June 15, 2011 | By ਸਿੱਖ ਸਿਆਸਤ ਬਿਊਰੋ
ਪੰਥ ਪ੍ਰਵਾਣਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਦਾ ਦਿਨ ਸਮੁੱਚੀ ਸਿੱਖ ਕੌਮ ਵਲੋਂ, ਪੰਜਵੇਂ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰ, ਪਹਿਲੇ ਸ਼ਹੀਦ ਗੁਰੂ, ਗੁਰੂ ਅਰਜਨ ਸਾਹਿਬ ਦੇ 405ਵੇਂ ਸ਼ਹੀਦੀ-ਪੁਰਬ ਵਜੋਂ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ। ਗੁਰੂ ਅਰਜਨ ਸਾਹਿਬ ਤੋਂ ਸਿੱਖੀ ਵਿੱਚ ਸ਼ਹਾਦਤ ਦਾ ਦੌਰ ਸ਼ੁਰੂ ਹੁੰਦਾ ਹੈ, ਜੋ ਨਿਰੰਤਰ ਜਾਰੀ ਹੈ।
ਜਹਾਂਗੀਰ ਵਲੋਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਸਬੰਧੀ ਨਿਭਾਇਆ ਰੋਲ ਕਾਫ਼ੀ ਸਪੱਸ਼ਟ ਸ਼ਬਦਾਂ ਵਿੱਚ ਉਸ ਦੀ ਜੀਵਨ ਕਥਾ ਤੌਜ਼ਕੇ – ਜਹਾਂਗੀਰੀ ਰਾਹੀਂ ਸਪੱਸ਼ਟ ਹੋ ਚੁੱਕਾ ਹੈ, ਪਰ ਦੁਸ਼ਟ ਚੰਦੂ ਦੇ ਰੋਲ ਨੂੰ ਅਜੋਕੇ ਇਤਿਹਾਸਕਾਰ, ਹਿੰਦੂਤਵੀ ਪ੍ਰਭਾਵ ਹੇਠ ਬਹੁਤ ਘਟਾ ਕੇ ਦੱਸਣ ਦਾ ਯਤਨ ਕਰ ਰਹੇ ਹਨ। ਇਤਿਹਾਸਕ ਤੱਥ ਅਤੇ ਸਿੱਖ ਪ੍ਰੰਪਰਾ ਦੁਸ਼ਟ ਚੰਦੂ ਨੂੰ ‘ਪੂਰਾ ਦੋਸ਼ੀ’ ਗਰਦਾਨਦੀ ਹੈ।
ਹਕੀਕਤ ਇਹ ਹੈ ਕਿ ਬ੍ਰਾਹਮਣਵਾਦੀਆਂ ਦੇ ਲਾਹੌਰ ਦਰਬਾਰ ਵਿੱਚ ਨੁਮਾਇੰਦੇ ਚੰਦੂ ਨੇ, ਲਾਹੌਰ ਦਰਬਾਰ ਦੇ ਮੁਤੱਸਬੀ ਮੌਲਾਣਿਆਂ ਅਤੇ ਹਾਕਮਾਂ ਨਾਲ ਮਿਲ ਕੇ ਗੁਰੂ ਅਰਜਨ ਸਾਹਿਬ ਨੂੰ ਅਕਹਿ ਅਤੇ ਅਸਹਿ ਕਸ਼ਟ ਦੇ ਕੇ ਸ਼ਹੀਦ ਕੀਤਾ, ਜਿਸ ਤੋਂ ਚੰਦੂ ਕਿਆਂ ਦਾ ਸਿੱਖ ਦੁਸ਼ਮਣੀ ਦਾ ਅਗਲਾ ਚਾਰ ਸਦੀਆਂ ਦਾ ਰੋਲ ਆਰੰਭ ਹੁੰਦਾ ਹੈ।
ਸਿੱਖ ਪ੍ਰੰਪਰਾ ਅਤੇ ਇਤਿਹਾਸਕ ਵੇਰਵਿਆਂ ਅਨੁਸਾਰ ਦੁਸ਼ਟ ਚੰਦੂ ਨੇ ਗੁਰੂ ਸਾਹਿਬ ਨੂੰ ਆਪਣੀ ਹਵੇਲੀ ਵਿੱਚ ਲਿਜਾ ਕੇ ਤੱਤੀ ਤਵੀ ’ਤੇ ਬਿਠਾਇਆ, ਸਿਰ ਵਿੱਚ ਰੇਤ ਪਵਾਈ ਅਤੇ ਦੇਗ ਵਿੱਚ ਉਬਾਲ ਕੇ ਅਖੀਰ ਉਨ੍ਹਾਂ ਦਾ ਪਵਿੱਤਰ, ਛਾਲੇ ਛਾਲੇ ਹੋਇਆ ਸਰੀਰ ਦਰਿਆ ਰਾਵੀ ਦੇ ਹਵਾਲੇ ਕੀਤਾ ਗਿਆ।
ਚੰਦੂ ਦੀ ਦੁਸ਼ਮਣੀ, ਛੇਵੀਂ ਗੁਰੂ ਜੋਤ ਨਾਲ ਵੀ ਲਗਾਤਾਰ ਜਾਰੀ ਰਹੀ, ਜਿਸ ਦਾ ਸਿੱਟਾ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਕਿਲ੍ਹੇ ਵਿੱਚ ਲਗਭਗ ਢਾਈ ਸਾਲ ਦੀ ਕੈਦ ਦੇ ਰੂਪ ਵਿੱਚ ਨਿਕਲਿਆ। ਪੰਜਾਬ ਦੇ ਸਿੱਖਾਂ ਵਿੱਚ ਫੈਲੀ ਬੇਚੈਨੀ, ਰੂਹਾਨੀ ਕ੍ਰਿਸ਼ਮੇ, ਸਾਈਂ ਮੀਆਂ ਮੀਰ ਦੀ ਦਖਲਅੰਦਾਜ਼ੀ ਆਦਿ ਦਾ ਸਾਂਝਾ ਸਿੱਟਾ ਜਹਾਂਗੀਰ ਦਾ ਸਿੱਖਾਂ ਪ੍ਰਤੀ ਬਦਲੇ ਰਵੱਈਏ ਦੇ ਰੂਪ ਵਿੱਚ ਨਿਕਲਿਆ। ਜਹਾਂਗੀਰ ਨੇ ਨਾ ਸਿਰਫ ਗੁਰੂ ਹਰਗੋਬਿੰਦ ਸਾਹਿਬ ਨੂੰ ਹੀ ਰਿਹਾਅ ਕੀਤਾ ਬਲਕਿ ਉਨ੍ਹਾਂ ਦੇ ਹੁਕਮ ’ਤੇ 52 ਹੋਰ ਰਾਜਸੀ ਕੈਦੀ-ਰਾਜਿਆਂ (ਜਿਨ੍ਹਾਂ ਵਿੱਚ ਹਿੰਦੂ ਪਹਾੜੀ ਰਾਜੇ, ਰਾਜਪੂਤ ਰਾਜੇ ਅਤੇ ਕੁਝ ਮੁਸਲਮਾਨ ਵਿਦਰੋਹੀ ਰਾਜੇ ਵੀ ਸ਼ਾਮਲ ਸਨ) ਨੂੰ ਵੀ ਰਿਹਾਅ ਕੀਤਾ ਗਿਆ। ਜਹਾਂਗੀਰ ਨੇ, ਗੁਰੂ ਸਾਹਿਬ ਨਾਲ ‘ਸਮਝੌਤੇ’ ਦੇ ਤਹਿਤ ਹਤਿਆਰੇ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕੀਤਾ।
ਭਾਈ ਬਿਧੀ ਚੰਦ ਨੇ, ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ, ਉਸ ਨੂੰ ਲਾਹੌਰ ਦੇ ਬਜ਼ਾਰਾਂ ਵਿੱਚ ਹੱਟੀ-ਹੱਟੀ ਮੰਗਤਾ ਬਣਾ ਕੇ ਫੇਰਿਆ ਅਤੇ ਉਸ ਦੀ ਪੂਰੀ ਛਿਤਰੌਲ ਹੋਈ। ਅਖੀਰ ਉਸ ਦੇ ਭੜਭੁੰਜੇ ਨੇ, (ਜਿਸ ਤੋਂ ਚੰਦੂ ਨੇ ਗੁਰੂ ਅਰਜਨ ਸਾਹਿਬ ਦੇ ਸਿਰ ਵਿੱਚ ਰੇਤ ਪਵਾਈ ਸੀ) ਚੰਦੂ ਦੇ ਸਿਰ ਵਿੱਚ ਕੜਛਾ ਮਾਰ ਕੇ ਉਸ ਦਾ ਅੰਤ ਕੀਤਾ। ਚੰਦੂ ਦੀ ਕੁੱਤੇ ਵਰਗੀ ਮੌਤ ਦੇ ਬਾਵਜੂਦ, ਉਸ ਦੇ ਲੜਕੇ ਨੇ ਗੁਰੂ ਘਰ ਦਾ ਵਿਰੋਧ ਜਾਰੀ ਰੱਖਿਆ। ਜਹਾਂਗੀਰ ਦੀ ਮੌਤ ਤੋਂ ਬਾਅਦ, ਸ਼ਾਹਜ਼ਹਾਂ ਦਿੱਲੀ ਦੇ ਤਖਤ ’ਤੇ ਬੈਠਾ। ਉਸ ਦੇ ਸਮੇਂ ਦੌਰਾਨ ਫੇਰ ਸਿੱਖ-ਵਿਰੋਧੀ ਲਾਬੀ ਦਾ ਦਿੱਲੀ ਦਰਬਾਰ ਵਿੱਚ ਜ਼ੋਰ ਵਧਿਆ। ਸ਼ਾਹਜ਼ਹਾਂ ਦੀਆਂ ਫੌਜਾਂ ਨੇ ਚਾਰ ਲੜਾਈਆਂ, ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ ਲੜੀਆਂ, ਜਿਨ੍ਹਾਂ ਚਾਰਾਂ ਲੜਾਈਆਂ ਵਿੱਚ ਹੀ ਸਿੱਖਾਂ ਦੀ ਫਤਹਿ ਹੋਈ। ਇੱਕ ਲੜਾਈ ਵਿੱਚ, ਚੰਦੂ ਦਾ ਲੜਕਾ, ਸਿੱਖ ਫੌਜ ਦੇ ਖਿਲਾਫ ਲੜਦਾ ਹੋਇਆ ਮਾਰਿਆ ਗਿਆ।
ਅੱਜ ਜਿਹੜੇ ਸਿੱਖ ਸਕਾਲਰ ਜਾਂ ਸੁਸ਼ਮਾ ਸਵਰਾਜ ਵਰਗੇ ਭਾਜਪਾ ਦੇ ਨੇਤਾ ਦੁਸ਼ਟ ਚੰਦੂ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਦੀ ਜ਼ਿੰਮੇਵਾਰੀ ’ਚੋਂ ਬਿਲਕੁਲ ਬਰੀ ਕਰਨਾ ਚਾਹੁੰਦੇ ਹਨ, ਉਹ ਇਤਿਹਾਸ ਨਾਲ ਦਗਾ ਕਮਾ ਰਹੇ ਹਨ। ਜੇ ਚੰਦੂ ‘ਨਿਰਦੋਸ਼’ ਜਾਂ ‘ਘੱਟ ਦੋਸ਼ੀ’ ਹੁੰਦਾ ਤਾਂ ਸਿੱਖ ਉਸ ਦਾ, ਲਾਹੌਰ ਦੇ ਬਜ਼ਾਰਾਂ ਵਿੱਚ, ਗੁਰੂ ਸਾਹਿਬ ਦੇ ਸਾਹਮਣੇ, ਉਹ ਹਸ਼ਰ ਨਾ ਕਰਦੇ, ਜਿਹੜਾ ਹਸ਼ਰ ਬਾਅਦ ਵਿੱਚ, ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਫਤਹਿ ਤੋਂ ਬਾਅਦ ਸੁੱਚਾ ਨੰਦ (ਜਿਸ ਨੂੰ ਸਿੱਖ ਝੂਠਾ ਨੰਦ ਸੱਦਦੇ ਸਨ) ਦਾ ਕੀਤਾ। ਸੁੱਚਾ ਨੰਦ ਨੇ ਸਰਹਿੰਦ ਦੀ ਕਚਹਿਰੀ ਵਿੱਚ – ‘ਸੱਪਾਂ ਦੇ ਬੱਚੇ ਸੱਪ ਹੀ ਹੁੰਦੇ ਹਨ’ ਦੀ ਟਿੱਪਣੀ ਨਾਲ ਹਾਕਮ ਵਜੀਦ ਖਾਂ ਨੂੰ, ਛੋਟੇ ਸਾਹਿਬਜ਼ਾਦਿਆਂ (ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਹਿ ਸਿੰਘ) ਦੀ ਸ਼ਹਾਦਤ ਲਈ ਤਿਆਰ ਕੀਤਾ ਸੀ। ਜਿਵੇਂ ਉਸ ਜ਼ਮਾਨੇ ’ਚ ਚੰਦੂ ਤੇ ਸੁੱਚਾ ਨੰਦ ਨੇ ਸਿੱਖ ਵਿਰੋਧੀ ਲਾਬੀ ਕਰਕੇ ਸਿੱਖਾਂ ’ਤੇ ਜ਼ੁਲਮ ਢੁਹਾਏ, ਅੱਜ ਉਸੇ ਚੰਦੂ ਤੇ ਸੁੱਚਾ ਨੰਦ ਦੀ ਔਲਾਦ ਪੱਛਮੀ ਮੁਲਕਾਂ ਦੀਆਂ ਸਰਕਾਰਾਂ ਤੱਕ ਸਿੱਖ ਵਿਰੋਧੀ ਲਾਬੀ ਕਰਕੇ ਸਿੱਖਾਂ ਵਿਰੁੱਧ ਉਨ੍ਹਾਂ ਦੇ ਕੰਨ ਭਰ ਰਹੀ ਹੈ।
ਦਸਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ ਵਿੱਚ (ਜਿਹੜਾ ਕਿ ਦੀਨੇ-ਕਾਂਗੜ ਤੋਂ ਲਿਖਿਆ ਸੀ) ਇੱਕ ਉਹ ਤੱਥ ਬਿਆਨਿਆ ਸੀ, ਜਿਹੜਾ ਕਿ ਬ੍ਰਾਹਮਣਵਾਦੀਆਂ ਨੂੰ, ਸਿੱਖੀ ਦੇ ਪ੍ਰਤੱਖ ਦੁਸ਼ਮਣ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਗੁਰੂ ਸਾਹਿਬ ਨੇ ਫਾਰਸੀ ਵਿੱਚ ਲਿਖਿਆ -‘‘ਮਨਮ ਕੁਸ਼ਤਰ ਅਮ ਕੋਰੀਆ ਬੁਤ-ਪ੍ਰਸਤ!
ਕਿ ਓ ਬੁੱਤ-ਪ੍ਰਸੰਦੋ ਮਨ ਬੁੱਤ-ਸ਼ਿਕਸਤ!’’
ਭਾਵ ‘ਮੈਨੂੰ ਬੁੱਤਾਂ ਦੀ ਪੂਜਾ ਕਰਨ ਵਾਲੇ (ਬੁੱਤ ਪ੍ਰਸਤ) ਪਹਾੜੀ (ਹਿੰਦੂ) ਰਾਜਿਆਂ ਨੂੰ ਸਜ਼ਾ-ਯਾਫਤਾ ਕਰਨ ਦਾ ਅਕਾਲ ਪੁਰਖ ਨੇ ਮਾਣ ਬਖਸ਼ਿਆ ਹੈ। ਇਹ ਹਿੰਦੂ ਰਾਜੇ, ਬੁੱਤਾਂ ਦੀ ਪੂਜਾ ਕਰਨ ਵਾਲੇ (ਮੂਰਤੀ ਪੂਜਕ) ਹਨ ਅਤੇ ਮੈਂ ਬੁੱਤਾਂ ਨੂੰ ਤੋੜਨ ਵਾਲਾ (ਮੂਰਤੀ ਭੰਜਕ) ਹਾਂ।’
ਮਹਾਨ-ਕੋਸ਼ ਦੇ ਲਿਖਾਰੀ, ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ, ਆਪਣੀ ਪ੍ਰਸਿੱਧ ਪੁਸਤਕ ‘ਹਮ ਹਿੰਦੂ ਨਹੀਂ’ (ਜੋ ਕਿ ਪਹਿਲੀ ਵਾਰ 1898 ਵਿੱਚ ਪ੍ਰਕਾਸ਼ਿਤ ਹੋਈ ਸੀ) ਦੇ ਪੰਨਾ 85 ’ਤੇ ਲਿਖਦੇ ਹਨ – ‘‘ਇਤਿਹਾਸ ਲਿਖਣ ਵਾਲਿਆਂ ਨੇ ਹਾਥੀ, ਤੰਬੂ ਆਦਿਕ ਸਮਾਨ ਨਾ ਦੇਣ ਕਰਕੇ, ਸਤਿਗੁਰਾਂ ਦਾ ਪਹਾੜੀ ਰਾਜਿਆਂ ਨਾਲ ਜੋ ਵਿਰੋਧ ਲਿਖਿਆ ਹੈ, ਸੋ ਗੌਣ ਕਾਰਨ ਹੈ। ਮੁੱਖ ਵਿਰੋਧ ਦਾ ਕਾਰਨ ਖਾਲਸਾ ਧਰਮ ਦੀ ਸਿੱਖਿਆ ਸੀ, ਜੋ ਮੂਰਤੀ ਪੂਜਕ ਮੱਤ ਦੇ ਵਿਰੁੱਧ ਸੀ। ਦਬਿਸਤਾਨਿ ਮਜ਼ਾਰਸ ਵਿੱਚ ਲਿਖਿਆ ਹੈ – ‘ਨਾਨਕ ਪੰਥੀ ਜੋ ਗੁਰੂ ਦੇ ਸਿੱਖ ਹਨ, ਉਹ ਬੁੱਤ ਅਰ ਬੁੱਤਖਾਨਿਆਂ ਪਰ ਨਿਸਚਾ ਨਹੀਂ ਰੱਖਦੇ।’ ਸੋ ਜ਼ਾਹਰ ਹੈ ਕਿ ਬ੍ਰਾਹਮਣਵਾਦੀ ਸ਼ਕਤੀਆਂ ਦੇ ਪ੍ਰਤੀਨਿਧ ਬਾਈਧਾਰ ਦੇ ਹਿੰਦੂ ਪਹਾੜੀ ਰਾਜਿਆਂ ਨੇ, ਇਕੱਠੇ ਹੋ ਕੇ ਜਿਹੜਾ ਕਾਰਾ 1685-86 ਵਿੱਚ ਭੰਗਾਣੀ ਦੇ ਮੈਦਾਨ ਵਿੱਚ ਕਰਨਾ ਚਾਹਿਆ ਸੀ, ਜਿਸ ਵਿੱਚ ਉਹ ਪੂਰੀ ਤਰ੍ਹਾਂ ਅਸਫਲ ਹੋਏ ਸਨ, ਠੀਕ ਤਿੰਨ ਸਦੀਆਂ ਬਾਅਦ, ਜੂਨ 1984 ਵਿੱਚ ਉਹ ਹੀ ਕਰਤੂਤ ਇਨ੍ਹਾਂ ਬੁੱਤ-ਪ੍ਰਸਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ’ਤੇ ਟੈਂਕਾਂ-ਤੋਪਾਂ ਨਾਲ ਹਮਲਾ ਕਰਕੇ ਕਰ ਵਿਖਾਇਆ।
ਹਰਿਮੰਦਰ ਦੇ ਬੂਹੇ, ਆਪਣੇ ਪੰਜਵੇਂ ਪ੍ਰੀਤਮ ਦੀ ਸ਼ਹੀਦੀ ਯਾਦ ਮਨਾਉਂਦਿਆਂ, ਸਿੱਖ ਸੰਗਤਾਂ ਨੂੰ ਆਪ ਹੀ ਸ਼ਹੀਦੀਆਂ ਦਾ ਜਾਮ ਪੀਣਾ ਪਿਆ। ਦਿੱਲੀ ਦੇ ਬੁੱਤਪ੍ਰਸਤ ਹਾਕਮਾਂ ਨੇ ਐਸਾ ਪਾਪ ਵਰਤਾਇਆ ਕਿ ਮੱਸਾ ਰੰਘੜ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸ਼ੁਬੇਗ ਸਿੰਘ ਅਤੇ ਦਰਜਨਾਂ ਹੋਰ ਸਿੰਘਾਂ ਨੇ ਸੂਰਬੀਰਤਾ ਦੇ ਜ਼ੌਹਰ ਦਿਖਾ ਕੇ ਸ਼ਹੀਦੀਆਂ ਪਾਈਆਂ। ਜੇ ਬੁੱਤ ਪ੍ਰਸਤਾਂ ਨੇ ਆਪਣੇ ‘ਅਸਲ ਇਰਾਦੇ’ ਨੂੰ ਇਸ ਹਮਲੇ ਨਾਲ ਜ਼ਾਹਰ ਕੀਤਾ ਤਾਂ ਗੁਰੂ ਅਰਜਨ ਸਾਹਿਬ ਦੇ ਪੁੱਤਰ-ਪੁੱਤਰੀਆਂ ਨੇ ਵੀ ਪ੍ਰੀਤਮ ਗੁਰੂ ਦੀ ਡਗਰ ’ਤੇ ਚੱਲਦਿਆਂ ਪਿਛਲੇ 27 ਸਾਲਾਂ ਤੋਂ ਸ਼ਹੀਦੀਆਂ ਦੀ ਝੜੀ ਲਗਾਤਾਰ ਲਾਈ ਹੋਈ ਹੈ। ਬੀਤੇ ਢਾਈ ਦਹਾਕਿਆਂ ਵਿੱਚ ਡੇਢ ਲੱਖ ਤੋਂ ਜ਼ਿਆਦਾ ਸਿੰਘ ਸਿੰਘਣੀਆਂ ਸ਼ਹੀਦ ਹੋ ਚੁੱਕੇ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਅਜੇ ਵੀ ਜੇਲ੍ਹਾਂ ਵਿੱਚ ਬੰਦ ਹਨ।
16 ਜੂਨ ਨੂੰ, ਦੁਨੀਆ ਭਰ ਵਿੱਚ ਵਸਦੀ ਸਿੱਖ ਕੌਮ ਨੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਦਿਨ ਮਨਾਉਣਾ ਹੈ। ਜੇ ਸਤਾਰਵੀਂ ਸਦੀ (1606) ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ, ਸ਼ੁਰੂ ਹੋਇਆ ਸਫਰ, ਅਠਾਰਵੀਂ ਸਦੀ ਵਿੱਚ ਖਾਲਸਾ ਪੰਥ ਵਲੋਂ ਰਾਜ-ਭਾਗ ਹਾਸਲ ਕਰਕੇ, ਮੁਗਲੀਆ ਰਾਜ ਦੀ ਜੜ੍ਹ ਪੁੱਟ ਦੇਣ ਨਾਲ ਅਤੇ ਅਫਗਾਨਾਂ ਦੇ ਘਰ ਤੱਕ ਪਹੁੰਚ ਕੇ (ਜਮਰੌਦ) ਉਨ੍ਹਾਂ ਨੂੰ ਸਬਕ ਸਿਖਾਉਣ ਤੱਕ ਦੇ ‘ਲੰਮੇ ਜ਼ੇਰੇ’ ਵਾਲਾ ਸੀ ਤਾਂ ਅੱਜ ਦੇ ਸਮੇਂ ਅੰਦਰ 3 ਜੂਨ, 1984 ਨੂੰ ਬੁੱਤ-ਪ੍ਰਸਤ ਦਿੱਲੀ ਹਾਕਮਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਬੋਲੇ ਹਮਲੇ ਦਾ ਜਵਾਬ ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਦਿੱਤਾ ਜਾ ਸਕੇਗਾ। ਜੰਗ ਅਜੇ ਜਾਰੀ ਹੈ….. ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਵੈ¤ਬ-ਸਾਈਟ ’ਤੇ ਉ¤ਕਰੀ ਇਹ ਲਿਖਤ ਸਿੱਖ ਜਜ਼ਬਿਆਂ ਦੀ ਠੀਕ ਤਰਜਮਾਨੀ ਕਰਦੀ ਹੈ-
ਤੇਰੇ ਝੰਡਿਆਂ ਦੀ ਥਾਵੇਂ ਜੋ ਝੁੱਲਦੇ ਨੇ ਝੰਡੇ,
ਪਾੜਾਂਗੇ, ਸਾੜਾਂਗੇ, ਦਰਿਆਵਾਂ ਵਿੱਚ ਰੋੜਾਂਗੇ।
ਤੇਰੇ ਹੁਕਮਾਂ ਦਾ ਵੇਖੀਂ ਫਿਰ ਰਾਜ ਹੋਵੇਗਾ,
ਤੇਰੀ ਲਹੂ ਲਿੱਬੜੀ ਕੌਮ ਦੇ ਸਿਰ ਤਾਜ ਹੋਵੇਗਾ।
ਹਫਤਾਵਾਰੀ ਚੜ੍ਹਦੀਕਲਾ (ਕੈਨੇਡਾ) ਵਿਚੋਂ ਧੰਨਵਾਦ ਸਹਿਤ…