ਆਮ ਖਬਰਾਂ

ਹਨੀਪ੍ਰੀਤ ਦੀ ਗ੍ਰਿਫਤਾਰੀ ਦੀਆਂ ਖ਼ਬਰਾਂ ਮੀਡੀਆ ‘ਚ: ਹਰਿਆਣਾ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ

September 4, 2017 | By

ਜਲੰਧਰ: ਬਲਾਤਕਾਰ ਦੇ ਦੋਸ਼ ‘ਚ ਡੇਰਾ ਸਿਰਸਾ ਮੁਖੀ ਦੀ ਸਭ ਤੋਂ ਨੇੜਲੀ ਰਾਜ਼ਦਾਰ ਹਨੀਪ੍ਰੀਤ ਉਰਫ ਪ੍ਰਿਯੰਕਾ ਤਨੇਜਾ ਨੂੰ ਐਤਵਾਰ ਸ਼ਾਮ ਮੁੰਬਈ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਹਨੀਪ੍ਰੀਤ ਆਸਟ੍ਰੇਲੀਆ ਜਾਣ ਲਈ ਜਹਾਜ਼ ਚੜ੍ਹਨ ਜਾ ਰਹੀ ਸੀ। ਦੱਸਿਆ ਜਾਂਦਾ ਹੈ ਕਿ ਕਸਟਮ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਚੈਕਿੰਗ ਸਮੇਂ ਉਸ ਦੀ ਪਛਾਣ ਕੀਤੀ ਅਤੇ ਤੁਰੰਤ ਇਸ ਬਾਰੇ ਹਵਾਈ ਅੱਡੇ ਉਪਰ ਤਾਇਨਾਤ ਸੁਰੱਖਿਆ ਬਲਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹਨੀਪ੍ਰੀਤ ਪਿਛਲੇ ਕਰੀਬ 10 ਸਾਲ ਤੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਸਭ ਤੋਂ ਨੇੜਲਿਆਂ ਵਿਚ ਸਮਝੀ ਜਾਂਦੀ ਹੈ ਅਤੇ ਅੱਜਕੱਲ ਉਸ ਨੂੰ ਡੇਰੇ ਵਿਚ ਸਭ ਤੋਂ ਤਾਕਤਵਰ ਮੰਨਿਆ ਜਾਂਦਾ ਰਿਹਾ ਹੈ।

 ਹਨੀਪ੍ਰੀਤ ਉਰਫ ਪ੍ਰਿਯੰਕਾ ਤਨੇਜਾ (ਫਾਈਲ ਫੋਟੋ)

ਹਨੀਪ੍ਰੀਤ ਉਰਫ ਪ੍ਰਿਯੰਕਾ ਤਨੇਜਾ (ਫਾਈਲ ਫੋਟੋ)

25 ਅਗਸਤ ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਵਾਲੇ ਦਿਨ ਹਨੀਪ੍ਰੀਤ ਡੇਰੇ ਤੋਂ ਚੱਲੇ ਗੱਡੀਆਂ ਦੇ ਕਾਫਲੇ ‘ਚ ਡੇਰਾ ਮੁਖੀ ਦੇ ਨਾਲ ਹੀ ਕਾਰ ਵਿਚ ਬੈਠ ਕੇ ਆਈ ਸੀ ਅਤੇ ਅਦਾਲਤ ਵਿਚ ਵੀ ਉਹ ਡੇਰਾ ਮੁਖੀ ਦੇ ਨਾਲ ਹੀ ਦਿਖਾਈ ਦਿੱਤੀ ਅਤੇ ਜੇਲ੍ਹ ਵਿਚ ਲਿਜਾਣ ਜਾਣ ਸਮੇਂ ਹੈਲੀਕਾਪਟਰ ‘ਚ ਵੀ ਉਹ ਸਵਾਰ ਸੀ। ਉਸ ਦਿਨ ਰਾਤ ਕਰੀਬ 9 ਵਜੇ ਡੇਰਾ ਮੁਖੀ ਦੇ ਜੇਲ੍ਹ ਅੰਦਰ ਜਾਣ ਤੋਂ ਬਾਅਦ ਉਹ ਗਾਇਬ ਹੋ ਗਈ ਸੀ। ਜ਼ਿਕਰਯੋਗ ਹੈ ਕਿ ਹਰਿਆਣਾ ਪੁਲਿਸ ਨੇ ਡੇਰੇ ਦੇ ਮੁੱਖ ਬੁਲਾਰੇ ਅਦਿੱਤਿਆ ਇੰਸਾ ਅਤੇ ਹਨੀਪ੍ਰੀਤ ਖਿਲਾਫ਼ “ਦੇਸ਼ਧ੍ਰੋਹ” ਦਾ ਮੁਕੱਦਮਾ ਦਰਜ ਕੀਤਾ ਹੈ। ਇਸੇ ਕੇਸ ਵਿਚ ਬੀਤੇ ਦਿਨ ਪੰਚਕੂਲਾ ਪੁਲਿਸ ਵੱਲੋਂ ਹਨੀਪ੍ਰੀਤ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਸੀ। ਇਸੇ ਨੋਟਿਸ ਦੇ ਆਧਾਰ ‘ਤੇ ਹੀ ਉਹ ਮੁੰਬਈ ਹਵਾਈ ਅੱਡੇ ‘ਤੇ ਗ੍ਰਿਫਤਾਰ ਕੀਤੀ ਜਾ ਸਕੀ ਹੈ। ਪੁਲਿਸ ਸੂਤਰਾਂ ਦਾ ਮੰਨਣਾ ਹੈ ਕਿ ਹਨੀਪ੍ਰੀਤ ਦੀ ਗ੍ਰਿਫਤਾਰੀ ਦੇ ਬਾਅਦ ਡੇਰੇ ਦੀਆਂ ਅੰਦਰਲੀਆਂ ਸਰਗਰਮੀਆਂ ਅਤੇ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਬਾਅਦ ਡੇਰੇ ਵੱਲੋਂ ਵਿਆਪਕ ਹਿੰਸਾ ਫੈਲਾਏ ਜਾਣ ਦੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਹਾਸਿਲ ਹੋ ਸਕੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,