May 27, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਬੀਬੀ ਮਨਜੀਤ ਕੌਰ ਭਾਓਵਾਲ ਰੋਪੜ ਜਿਨ੍ਹਾਂ ਵੱਲੋਂ ਬੀਤੇ ਦਿਨ ਪੰਜਾਬੀ ਦੇ ਅਖ਼ਬਾਰ ਵਿਚ ਖ਼ਬਰ ਪ੍ਰਕਾਸ਼ਿਤ ਕਰਵਾਈ ਹੈ ਕਿ ਖਾੜਕੂਵਾਦ ਸਮੇਂ ਦੌਰਾਨ ਪੁਲਿਸ ਵੱਲੋਂ ਉਨ੍ਹਾਂ ਦੇ ਦੋ ਪੁੱਤਰ ਗੁਰਦੀਪ ਸਿੰਘ ਉਰਫ਼ ਗੋਪੀ ਅਤੇ ਨਿਰਵੈਲ ਸਿੰਘ ਉਰਫ਼ ਨੰਦੂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਤੇ ਹੁਣ ਉਨ੍ਹਾਂ ਦੀ ਜ਼ਮੀਨ ਜਾਇਦਾਦ ਹੜੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਖ਼ਬਰ ਪ੍ਰਕਾਸ਼ਤ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਇਸ ਪਰਿਵਾਰ ਦੀ ਸਹਾਇਤਾ ਵਾਸਤੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਇਸ ਕਮੇਟੀ ਵਿਚ ਹਲਕਾ ਮੈਂਬਰ ਸ਼੍ਰੋਮਣੀ ਕਮੇਟੀ ਪਰਮਜੀਤ ਸਿੰਘ ਲੱਖੋਵਾਲ, ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਇਸ ਕਮੇਟੀ ਦਾ ਕੋਆਰਡੀਨੇਟਰ ਜਸਬੀਰ ਸਿੰਘ ਮੈਨੇਜਰ ਭੱਠਾ ਸਾਹਿਬ ਰੋਪੜ ਨੂੰ ਲਗਾਇਆ ਗਿਆ ਹੈ ਜੋ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਰਿਪੋਰਟ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸੌਂਪਣਗੇ।
ਇਸ ਮੌਕੇ ਇਕ ਹੋਰ ਜਾਂਚ ਕਮੇਟੀ ਬਣਾਉਂਦਿਆਂ ਪ੍ਰੋ. ਬਡੂੰਗਰ ਨੇ ਰਾਜਸਥਾਨ ਦੇ ਜ਼ਿਲ੍ਹਾ ਅਜਮੇਰ ਦੇ ਪਿੰਡ ਚੈਨਪੁਰਾ ਵਿਖੇ ਚਾਰ ਸਿੱਖਾਂ ਦੀ ਉਥੋਂ ਦੇ ਸਥਾਨਕ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਸੋਸ਼ਲ ਮੀਡੀਆ ‘ਚ ਵਾਇਰਲ ਹੋਈ ਵੀਡੀਓ ਦਾ ਨੋਟਿਸ ਲੈਂਦਿਆ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾਂ ਰਾਜੇ ਸਿੰਧੀਆਂ ਨੂੰ ਸ਼ੁੱਕਰਵਾਰ ਨੂੰ ਪੱਤਰ ਲਿਖ ਕੇ ਜਿਥੇ ਸਿੱਖਾਂ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਲਈ ਮੰਗ ਕੀਤੀ। ਚਾਰ ਸਿੱਖਾਂ ਦੀ ਕੁੱਟਮਾਰ ਦੀ ਸਮੁੱਚੀ ਜਾਂਚ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਜਿਨ੍ਹਾਂ ਵਿਚ ਸੁਰਜੀਤ ਸਿੰਘ ਕੰਗ ਮੈਂਬਰ ਸ਼੍ਰੋਮਣੀ ਕਮੇਟੀ, ਬਿਜੈ ਸਿੰਘ ਐਡੀ: ਸਕੱਤਰ ਅਤੇ ਹਰਪ੍ਰੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਬੁੱਢਾ ਜੌਹਲ ਰਾਜਸਥਾਨ ਦੇ ਨਾਮ ਸ਼ਾਮਲ ਹਨ।
Related Topics: Khalistan Movement, Prof. Kirpal Singh Badunger, Shiromani Gurdwara Parbandhak Committee (SGPC)