ਵਿਦੇਸ਼ » ਸਿੱਖ ਖਬਰਾਂ

ਅਮਰਿੰਦਰ ਦੇ ਹੁਕਮਾਂ ‘ਤੇ ‘ਸਿੱਖਸ ਫਾਰ ਜਸਟਿਸ’ ਦੇ ਪਨੂੰ ਅਤੇ 4 ਹੋਰਾਂ ‘ਤੇ ‘ਦੇਸ਼ਧ੍ਰੋਹ’ ਦਾ ਮੁਕੱਦਮਾ ਦਰਜ

July 7, 2017 | By

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਸਿੱਖ ਹੱਕਾਂ ਲਈ ਗੱਲ ਕਰਨ ਵਾਲੀ ਅਮਰੀਕਾ ਆਧਾਰਤ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਤੇ 4 ਹੋਰਾਂ ‘ਤੇ ‘ਦੇਸ਼ਧ੍ਰੋਹ’ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਦੀ ਕੈਨੇਡਾ ਫੇਰੀ ਨੂੰ ਰੁਕਵਾਉਣ ਲਈ ਸਿੱਖਸ ਫਾਰ ਜਸਟਿਸ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਸਿੱਖਸ ਫਾਰ ਜਸਟਿਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮਨੁੱਖੀ ਹੱਕਾਂ ਦੇ ਘਾਣ ‘ਚ ਭੂਮਿਕਾ ਨਿਭਾਉਣ ਦਾ ਮੁਕੱਦਮਾ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।

ਪੰਜਾਬ ਸਰਕਾਰ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਪੰਜਾਬ ਪੁਲਿਸ ਨੇ ਵੀਰਵਾਰ (6 ਜੁਲਾਈ) ਨੂੰ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ, ਅਮਰੀਕਾ ਸਥਿਤ ਦੋ ਸਿੱਖਾਂ ਅਤੇ ਪੰਜਾਬ ‘ਚ ਰਹਿਣ ਵਾਲੇ 2 ਲੋਕਾਂ ‘ਤੇ ਭਾਰਤ ਵਿਰੁੱਧ ਦੁਸ਼ਮਣੀ ਅਤੇ ਅਪਰਾਧਿਕ ਸਾਜ਼ਿਸ਼ ਦਾ ਪ੍ਰਚਾਰ ਕਰਨ ਲਈ ‘ਦੇਸ਼ਧ੍ਰੋਹ’ ਦਾ ਮੁਕੱਦਮਾ ਦਰਜ ਕੀਤਾ ਹੈ।

ਸਿੱਖਸ ਫਾਰ ਜਸਟਿਸ ਵਲੋਂ ਲਾਏ ਹੋਰਡਿੰਗਜ਼

ਸਿੱਖਸ ਫਾਰ ਜਸਟਿਸ ਵਲੋਂ ਲਾਏ ਹੋਰਡਿੰਗਜ਼

ਪੁਲਿਸ ਵਲੋਂ ਦਰਜ ਮੁਕੱਦਮੇ ‘ਚ ਗੁਰਪਤਵੰਤ ਸਿੰਘ ਪਨੂੰ, ਜਗਦੀਪ ਸਿੰਘ ਉਰਫ ਬਾਬਾ ਜਗ ਸਿੰਘ (ਜੋ ਕਿ ਪਹਿਲਾਂ ਫਤਿਹਗੜ੍ਹ ਸਾਹਿਬ ਰਹਿੰਦੇ ਸੀ ਹੁਣ ਨਿਊਯਾਰਕ ਰਹਿੰਦੇ ਹਨ), ਜਗਜੀਤ ਸਿੰਘ (ਜੋ ਕਿ ਪਹਿਲਾਂ ਜੰਮੂ ਕਸ਼ਮੀਰ ‘ਚ ਰਹਿੰਦੇ ਸੀ, ਹੁਣ ਨਿਊਯਾਰਕ ਰਹਿੰਦੇ ਹਨ), ਗੁਰਪ੍ਰੀਤ ਸਿੰਘ ਡੀ-39, ਫੇਸ-5, ਇੰਡਸਟ੍ਰੀਅਲ ਏਰੀਆ, ਮੋਹਾਲੀ ਅਤੇ ਹਰਪੁਨੀਤ ਸਿੰਘ ਨਾਨਕ ਨਗਰ, ਜੰਮੂ ਦੇ ਨਾਂ ਸ਼ਾਮਲ ਹਨ।

ਪੰਜਾਬ ਸਰਕਾਰ ਵਲੋਂ ਜਾਰੀ ਬਿਆਨ ‘ਚ ਅੱਗੇ ਕਿਹਾ ਗਿਆ ਕਿ “ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੂੰ ਕਾਰਵਾਈ ਲਈ ਹੁਕਮ ਦਿੱਤਾ ਸੀ।” ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੇ ਸਿੱਖਸ ਫਾਰ ਜਸਟਿਸ ਵਲੋਂ ਪੰਜਾਬ ‘ਚ ਰੈਫਰੈਂਡਮ 2020 ਦੇ ਹੋਰਡਿੰਗ ਲਾਉਣ ‘ਤੇ ਇਤਰਾਜ਼ ਕੀਤਾ ਸੀ।

ਸਬੰਧਤ ਖ਼ਬਰ:

‘ਸਿੱਖਸ ਫ਼ਾਰ ਜਸਟਿਸ’ ਵੱਲੋਂ ਲਾਏ ਹੋਰਡਿੰਗਜ਼ ਤੋਂ ਭਾਜਪਾ ਦੁਖੀ; ਬਡੂੰਗਰ ਨੂੰ ਕੀਤੀ ਦਖਲ ਦੇਣ ਦੀ ਮੰਗ …

ਸਰਕਾਰੀ ਬਿਆਨ ‘ਚ ਕਿਹਾ ਗਿਆ ਕਿ “ਕੈਪਟਨ ਅਮਰਿੰਦਰ ਸਿੰਘ ਜੋ ਕਿ ਪੰਜਾਬ ਦੇ ਗ੍ਰਹਿ ਮੰਤਰੀ ਵੀ ਹਨ, ਨੇ ਪੰਜਾਬ ਪੁਲਿਸ ਨੂੰ ਹੁਕਮ ਦਿੱਤਾ ਕਿ ਸਿੱਖਸ ਫਾਰ ਜਸਟਿਸ ਜਾਂ ਹੋਰ ਕੋਈ ਜਥੇਬੰਦੀ ਪੰਜਾਬ ‘ਚ ਅਜਿਹਾ ਮਾਹੌਲ ਬਣਾਉਂਦੀ ਹੈ ਜਿਸਦਾ ਕਿ ਪਾਕਿਸਤਾਨ ਦੀ ਆਈ.ਐਸ.ਆਈ. ਫਾਇਦਾ ਚੁੱਕ ਸਕੇ ਤਾਂ ਸਖਤ ਕਾਰਵਾਈ ਕੀਤੀ ਜਾਵੇ।”

ਪੰਜਾਬ ਸਰਕਾਰ ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਪੰਜਾਂ ਨੂੰ ਸਮਾਜ ‘ਚ ਭਾਈਚਾਰਾ ਖਰਾਬ ਕਰਨ, ਸ਼ਾਂਤੀ ਭੰਗ ਕਰਨ, ਵੱਖ-ਵੱਖ ਧਰਮਾਂ ਦੇ ਲੋਕਾਂ ‘ਚ ਦੁਸ਼ਮਣੀ ਪੈਦਾ ਕਰਨ ਆਦਿ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਗਿਆ ਹੈ।

ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ‘ਚ ਅੱਗੇ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਨੂੰ ਆਰਥਿਕ ਮਦਦ ਪਹੁੰਚਾਉਣ ਵਾਲੇ ਅਤੇ ਭਾਰਤੀ ਉਮ ਮਹਾਂਦੀਪ ‘ਚ ਇਨ੍ਹਾਂ ਦੇ ਸੰਪਰਕ ਸੂਤਰਾਂ ਦਾ ਪਤਾ ਲਾਇਆ ਜਾ ਸਕੇ।

ਪੁਲਿਸ ਨੇ ਅੱਗੇ ਦੋਸ਼ ਲਾਇਆ ਕਿ ‘ਸਿੱਖਸ ਫਾਰ ਜਸਟਿਸ’ (SFJ) ਜਥੇਬੰਦੀ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ‘ਚ ਗੜਬੜ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Sikhs For Jusitce Legal Advisor, 4 others books by Punjab police under sedition at Capt. Amarinder’s directions …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,