ਜਰੀਏ ਕਹਿਣ ਦੀ ਹਾਮੀ ਭਰੀ। ਜੀ.ਕੇ. ਨੇ ਦੱਸਿਆ ਕਿ ਇਸਦੇ ਬਾਅਦ ਮੈਂ ਆਪ ਚੌਹਾਨ ਨਾਲ ਗੱਲਬਾਤ ਕਰਦੇ ਹੋਏ ਵੀਡੀਓ ਰਿਕਾਰਡ ਕਰਵਾਈ ਤਾਂ ਕਿ ਸੱਚ ਸਾਹਮਣੇ ਆ ਸਕੇ।
ਜੀ.ਕੇ. ਨੇ ਕਿਹਾ ਕਿ ਹੁਣ ਇਸ ਨਵੇਂ ਖ਼ੁਲਾਸੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਟਾਈਟਲਰ ਦੇ ਬਾਰੇ ’ਚ ਜਾਰੀ ਕੀਤੀ ਗਈ ਪਹਿਲੀ ਵੀਡੀਓ ਪੂਰੀ ਤਰ੍ਹਾਂ ਨਾਲ ਪ੍ਰਮਾਣਿਤ ਸੀ ਅਤੇ ਸ਼ੁਭਚਿੰਤਕ ਵੱਲੋਂ ਪੱਤਰ ’ਚ ਦਿੱਤੇ ਗਏ ਭਰੋਸੇ ਤੋਂ ਇਹ ਗੱਲ ਵੀ ਤੈਅ ਹੋ ਗਈ ਹੈ ਕਿ ਸਮਾਂ ਆਉਣ ਤੇ ਟਾਈਟਲਰ ਦੇ ਖ਼ਿਲਾਫ਼ ਕਮੇਟੀ ਦੀ ਮਦਦ ’ਚ ਹੋਰ ਗਵਾਹ ਵੀ ਸਾਹਮਣੇ ਆਉਣਗੇ, ਜੋ ਚਾਹੁੰਦੇ ਹਨ ਕਿ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਮਿਲੇ ਅਤੇ ਸੱਚ ਸਾਹਮਣੇ ਆ ਸਕੇ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਾਂਚ ਏਜੰਸੀਆਂ ਨੂੰ ਚੌਹਾਨ ਦੇ ਧਾਰਾ 164 ਦੇ ਤਹਿਤ ਬਿਆਨ ਰਿਕਾਰਡ ਕਰਨੇ ਚਾਹੀਦੇ ਹਨ। ਤਾਂਕਿ ਟਾਈਟਲਰ ਨੂੰ ਜੇਲ੍ਹ ਭੇਜਿਆ ਜਾ ਸਕੇ। ਟਾਈਟਲਰ ਦੇ ਖਿਲਾਫ਼ ਨਾ ਸਿਰਫ਼ ਹੁਣ ਪੁਖਤਾ ਸਬੂਤ ਆ ਗਏ ਹਨ ਸਗੋਂ ਟਾਈਟਲਰ ਵੱਲੋਂ ਵੀਡੀਓ ਨੂੰ ਝੂਠਾ ਦੱਸਣ ਦਾ ਕੀਤਾ ਜਾ ਰਿਹਾ ਦਾਅਵਾ ਵੀ ਢਹਿ ਗਿਆ ਹੈ। ਸਿਰਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਤੁਰੰਤ ਟਾਈਟਲਰ ਨੂੰ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਟਾਈਟਲਰ ਨੂੰ ਕਤਲ, ਮਨੀ ਲਾਂਡਰਿੰਗ, ਕਾਲਾ ਧਨ ਸਣੇ ਨਿਆਪਾਲਿਕਾ ’ਤੇ ਪ੍ਰਭਾਵ ਪਾਉਣ ਸੰਬੰਧੀ ਸਾਰੇ ਮਾਮਲਿਆਂ ’ਚ ਏਜੰਸੀਆਂ ਦੇ ਸਵਾਲਾਂ ਦਾ ਹੁਣ ਜਵਾਬ ਦੇਣਾ ਪਵੇਗਾ। ਇਸ ਲਈ ਰਾਹੁਲ ਗਾਂਧੀ ਟਾਈਟਲਰ ਨੂੰ ਬਚਾਉਣ ਦੀ ਥਾਂ ਉਸਨੂੰ ਬਾਹਰ ਦਾ ਰਾਹ ਵਿਖਾਉਣ ਦੀ ਹਿੰਮਤ ਦਿਖਾਉਣ। ਇਸ ਮੌਕੇ ਕਮੇਟੀ ਪ੍ਰਧਾਨ ਵੱਲੋਂ ਚੌਹਾਨ ਦਾ ਰਿਕਾਰਡ ਕੀਤਾ ਗਿਆ ਇੰਟਰਵਿਊ ਵੀ ਮੀਡੀਆ ਨੂੰ ਦਿਖਾਇਆ ਗਿਆ।
ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਹਰਜੀਤ ਸਿੰਘ ਜੀ.ਕੇ., ਆਤਮਾ ਸਿੰਘ ਲੁਬਾਣਾ, ਪਰਮਜੀਤ ਸਿੰਘ ਚੰਢੋਕ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਅਤੇ ਮੀਡੀਆ ਵਿਭਾਗ ਮੁਖੀ ਪਰਮਿੰਦਰ ਪਾਲ ਸਿੰਘ ਮੌਜੂਦ ਸਨ।
Related Topics: DSGMC, Jagdish Tytler, Manjit Singh G.K, ਸਿੱਖ ਨਸਲਕੁਸ਼ੀ 1984 (Sikh Genocide 1984)