October 7, 2017 | By ਸਿੱਖ ਸਿਆਸਤ ਬਿਊਰੋ
ਬਠਿੰਡਾ: ਹਰਿਆਣਾ ਪੁਲਿਸ ਹੁਣ ਡੇਰਾ ਮੁਖੀ ਦੇ ਕੁੜਮ ਅਤੇ ਸਾਬਕਾ ਕਾਂਗਰਸੀ ਮੰਤਰੀ ਹਰਮਿੰਦਰ ਜੱਸੀ ਨੂੰ ਘੇਰਨ ਦੇ ਰੌਂਅ ਵਿੱਚ ਹੈ। ਇਸ ਗੱਲ ਦਾ ਪ੍ਰਗਟਾਵਾ ਖੁਦ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਕੁੜਮ ਹਰਮਿੰਦਰ ਜੱਸੀ ਨੇ ਮੀਡੀਆ ਸਾਹਮਣੇ ਕੀਤਾ। ਉਨ੍ਹਾਂ ਦੱਸਿਆ ਕਿ ਪੰਚਕੂਲਾ ਪੁਲਿਸ ਨੇ ਸ਼ੁੱਕਰਵਾਰ (6 ਅਕਤੂਬਰ) ਨੂੰ ਪੂਰਾ ਦਿਨ ਬਠਿੰਡਾ ਸ਼ਹਿਰ ਵਿੱਚ ਸਾਬਕਾ ਕਾਂਗਰਸੀ ਮੰਤਰੀ ਹਰਮਿੰਦਰ ਜੱਸੀ ਦੀ ਰਿਹਾਇਸ਼ ‘ਤੇ ਰਹੀ। ਜਾਣਕਾਰਾਂ ਮੁਤਾਬਕ ਹਰਿਆਣਾ ਪੁਲਿਸ ਹਨੀਪ੍ਰੀਤ ਉਰਫ ਪ੍ਰਿਯੰਕਾ ਤਨੇਜਾ ਨੂੰ ਪਨਾਹ ਦੇਣ ਦੇ ਮਾਮਲੇ ਵਿੱਚ ਡੇਰਾ ਮੁਖੀ ਦੇ ਕੁੜਮ ਤੋਂ ਪੁੱਛਗਿੱਛ ਕਰਨ ਆਈ ਸੀ।
ਹਰਮਿੰਦਰ ਜੱਸੀ ਦਾ ਕਹਿਣਾ ਹੈ ਕਿ ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਅਤੇ ਗਠਜੋੜ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਦੇ ਮੁੱਦਿਆਂ ‘ਚ ਘਿਰੇ ਹੋਣ ਕਰਕੇ ਭਾਜਪਾ ਹੁਣ ਬਦਲੇ ਦੀ ਰਾਜਨੀਤੀ ਕਰਨ ‘ਤੇ ਆ ਗਈ ਹੈ।
ਇਸ ਦੌਰਾਨ ਹਰਮਿੰਦਰ ਜੱਸੀ ਨੇ ਇਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਆਖਿਆ ਕਿ ਲੁੱਕਆਊਟ ਨੋਟਿਸ ਜਾਰੀ ਹੋਣ ਮਗਰੋਂ ਉਹ ਨਾ ਕਦੇ ਹਨੀਪ੍ਰੀਤ ਨੂੰ ਮਿਲਿਆ ਅਤੇ ਨਾ ਹਨੀਪ੍ਰੀਤ ਨੇ ਉਸ ਤੋਂ ਕੋਈ ਮਦਦ ਮੰਗੀ। ਉਸ ਦਾ ਡੇਰਾ ਮੁਖੀ ਦੇ ਪਰਿਵਾਰ ਨਾਲ ਸਮਾਜਿਕ ਰਿਸ਼ਤਾ ਹੈ ਅਤੇ ਉਸ ਨੇ ਆਪਣੀ ਲੜਕੀ ਦੀ ਮਦਦ ਲਈ ਗੁਰੂਸਰ ਮੋਡੀਆ ਵਿੱਚ ਕਈ ਵਾਰ ਗੇੜਾ ਜ਼ਰੂਰ ਲਾਇਆ ਹੈ ਪਰ ਕਿਸੇ ਗ਼ੈਰ ਕਾਨੂੰਨੀ ਮਾਮਲੇ ਵਿੱਚ ਉਹ ਕਿਸੇ ਨਾਲ ਵੀ ਨਹੀਂ ਹਨ।
ਸਾਬਕਾ ਮੰਤਰੀ ਨੇ ਆਖਿਆ ਕਿ ਹਰਿਆਣਾ ਦੀ ਭਾਜਪਾ ਸਰਕਾਰ ਹੁਣ ਗੁਰਦਾਸਪੁਰ ਚੋਣ ਵਿੱਚ ਸਿਆਸੀ ਲਾਹੇ ਲਈ ਉਸ ਨੂੰ ਕੜੀ ਬਣਾ ਕੇ ਕਾਂਗਰਸ ’ਤੇ ਹਮਲਾ ਕਰਨਾ ਚਾਹੁੰਦੀ ਹੈ, ਜਿਸ ਕਰ ਕੇ ਹਰਿਆਣਾ ਪੁਲਿਸ ਨੇ ਇਕ ਐਫਆਈਆਰ ਵੀ ਹਾਲੇ ਖੁੱਲ੍ਹੀ ਰੱਖੀ ਹੋਈ ਹੈ।
Related Topics: BJP, CBI, CBI Court, Congress Government in Punjab 2017-2022, Gurdaspur By Election 2017, Harminder Jassi, Haryana Police, Honeypreet alias priyanka, ram rahim rape case