ਸਿੱਖ ਖਬਰਾਂ

ਪੰਚ ਪ੍ਰਧਾਨੀ ਵੱਲੋਂ ਲੁਧਿਆਣਾ ਗੋਲੀ ਕਾਂਡ ਤੇ ਡੇਰਾਵਾਦ ਸਬੰਧੀ ਸਾਂਝੀ ਰਣਨੀਤੀ ਘੜਨ ਦੀ ਲੋੜ ਉਤੇ ਜ਼ੋਰ

December 11, 2009 | By

ਲੁਧਿਆਣਾ (11 ਦਸੰਬਰ, 2009): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਲੁਧਿਆਣਾ ਵਿਖੇ ਸਿੱਖਾਂ ਉੱਤੇ ਗੋਲੀ ਚਲਾ ਕੇ ਇੱਕ ਸਿੰਘ, ਭਾਈ ਦਰਸ਼ਨ ਸਿੰਘ, ਨੂੰ ਸ਼ਹੀਦ ਕਰਨ ਲਈ ਪੰਜਾਬ ਸਰਕਾਰ ਅਤੇ ਲੁਧਿਆਣਾ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਸਮੂਹ ਪੰਥਕ ਜਥੇਬੰਦੀਆਂ ਨੂੰ ਇਸ ਮਸਲੇ ਬਾਰੇ ਸਾਂਝੀ ਰਣਨੀਤੀ ਅਖਤਿਆਰ ਕਰਨ ਦੀ ਪੁਰਜ਼ੋਰ ਬੇਨਤੀ ਕੀਤੀ ਹੈ। ਜਥੇਬੰਦੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਦੀ ਗੈਰਮੌਜੂਦਗੀ ਵਿੱਚ ਅੱਜ ਲੁਧਿਆਣਾ ਵਿਖੇ ਅਖਬਾਰੀ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਸ. ਹਰਿੰਦਰ ਸਿੰਘ ਖਾਲਸਾ, ਭਾਈ ਕੁਲਬੀਰ ਸਿੰਘ ਬੜਾ ਪਿੰਡ (ਦੋਵੇਂ ਕੌਮੀ ਪੰਚ), ਭਾਈ ਹਰਪਾਲ ਸਿੰਘ ਚੀਮਾ (ਸਕੱਤਰ ਜਨਰਲ), ਭਾਈ ਅਮਰੀਕ ਸਿੰਘ ਈਸੜੂ ਤੇ ਸ. ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਇਹ ਸਾਕਾ ਸੰਨ 1978 ਦੇ ਨਿਰੰਕਾਰੀ ਸਾਕੇ ਦਾ ਦਹੁਰਾਅ ਹੈ, ਪਰ ਹੁਣ ਬਾਦਲ ਸਰਕਾਰ ਨੇ ਇੰਨੀ ਤਰੱਕੀ ਜਰੂਰ ਹਾਸਿਲ ਕਰ ਲਈ ਹੈ ਕਿ ਇਸ ਵਾਰ ਗੁਰਦੋਖੀ ਡੇਰੇਦਾਰ ਦੀ ਜਗ੍ਹਾ ਸਰਕਾਰੀ ਪੁਲਿਸ ਵੱਲੋਂ ਸਿੰਘਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਜਥੇਬੰਦੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਪਿਛਲੇ ਤਕਰੀਬਨ ਤਿੰਨ ਮਹੀਨੇ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਨਜ਼ਰਬੰਦ ਹਨ।

ਨਾਰਵੇ ਦੇ ਰਾਜਦੂਤ ਰਹੇ ਅਤੇ ਸਾਬਕਾ ਲੋਕ ਸਭਾ ਮੈਂਬਰ ਸ. ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਲੁਧਿਆਣਾ ਕਾਂਡ ਦੌਰਾਨ ਪ੍ਰਸ਼ਾਸਨ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਰਾਜਸੀ ਦਬਾਅ ਕਾਰਨ ਸਮਾਜ ਦੇ ਵੱਡੇ ਹਿੱਸੇ ਵੱਲੋਂ ਆਸ਼ੂਤੋਸ਼ ਦੇ ਕੀਤੇ ਜਾ ਰਹੇ ਵਿਰੋਧ ਦੀ ਅਣਦੇਖੀ ਕਰਨ ਕਾਰਨ ਲੋਕ ਸੜਕਾਂ ਉੱਤੇ ਉਤਰਨ ਲਈ ਮਜਬੂਰ ਹੋਏ ਹਨ।

ਭਾਈ ਕੁਲਬੀਰ ਸਿੰਘ ਨੇ ਪ੍ਰੈਸ ਮਿਲਣੀ ਦੌਰਾਨ ਇਹ ਨੁਕਤਾ ਉਠਾਇਆ ਕਿ 5 ਦਸੰਬਰ ਨੂੰ ਸਿੱਧੀ ਗੋਲੀ ਚਲਾਉਣ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਦੂਸਰੇ ਵਿਕਲਪ ਵਰਤੇ ਹੀ ਨਹੀਂ ਗਏ। ਜੇਕਰ ਅਜਿਹਾ ਕੀਤਾ ਜਾਂਦਾ ਤਾਂ ਕੀਮਤੀ ਮਨੁੱਖੀ ਜਾਨਾਂ ਦਾ ਨੁਕਸਾਨ ਟਾਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਦਾ ਰਵੱਈਆ ਗੈਰ-ਕਦਰਤੀ ਸੀ ਤੇ ਪੁਲਿਸ ਵੱਲੋਂ ਨਿਹੱਥਿਆਂ, ਜਖਮੀਆਂ ਤੇ ਜਖਮੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਸਿੱਖਾਂ ਵੱਲੋਂ ਕੀਤੇ ਜਾਂਦੇ ਪ੍ਰਦਰਸ਼ਨ ਸ਼ਾਂਤਮਈ ਹੁੰਦੇ ਹਨ ਤੇ ਜੇਕਰ ਕਿਤੇ ਕੁਝ ਥੋੜੀ ਬਹੁਤ ਤੋੜ-ਭੰਨ ਹੋਈ ਵੀ ਹੈ ਤਾਂ ਇਸ ਪਿੱਛੇ ਪ੍ਰਸ਼ਾਸਨ ਵੱਲੋਂ ਪੈਦਾ ਕੀਤੀ ਗਈ ਭੜਕਾਹਟ ਇੱਕ ਵੱਡਾ ਕਾਰਨ ਹੈ।

ਭਾਈ ਹਰਪਾਲ ਸਿੰਘ ਚੀਮਾ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਏਕਤਾ ਅਤੇ ਇਤਫਾਕ ਬਣਾਈ ਰੱਖਣ ਲਈ ਕਿਹਾ ਹੈ। ਨੌਜਵਾਨ ਜਥੇਬੰਦੀਆਂ ਵੱਲੋਂ ਵੱਖਰੇ ਤੌਰ ਉੱਤੇ ਪ੍ਰੋਗਰਾਮ ਦਿੱਤੇ ਜਾਣ ਸਬੰਧੀ ਆਈਆਂ ਖਬਰਾਂ ਬਾਰੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਮਸਲਾ ਸਮੁੱਚੇ ਪੰਥ ਦਾ ਹੈ ਤੇ ਇਸ ਸਬੰਧੀ ਸਾਂਝੀ ਰਾਏ ਬਣਾਉਣ ਲਈ ਸੁਹਿਰਦ ਯਤਨ ਕੀਤੇ ਜਾਣਗੇ। ਉਨ੍ਹਾਂ ਦੁੱਖ ਜਾਹਿਰ ਕੀਤਾ ਕਿ ਕਈ ਵਾਰ ਅਗਵਾਈ ਕਰਨ ਵਾਲੇ ਆਗੂਆਂ ਵੱਲੋਂ ਉਸ ਸਿਰੜ ਦਾ ਮੁਜਾਹਿਰਾ ਨਹੀਂ ਕੀਤਾ ਜਾਂਦਾ ਜਿਸ ਦੀ ਉਨ੍ਹਾਂ ਤੋਂ ਆਸ ਕੀਤੀ ਜਾਂਦੀ ਹੈ, ਜਿਸ ਕਾਰਨ ਨੌਜਵਾਨਾਂ ਵਿੱਚ ਰੋਸ ਆਉਣਾ ਸੁਭਾਵਿਕ ਹੈ। ਨੌਜਵਾਨ ਜਥੇਬੰਦੀਆਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਸਿਰਫ ਸ਼ਹੀਦੀਆਂ ਦੇਣ ਨਾਲ ਹੀ ਸੰਘਰਸ਼ ਨਹੀਂ ਜਿੱਤੇ ਜਾਂਦੇ, ਇਸ ਲਈ ਘੋਖਵੀਂ ਰਣਨੀਤੀ, ਸਿਰੜ,  ਉਤਸ਼ਾਹ ਤੇ ਲਗਾਤਾਰਤਾ ਲਾਜਮੀ ਸ਼ਰਤਾਂ ਹੁੰਦੀਆਂ ਹਨ।

ਆਗੂਆਂ ਨੇ ਕਿਹਾ ਕਿ 12 ਦਸੰਬਰ ਨੂੰ ਚੌਂਕ ਮਹਿਤਾ ਵਿਖੇ ਹੋ ਰਹੀ ਇਕੱਤਰਤਾ ਵਿੱਚ ਸਾਂਝੀ ਕੌਮੀ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਪੰਚ ਪ੍ਰਧਾਨੀ ਦੀ ਇਹ ਕੋਸ਼ਿਸ਼ ਹੋਵੇਗੀ ਕਿ ਇਸ ਵਿੱਚ ਸਮੂਹ ਸਬੰਧਤ ਧਿਰਾਂ ਸ਼ਿਰਕਤ ਕਰਨ। ਦਲ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਤਖਤ ਸਹਿਬ ਦੇ ਜਥੇਦਾਰਾਂ ਵੱਲੋਂ ਅਜਿਹੇ ਗੰਭੀਰ ਮਸਲੇ ਬਾਰੇ ਧਾਰੇ ਬੇਲਾਗਗੀ ਵਾਲੇ ਵਤੀਰੇ ਦੀ ਵੀ ਵਜ਼ਾਹਤ ਕੀਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,