November 11, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਵਲੋਂ ਖ਼ਾਲਿਸਤਾਨ ਪ੍ਰਤੀ ਦਿੱਤੇ ਗਏ ਬਿਆਨ ਦੇ ਮੱਦੇਨਜ਼ਰ ਦਲ ਖ਼ਾਲਸਾ ਨੇ ਭਾਰਤੀ ਮੁੱਖਧਾਰਾ ਵਿੱਚ ਸਰਗਰਮ ਰਾਜਨੀਤਿਕ ਪਾਰਟੀਆਂ ਭਾਜਪਾ, ਕਾਂਗਰਸ ਅਤੇ ਆਪ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਸਿੱਖਾਂ ਦੀ ਆਜ਼ਾਦੀ ਦੀਆਂ ਭਾਵਨਾਵਾਂ ਨੂੰ ਅਮਨ ਅਤੇ ਕਾਨੂੰਨ ਦੀ ਸਮੱਸਿਆ ਦੇ ਨਾਂ ਹੇਠ ਰੋਲਣ ਦੀ ਕੋਸ਼ਿਸ਼ ਵਿੱਚ ਹਨ।
ਪਾਰਟੀ ਆਗੂ ਕੰਵਰਪਾਲ ਸਿੰਘ ਅਤੇ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਸਿੱਖ ਆਪਣੀ ਕਿਸਮਤ ਦੇ ਆਪ ਮਾਲਕ ਬਣਨਾ ਚਾਹੁੰਦੇ ਹਨ। ਉਹਨਾਂ ਕਿਹਾ ਮੌਜੂਦਾ ਸਿੱਖਾਂ ਦੀਆਂ ਇੱਛਾਵਾਂ ਅਤੇ ਭਾਵਨਾਵਾਂ ਨੂੰ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ, ਇਸ ਨੂੰ ਇਤਿਹਾਸ ਦੇ ਪਰਿਪੇਖ ਵਿੱਚ ਹੀ ਸਮਝਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਿੱਖ ਇਸ ਖਿਤੇ ਦੀ ਤੀਸਰੀ ਕੌਮ ਹੋਣ ਦੇ ਨਾਲ-ਨਾਲ ਪੰਜਾਬ ਉੱਤੇ ਸਿੱਖ ਰਾਜ ਦੀ ਨੀਂਹ ਰੱਖ ਚੁਕੇ ਹਨ, ਜਿਸ ਦੀਆਂ ਨੀਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖੀਆਂ ਸਨ ਅਤੇ ਜਿਸ ਨੂੰ ਮਜਬੂਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਕੀਤਾ ਸੀ।
ਉਹਨਾਂ ਕਿਹਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਿਰਫ ਉਹੀ ਕਿਹਾ ਜੋ ਕੌਮ ਦੀਆਂ ਸਮੂਹਿਕ ਭਾਵਨਾਵਾਂ ਹਨ। ਉਹਨਾਂ ਕਿਹਾ ਕਿ ਸਿੱਖ ਮਨਾਂ ਅੰਦਰ ਆਪਣੇ ਰਾਜ ਨੂੰ ਮੁੜ ਸਥਾਪਤ ਕਰਨ ਦੀ ਰੀਝ ਅੱਜ ਵੀ ਪੂਰੀ ਤਰਾਂ ਸਿੱਖ ਮਾਨਸਿਕਤਾ ਵਿੱਚ ਪ੍ਰਬਲ ਹੈ।
ਉਹਨਾਂ ਭਾਜਪਾ ਦੇ ਬੁਲਾਰੇ ਨੂੰ ਆੜੇ ਹੱਥੀ ਲਿਆ ਜਿਸਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਹ ਮਿਹਣਾ ਮਾਰਿਆ ਗਿਆ ਹੈ ਕਿ ਉਹ ਸੁਪਰੀਮ ਕੋਰਟ ਦੇ ਆਦੇਸ਼ ਨੂੰ ਦੁਬਾਰਾ ਪੜ੍ਹਨ। ਉਹਨਾਂ ਕਿਹਾ ਕਿ ਇਕ ਨਹੀਂ ਬਹੁਤ ਸਾਰੇ ਕੇਸ ਮੌਜੂਦ ਹਨ, ਜਿੱਥੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਸ਼ਾਂਤਮਈ ਢੰਗ ਨਾਲ ਖ਼ਾਲਿਸਤਾਨ ਦੀ ਗੱਲ ਕਰਨ ਨੂੰ ਦੇਸ਼ਧ੍ਰੋਹ ਨਹੀਂ ਮੰਨਿਆ। ਉਹਨਾਂ ਆਪਣੇ ਕੇਸਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਖ਼ਾਲਿਸਤਾਨ ਦੀ ਗੱਲ ਕਰਨ ਲਈ ਜਿੰਨੇ ਵੀ ਦੇਸ਼ਧ੍ਰੋਹ ਦੇ ਕੇਸ ਆਜ਼ਾਦੀ ਪਸੰਦ ਜਥੇਬੰਦੀਆ ਦੇ ਕਾਰਕੁੰਨਾਂ ਉਤੇ ਪਾਏ ਗਏ ਸਨ, ਉਹ ਸਾਰੇ ਕਾਨੂੰਨ ਦੀ ਨਜ਼ਰ ਵਿੱਚ ਜਾਇਜ ਨਹੀਂ ਠਹਿਰਾਏ ਗਏ।
ਉਹਨਾਂ ਕਿਹਾ ਕਿ ਸਿੱਖਾਂ ਦੀ ਆਜ਼ਾਦੀ ਦੀ ਤਾਂਘ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਨਿਰਦੇਸ਼ਾਂ ਉਤੇ ਨਿਰਭਰ ਨਹੀਂ ਕਰਦੀ ਬਲਕਿ ਇਹ ਸਿੱਖਾਂ ਦੇ ਬੀਤੇ ਇਤਿਹਾਸ ਦੀਆਂ ਡੂੰਘੀਆਂ ਜੜ੍ਹਾਂ ਵਿੱਚ ਪਈ ਹੋਈ ਹੈ।
ਉਹਨਾਂ ਭਾਰਤੀ ਮੁੱਖ ਧਾਰਾ ਦੀਆਂ ਪਾਰਟੀਆਂ ਦੇ ਸਾਰੇ ਸ਼ੰਕੇ ਦੁਰ ਕਰਦਿਆਂ ਕਿਹਾ ਕਿ ਅਸੀਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਆਜ਼ਾਦ ਪੰਜਾਬ ਜਾਂ ਖ਼ਾਲਿਸਤਾਨ ਇਕੱਲਾ ਇੱਕ ਧਰਮ ਦੇ ਲੋਕਾਂ ਉਤੇ ਆਧਾਰਿਤ ਦੇਸ਼ ਨਹੀਂ ਹੋਵੇਗਾ ਬਲਕਿ ਇਸ ਵਿੱਚ ਹੋਰ ਬਾਕੀ ਸਾਰੇ ਭਾਈਚਾਰੇ ਹਿੰਦੂ, ਮੁਸਲਿਮ, ਇਸਾਈ ਅਤੇ ਦਲਿਤ ਵੀ ਬਰਾਬਰ ਦੇ ਹਿੱਸੇਦਾਰ ਹੋਣਗੇ।
ਉਹਨਾਂ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਪੰਜਾਬ ਦੀ ਸਮੱਸਿਆ ਨੂੰ ਹੱਲ਼ ਕਰਨਾ ਚਾਹੁੰਦੇ ਹਾਂ ਅਤੇ ਇਸ ਦਾ ਸਿਰਫ ਇਕੋ ਹੀ ਹੱਲ ਹੈ ਸਵੈ-ਨਿਰਣੇ ਦਾ ਹੱਕ ਹੈ। ਉਹਨਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਰਾਜਨੀਤਕ ਨਿਸ਼ਾਨੇ ਖੂਨ ਖਰਾਬੇ ਅਤੇ ਹਿੰਸਾ ਨਾਲ ਹੱਲ ਨਹੀਂ ਹੋਣੇ ਚਾਹੀਦੇ ਪਰ ਇਸ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਕਿ ਉਹ ਲੋਕਾਂ ਨੂੰ ਇਸ ਪਾਸੇ ਜਾਣ ਲਈ ਮਜ਼ਬੂਰ ਨਾ ਕਰਨ। ਉਹਨਾਂ ਇੰਗਲੈਡ ਅਤੇ ਕੈਨੇਡਾ ਦੀ ਉਦਾਹਰਨ ਦਿੰਦਿਆਂ ਦਿੱਲੀ ਨੂੰ ਕਿਹਾ ਕਿ ਉਹ ਵੀ ਪੰਜਾਬ ਅਤੇ ਬਾਕੀ ਹੋਰ ਕੌਮਾਂ ਜੋ ਆਪਣੀ ਆਜ਼ਾਦੀ ਲਈ ਲੜ ਰਹੀਆਂ ਹਨ ਉਹਨਾਂ ਨੂੰ ਸਕਾਟਲੈਂਡ ਅਤੇ ਕਿਉਬਕ ਦੀ ਤਰਾਂ ਰਾਏਸ਼ੁਮਾਰੀ ਦਾ ਹੱਕ ਦੇਵੇ।
ਸਬੰਧਤ ਖ਼ਬਰ:
ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ; ਖ਼ਾਲਿਸਤਾਨ ਦੀ ਮੰਗ ਕਰਨ ‘ਚ ਕੋਈ ਬੁਰਾਈ ਨਹੀਂ …
ਉਹਨਾਂ ਕਿਹਾ ਕਿ ਇਹ ਪਾਰਟੀਆਂ ਇੱਕ ਸ਼ਰਾਰਤ ਵਿਚੋਂ ਸਿੱਖ ਜੁਝਾਰੂਆਂ ਨੂੰ ਪੰਜਾਬ ਅੰਦਰ ਡੁੱਲੇ ਖੂਨ ਲਈ ਜ਼ਿੰਮੇਵਾਰ ਦੱਸ ਰਹੀਆਂ ਹਨ ਜਦਕਿ ਸਿੱਖਾਂ ਨੇ ਹਥਿਆਰਬੰਦ ਲੜਾਈ ਭਾਰਤ ਵਲੋਂ ਉਹਨਾਂ ਦੇ ਹੱਕ ਲੁੱਟਣ, ਇਨਸਾਫ ਨਾ ਦੇਣ ਅਤੇ ਸਰਕਾਰੀ ਦਮਨ ਵਿਰੁੱਧ ਚੁੱਕੇ ਸਨ।
ਸਬੰਧਤ ਖ਼ਬਰ:
ਪ੍ਰੋ. ਬਡੂੰਗਰ ਵਲੋਂ ਖ਼ਾਲਿਸਤਾਨ ‘ਤੇ ਦਿੱਤੇ ਬਿਆਨ ਦੀ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਲਾਘਾ …
Related Topics: Dal Khalsa International, Indian Politics, kanwarpal singh, Khalistan, Paramjit Singh Tanda, Shiromani Gurdwara Parbandhak Committee (SGPC)