May 27, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਪੰਜਾਬ ਪੁਲਿਸ ਦਾ ਸਾਬਕਾ ਮੁਖੀ ਕੇ.ਪੀ.ਐਸ. ਗਿੱਲ ਨਿਰਦੋਸ਼ ਬੀਬੀਆਂ, ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਦਾ ਕਾਤਲ ਆਖਿਰ ਮਿੱਟੀ ਹੋ ਗਿਆ। ਜੰਗਲ ਰਾਜ ਅਤੇ ਦਿੱਲੀ ਦਰਬਾਰ ਦੇ ਹਮਾਇਤੀ ਉਸ ਵੱਲੋਂ ਕੀਤੀ ਪੰਜਾਬ ਅੰਦਰ ‘ਸੇਵਾ’ ਦੇ ਗੁਣ ਗਾ ਰਹੇ ਹਨ।
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਸਮਝਦੀ ਹੈ ਕਿ ਸੰਵਿਧਾਨ, ਕਾਨੂੰਨ, ਦੀਆਂ ਧੱਜੀਆਂ ਉਡਾ ਕੇ ਪੰਜਾਬ ਦੀ ਧਰਤੀ ਨੂੰ ਝੂਠੇ ਮੁਕਾਬਲਿਆਂ ਰਾਹੀਂ ਰੰਗਣ ਵਾਲੇ ਸ਼ਖਸ ਨੂੰ ਮਨੁੱਖ ਕਹਿਣਾ ਵੀ ਮਨੁੱਖਤਾ ਦਾ ਅਪਮਾਨ ਹੈ। ਪੰਜਾਬ ਅਤੇ ਭਾਰਤ ਦੇ ਹਾਕਮ ਉਸਦੀ “ਸੇਵਾ” ‘ਤੇ ਫਖਰ ਕਰ ਰਹੇ ਹਨ। ਇਹ ਸੇਵਾ ਸੀ ਉਸ ਵੱਲੋਂ ਬੀਬੀ ਰੂਪਨ ਦਿਓਲ ਬਜਾਜ ਦੀ ਇੱਜਤ ਨੂੰ ਹੱਥ ਪਾਉਣ ਦੀ ਅਤੇ ਇਹ ਸੇਵਾ ਬਦਲੇ ਸੁਪਰੀਮ ਕੋਰਟ ਨੇ ਗਿੱਲ ਨੂੰ ਚਰਿੱਤਰਹੀਣ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਗਿੱਲ ਨੂੰ ਸ਼ਰਧਾਜਲੀ ਦੇ ਰਹੀ ਹੈ ਕਿਉਂਕਿ ਅਨੋਖ ਸਿੰਘ ਉੱਬੋਕੇ ਸਮੇਤ ਜੋ 21 ਨੌਜਵਾਨ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਾਏ ਸਨ ਉਹ ਗਿੱਲ ਦੇ ਰਾਜਕਾਲ ਦੌਰਾਨ 27 ਦਸੰਬਰ 1992 ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਗਿੱਲ ਨੂੰ ਗੁਲਦਸਤੇ ਪੇਸ਼ ਕਰਨ ਵਾਲਾ ਕੈਪਟਨ ਲੋਕਾਂ ਦਾ ਮਹਾਰਾਜਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਵਰਣ ਆਸ਼ਰਮ ਵਿਚਾਰਧਾਰਾ ਦੇ ਪੈਰੋਕਾਰ ਇਸ ਕਰਕੇ ਗਿੱਲ ਦਾ ਗੁਣਗਾਣ ਕਰ ਰਹੇ ਹਨ ਕਿਉਂਕਿ ਉਸਨੇ ਗੁਰੂ ਸਾਹਿਬਾਨਾਂ ਦੇ ਸੇਧ ਦੇ ਪਹਿਰੇਦਾਰਾਂ 25 ਹਜ਼ਾਰ ਤੋਂ ੳੁੱਪਰ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਖਤਮ ਕੀਤਾ ਸੀ। ਪਾਪੀ ਦੀ ਸ਼ਲਾਘਾ ਹੋ ਰਹੀ ਹੈ ਧੀਆਂ ਭੈਣਾਂ ਦੀ ਥਾਣਿਆਂ ਅੰਦਰ ਬੇਪਤੀ ਕਰਕੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਵੀ ਵਾਰਸਾਂ ਨੂੰ ਨਹੀਂ ਦਿੱਤੀਆਂ। ਮਨੁੱਖਤਾਂ ਦੇ ਕਾਤਲ ਨੂੰ ਹੀਰੋ ਦੱਸਿਆ ਜਾ ਰਿਹਾ ਹੈ, ਭਾਈ ਜਸਵੰਤ ਸਿੰਘ ਖਾਲੜਾ, ਭਾਈ ਗੁਰਦੇਵ ਸਿੰਘ ਕਾਉਂਕੇ, ਕੁਲਵੰਤ ਸਿੰਘ ਐਡਵੋਕੇਟ ਦੀ ਪਤਨੀ ਅਤੇ ਬੱਚੇ ਸਮੇਤ ਕਤਲ ਕਰਨ ਕਰਕੇ, ਕਿੱਲੀ ਬੋਦਲਾਂ ਕਾਂਡ, ਜਟਾਣਾ ਕਾਂਡ, ਬਹਿਲਾਂ ਗੋਲੀ ਕਾਂਡ ਵਰਗੇ ਹਜ਼ਾਰਾਂ ਕਾਂਡ ਵਰਤਾਉਣ ਕਰਕੇ।
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਜਾਰੀ ਪ੍ਰੈਸ ਬਿਆਨ ‘ਚ ਕਿਹਾ ਕਿ ਜੰਗਲ ਰਾਜ ਦੇ ਹਮਾਇਤੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੋਂ ਬਾਅਦ ਝੂਠੇ ਮੁਕਾਬਲਿਆਂ ਦੀ ਸੁਣਵਾਈ ਸੁਪਰੀਮ ਕੌਰਟ ਕਰ ਰਹੀ ਸੀ ਤਾਂ ਸੁਪਰੀਮ ਕੋਰਟ ਦੇ ਜੱਜਾਂ ਕੁਲਦੀਪ ਸਿੰਘ ਅਤੇ ਸਗੀਰ ਅਹਿਮਦ ਨੇ ਕਿਹਾ ਸੀ ਕਿ ਜੇਕਰ ਖਾਲੜੇ ਦੇ ਬਿਆਨ ਵਿੱਚ ਥੋੜ੍ਹੀ ਵੀ ਸੱਚਾਈ ਹੈ ਤਾਂ ਇਹ ਨਸਲਕੁਸ਼ੀ ਤੋਂ ਵੀ ਭੈੜਾ ਕਾਰਾ ਹੈ। ਤਿੰਨ ਸ਼ਮਸ਼ਾਨ ਘਾਟਾਂ ਦੀ ਪੜਤਾਲ ਜਦੋਂ ਸੀ.ਬੀ.ਆਈ. ਨੇ ਕੀਤੀ ਤਾਂ ‘ਪਿੰਜਰੇ ਦਾ ਤੋਤਾ’ ਬਣਦਿਆਂ ਭਾਂਵੇਂ 2097 ਲਾਸ਼ਾਂ ਸ਼ਮਸ਼ਾਨ ਘਾਟ ਵਿੱਚ ਸਾੜੇ ਜਾਣ ਦੀ ਪੁਸ਼ਟੀ ਕੀਤੀ ਪਰ ਪੜਤਾਲ ਦਾ ਕੰਮ ਰਸਤੇ ਵਿੱਚ ਹੀ ਦਮ ਤੋੜ ਗਿਆ। ਅੱਜ ਵੀ ਤਿੰਨ ਸ਼ਮਸ਼ਾਨ ਘਾਟਾਂ ਵਿੱਚ 532 ਲਾਸ਼ਾਂ ਦੀ ਪੜਤਾਲ ਨਹੀਂ ਹੋ ਸਕਦੀ ਅਤੇ ਨਾਂ ਹੀ ਗਿੱਲ ਵਰਗੇ ਦੋਸ਼ੀ ਕਟਿਹਰੇ ਵਿੱਚ ਖੜੇ ਨਹੀਂ ਕੀਤੇ ਜਾ ਸਕੇ।
ਭਾਈ ਖਾਲੜਾ ਨੇ 42 ਸਾਲਾਂ ਜੀਵਨ ਵਿੱਚ ਗੁਰੂ ਸਾਹਿਾਬਨਾਂ ਦੀ ਵਿਚਾਰਧਾਰਾ ਦੀ ਪਹਿਰੇਦਾਰੀ ਕੀਤੀ ਉਨ੍ਹਾਂ ਜ਼ਾਲਮਾਂ, ਲੁਟੇਰਿਆਂ ਨੂੰ ਵੰਗਾਰਿਆ ਅਤੇ ਨਿਮਾਣਿਆਂ, ਨਿਤਾਣਿਆਂ ਦਾ ਸੰਗ ਕੀਤਾ। ਪਰ ਦੁਸ਼ਟ ਗਿੱਲ ਨੇ ਕੁਫਰ ਦੀ ਪਹਿਰੇਦਾਰੀ ਕਰਦਿਆਂ ਦਿੱਲੀ ਦੇ ਕੁਹਾੜੇ ਦਾ ਦਸਤਾ ਬਣਨਾ ਕਬੂਲ ਕੀਤਾ। 82 ਸਾਲਾਂ ਜੀਵਨ ਵਿੱਚ ਉਸਨੇ ਨਿਰਦੋਸ਼ਾਂ ਦਾ ਕਤਲੇਆਮ ਕਰਕੇ ਲਾਹਨਤਾ ਖੱਟੀਆਂ। ਦੇਸ਼ ਦੇ ਹਾਕਮਾਂ ਅਤੇ ਕਾਨੂੰਨ ਨੇ ਜੰਗਲ ਰਾਜ ਦਾ ਪੱਖ ਪੂਰਿਆ ਹੈ ਅਤੇ ਝੂਠੇ ਮੁਕਾਬਲਿਆਂ ਦੇ ਗੁਨਾਹਗਾਰਾਂ ਨੂੰ ਕਟਿਹਰੇ ਵਿੱਚ ਖੜ੍ਹਾ ਨਹੀਂ ਕੀਤਾ। ਨਕਲੀ ਰੱਖਿਆ ਮਾਹਰ ਗਿੱਲ ਵੱਲੋਂ ਪੰਜਾਬ ਅੰਦਰ ਘਰਾਂ ਦੇ ਘਰ ਖਾਲੀ ਕਰਨ ਦੇ ਜ਼ੁਲਮੀ ਕਾਰਿਆਂ ਦੀ ਸ਼ਲਾਘਾ ਕਰਦਿਆਂ ਕਸ਼ਮੀਰ ਵਿੱਚ ਵੀ ਇਹੋ ਨੀਤੀ ਅਪਨਾਉਣ ਦੀਆਂ ਸਲਾਹਾਂ ਦੇ ਰਹੇ ਹਨ।
ਗਿੱਲ ਦੇ ਪਾਪਾਂ ਨੇ ਜ਼ਿੰਦਗੀ ਦੇ ਆਖਰੀ ਸਮੇਂ ਕੰਬਣੀ ਛੇੜੀ ਅਤੇ ਉਸਨੂੰ ਪਤਨੀ ਦੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ ਸੀ ਅਤੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਹੈ। ਇਹ ਦੁਸ਼ਟ ਭੁੱਲ ਗਿਆ ਕਿ ਸਿੱਖ ਗੁਰੂ ਸਾਹਿਬਾਨਾਂ ਦੀ ਸੇਧ ‘ਤੇ ਜਿਉਂਦਾ ਹੈ ਉਹ ਨਿਰਦੋਸ਼ਾਂ ‘ਤੇ ਵਾਰ ਨਹੀਂ ਕਰਦਾ। ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦਾ ਪ੍ਰਣਾਮ ਉਨ੍ਹਾਂ ਸ਼ਹੀਦਾਂ ਨੂੰ ਜੋ ਜੰਗਲ ਰਾਜ ਦੀ ਭੇਂਟ ਚੜ੍ਹ ਗਏ ਅਤੇ ਉਨ੍ਹਾਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਂਦੀ ਹੈ ਜੋ ਜੇਲ੍ਹਾਂ ਵਿੱਚ ਬੰਦ ਹਨ ਜੋ ਦੇਸ਼ਾਂ-ਵਿਦੇਸ਼ਾਂ ਵਿੱਚ ਗੁਰੂ ਸਾਹਿਬਾਨਾਂ ਦੀ ਸੇਧ ਦੀ ਪਹਿਰੇਦਾਰੀ ਕਰ ਰਹੇ ਹਨ।
ਸਬੰਧਰ ਖ਼ਬਰ:
ਕੈਪਟਨ ਅਮਰਿੰਦਰ ਨੇ ਕੇ.ਪੀ.ਐਸ. ਗਿੱਲ ਲਈ ਮਹਿੰਗੀ ਐਂਬੂਲੈਂਸਾਂ ਅਤੇ ਡਾਕਟਰਾਂ ਦਾ ਇੰਤਜ਼ਾਮ ਕੀਤਾ …
Related Topics: Captain Amrinder Singh Government, Human Rights Violation in India, Human Rights Violation in Punjab, Khalistan Movement, Khalra Mission Organization, KPS Gill, Punjab Police, Shaheed Jaswant Singh Khalra