September 14, 2017 | By ਸਿੱਖ ਸਿਆਸਤ ਬਿਊਰੋ
ਪੰਚਕੂਲਾ: ਹਰਿਆਣਾ ਪੁਲਿਸ ਨੇ ਡੇਰਾ ਸਿਰਸਾ ਦੇ ਆਈ. ਟੀ. ਹੈੱਡ ਵਿਨੀਤ ਕੁਮਾਰ ਨੂੰ ਸਿਰਸਾ ਤੋਂ ਗ੍ਰਿਫਤਾਰ ਕੀਤਾ ਹੈ, ਜਿਸ ਨੇ ਡੇਰੇ ਦੀਆਂ 60 ਹਾਰਡ ਡਿਸਕਾਂ ਕੱਢ ਕੇ ਛੁਪਾ ਦਿੱਤੀਆਂ ਸਨ ਤੇ ਡੇਰੇ ਦੀਆਂ ਕਾਫ਼ੀ ਸੀ.ਸੀ.ਟੀ.ਵੀ. ਫੁਟੇਜ਼ ਵੀ ਡਿਲੀਟ ਕਰ ਦਿੱਤੀਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਡੇਰਾ ਸਿਰਸਾ ਦੇ ਆਈ.ਟੀ. ਮੁਖੀ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਇਕ ਖੇਤ ਤੋਂ 60 ਹਾਰਡ ਡਿਸਕਾਂ ਵੀ ਬਰਾਮਦ ਕੀਤੀਆਂ ਹਨ।
ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਡੀ.ਜੀ.ਪੀ. ਬੀ.ਐੱਸ. ਸੰਧੂ ਨੇ ਕਿਹਾ ਕਿ ਡੇਰੇ ਦੀ ਤਲਾਸ਼ੀ ਮੁਹਿੰਮ ਦੌਰਾਨ ਕਈ ਹਾਰਡ ਡਿਸਕਾਂ ਮਿਲੀਆਂ ਹਨ, ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 25 ਅਗਸਤ ਨੂੰ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਆਈਆਂ ਲਗਪਗ 170 ਗੱਡੀਆਂ ‘ਚੋਂ ਪੁਲਿਸ ਨੇ 65 ਗੱਡੀਆਂ ਨੂੰ ਕਬਜ਼ੇ ‘ਚ ਲਿਆ ਸੀ, ਜਿਨ੍ਹਾਂ ‘ਚੋਂ ਕਈ ਗੱਡੀਆਂ ਲਗਜ਼ਰੀ ਸਨ। ਉਨ੍ਹਾਂ ਦੱਸਿਆ ਕਿ ਸਾਰੀਆਂ ਗੱਡੀਆਂ ਦੇ ਮਾਲਕਾਂ ਨੂੰ ਪੁਲਿਸ ਨੇ ਨੋਟਿਸ ਭੇਜ ਕੇ ਜਾਂਚ ਲਈ ਬੁਲਾਇਆ ਹੈ। ਉਨ੍ਹਾਂ ਦੱਸਿਆ ਕਿ ਹਨੀਪ੍ਰੀਤ ਅਤੇ ਅਦਿੱਤਿਆ ਇੰਸਾਂ ਨੂੰ ਗ੍ਰਿਫਤਾਰ ਕਰਨ ਲਈ ਰਾਅ ਸਮੇਤ ਕਈ ਏਜੰਸੀਆਂ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੇਰਾ ਸਿਰਸਾ ਮਾਮਲੇ ‘ਚ ਪੁਲਿਸ ਨੂੰ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ ਅਤੇ ਪੁਲਿਸ ਸਾਰੇ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲਿਸ ਨੂੰ ਡੇਰਾ ਸਿਰਸਾ ਤੋਂ ਭਾਰੀ ਗਿਣਤੀ ‘ਚ ਹਾਰਡ ਡਿਸਕਾਂ ਮਿਲੀਆਂ ਹਨ, ਜਿਨ੍ਹਾਂ ‘ਚ ਡੇਰੇ ਦੀ ਸੀ.ਸੀ. ਟੀ. ਵੀ ਫੁਟੇਜ਼ ਮਿਲੀ ਹੈ।
ਹਰਿਆਣਾ ਪੁਲਿਸ ਮੁਖੀ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ‘ਚੋਂ ਭਜਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਕੁੱਲ 8 ਕਰਮਚਾਰੀ ਸ਼ਾਮਿਲ ਸਨ ਤੇ ਹਰਿਆਣਾ ਪੁਲਿਸ ਵਲੋਂ 3 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ‘ਚੋਂ 1 ਰਿਮਾਂਡ ‘ਤੇ ਅਤੇ 2 ਨਿਆਂਇਕ ਹਿਰਾਸਤ ‘ਚ ਹਨ, ਬਾਕੀ 5 ਪੁਲਿਸ ਕਰਮਚਾਰੀਆਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 25 ਅਗਸਤ ਨੂੰ ਡੇਰਾ ਮੁਖੀ ਦੇ ਨਾਲ ਪਹੁੰਚਣ ਵਾਲੇ ਇਕ ਰਾਜਸਥਾਨ ਪੁਲਿਸ ਅਤੇ ਇਕ ਚੰਡੀਗੜ੍ਹ ਪੁਲਿਸ ਦਾ ਕਰਮਚਾਰੀ ਵੀ ਸ਼ਾਮਿਲ ਹੈ। ਉਨ੍ਹਾਂ ਖਿਲਾਫ਼ ਵੀ ਪੁਲਿਸ ਕਾਰਵਾਈ ਕਰ ਸਕਦੀ ਹੈ। ਹਰਿਆਣਾ ਪੁਲਿਸ ਡੇਰਾ ਪ੍ਰਬੰਧਕਾਂ ਦੇ 45 ਮੈਂਬਰਾਂ ਨੂੰ ਜਾਂਚ ਵਿਚ ਸ਼ਾਮਿਲ ਕਰਨ ਦੀ ਤਿਆਰੀ ਵਿਚ ਹੈ ਅਤੇ ਡੀ. ਜੀ. ਪੀ. ਨੇ ਕਿਹਾ ਕਿ ਡੇਰੇ ਦੀ ਪ੍ਰਬੰਧਕ ਵਿਪਾਸਨਾ ਨੂੰ ਵੀ ਜਾਂਚ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਪੁਲਿਸ ਨੇ ਡੇਰੇ ਨਾਲ ਸਬੰਧਤ ਲੈਕਸਸ ਐਸ. ਯੂ. ਵੀ. ਕਾਰ, ਜਿਹੜੀ ਫੂਲਕਾਂ ਪਿੰਡ ਦੇ ਨੇੜੇ 28 ਅਗਸਤ ਨੂੰ ਸਾੜ ਦਿੱਤੀ ਗਈ ਸੀ, ਦੇ ਡਰਾਈਵਰ ਹਰਮੇਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ। ਹਰਮੇਲ ਸਿੰਘ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਸਬੂਤ ਮਿਟਾਉਣ ਅਤੇ ਨੁਕਸਾਨ ਪਹੁੰਚਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ।
ਪੰਜਾਬ, ਹਰਿਆਣਾ ‘ਚ ਅੱਗਾਂ ਲਾਉਣ, ਭੰਨ-ਤੋੜ ਕਰਨ ਅਤੇ ਵੱਡੇ ਪੱਧਰ ‘ਤੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਬਣਾਏ ਗਏ ਕੁਰਬਾਨੀ ਗੈਂਗ ਦੇ ਇਕ ਹੋਰ ਮੈਂਬਰ ਨੂੰ ਅੰਬਾਲਾ ਪੁਲਿਸ ਨੇ ਬੁੱਧਵਾਰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਦਿੰਦਿਆਂ ਏ.ਐੱਸ.ਪੀ. ਨਿਤੀਕਾ ਗਹਿਲੋਤ ਨੇ ਦੱਸਿਆ ਕਿ ਫੜਿਆ ਗਿਆ ਡੇਰਾ ਸਮਰਥਕ ਭਾਗ ਸਿੰਘ ਮੋਹੜੇ ਦਾ ਰਹਿਣ ਵਾਲਾ ਹੈ, ਉਸ ਕੋਲੋਂ 14 ਲੱਖ ਰੁਪਏ ਬਰਾਮਦ ਹੋਏ ਹਨ। ਇਹ ਡੇਰੇ ਵਲੋਂ ਤਿਆਰ ਕੀਤੇ 15 ਮੈਂਬਰੀ “ਕੁਰਬਾਨੀ ਗੈਂਗ” ਦਾ ਮੈਂਬਰ ਹੈ, ਉਸ ਨੇ ਮੰਨਿਆ ਕਿ ਉਸਨੂੰ ਇਹ ਪੈਸੇ “ਕੁਰਬਾਨੀ ਗੈਂਗ” ਦੇ ਇੱਕ ਹੋਰ ਮੈਂਬਰ ਅਸ਼ੋਕ ਕੁਮਾਰ ਨੇ ਅੱਗਜ਼ਨੀ ਭੰਨ-ਤੋੜ ਅਤੇ ਹਿੰਸਕ ਵਾਰਦਾਤਾਂ ਲਈ ਭਾੜੇ ਦੇ ਗੁੰਡਿਆਂ ਨੂੰ ਦੇਣ ਲਈ ਦਿੱਤੇ ਸਨ।
Related Topics: CBI, CBI Court, Dera Sauda Sirsa, Haryana Police, Panchkula violence, Punjab Police, ram rahim rape case