January 22, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਸਬੰਧੀ ਫੈਸਲਾ ਵਾਪਸ ਲੈਣ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਨੂੰ ਚਲਾਇਆ ਜਾਣਾ ਸੰਭਵ ਨਹੀ ਹੈ ਕਿਉਂਕਿ ਇਸ ਦੇ ਮੁਕਾਬਲੇ ਹੋਰ ਸਾਧਨਾਂ ਤੋਂ ਬਿਜਲੀ ਉਤਪਾਦਨ ਸਸਤਾ ਪੈ ਰਿਹਾ ਹੈ।
ਜਾਰੀ ਇੱਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਹਾਲਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਬਠਿੰਡਾ ਥਰਮਲ ਪਲਾਂਟ ਅਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਮੁੱਖ ਤੌਰ ਉੱਤੇ ਸੂਬੇ ਵਿੱਚ ਬਿਜਲੀ ਦੀ ਮੰਗ ਘੱਟਣ ਕਾਰਨ ਅਤੇ ਹੋਰ ਬਦਲਵੇਂ ਸਰੋਤਾਂ ਤੋਂ ਬਿਜਲੀ ਸਸਤੀ ਮਿਲਣ ਕਾਰਨ ਲਿਆ ਗਿਆ ਹੈ। ਇੱਥੋਂ ਬਿਜਲੀ ਦਾ ਉਤਪਾਦਨ ਔਸਤ ਨਾਲੋਂ ਮਹਿੰਗਾ ਪੈ ਰਿਹਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਮੁਲਾਜ਼ਮ ਦਾ ਰੁਜ਼ਗਾਰ ਨਹੀ ਖੋਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਬਠਿੰਡਾ ਥਰਮਲ ਪਲਾਂਟ ਮੁਕੰਮਲ ਤੌਰ ਉੱਤੇ ਬੰਦ ਹੋ ਗਿਆ ਤਾਂ ਇੱਥੋਂ ਦੇ ਮੁਲਾਜ਼ਮਾਂ ਨੂੰ ਜਿੱਥੇ ਸਟਾਫ ਦੀ ਘਾਟ ਹੋਈ ਲਾ ਦਿੱਤਾ ਜਾਵੇਗਾ।
Related Topics: Bathinda, Bathinda Thermal Plant, Captain Amrinder Singh Government