May 27, 2017 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਨੂੰਨੀ ਲੜਾਈ ਲੜ ਰਹੇ, ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਅੱਜ ਅਕਾਲ ਤਖਤ ਸਾਹਿਬ ਦੀ ਅਜ਼ਾਦ ਹਸਤੀ ਬਹਾਲ ਕਰਾਉਣ ਲਈ ਅਰਦਾਸ ਕੀਤੀ।
ਸ਼ੁੱਕਰਵਾਰ (26 ਮਈ) ਇੱਕ ਘੰਟਾ ਸੰਗਤਾਂ ਦੇ ਜੋੜੇ ਸਾਫ ਕਰਨ, ਲੰਗਰ ਵਿੱਚ ਬਰਤਨ ਸਾਫ ਕਰਨ ਅਤੇ ਇੱਕ ਘੰਟਾ ਦਰਬਾਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਸਰਵਣ ਕਰਨ ਉਪਰੰਤ ਝੀਂਡਾ ਨੇ ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਸਫੀਦੋਂ ਹਰਿਆਣਾ ਦੇ 21 ਨਿਹੰਗ ਸਿੰਘਾਂ ਸਹਿਤ ਅਕਾਲ ਤਖਤ ਸਾਹਿਬ ਦੇ ਸਨਮੁੱਖ ਅਰਦਾਸ ਬੇਨਤੀ ਕੀਤੀ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਝੀਂਡਾ ਨੇ ਕਿਹਾ ਕਿ ਕੌਮ ਦੇ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਬਾਦਲ ਪ੍ਰੀਵਾਰ ਵਲੋਂ ਜਿਸ ਤਰ੍ਹਾਂ ਨਿੱਜੀ ਹਿੱਤਾਂ ਲਈ ਵਰਤਿਆ ਗਿਆ ਹੈ ਉਸ ਨਾਲ ਤਖਤ ਸਾਹਿਬ ਦੇ ਨਾਲ ਹੀ ਜਥੇਦਾਰਾਂ ਦੇ ਮਾਣ ਸਤਿਕਾਰ ਨੂੰ ਵੀ ਢਾਹ ਵੱਜੀ ਹੈ।
ਉਨ੍ਹਾਂ ਕਿਹਾ ਕਿ ਨਿੱਜੀ ਸੁਆਰਥਾਂ ਲਈ ਜਥੇਦਾਰਾਂ ਪਾਸੋਂ ਸਿਆਸੀ ਵਿਰੋਧੀਆਂ ਖਿਲਾਫ ਹੁਕਮਨਾਮੇ ਜਾਰੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜੋ ਵੀ ਸਿੱਖ ਕਦੇ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਬੋਲਦਾ ਸੀ ਉਹ ਕੌਮ ਦਾ ਗਦਾਰ ਮੰਨਿਆ ਜਾਂਦਾ ਸੀ ਪਰ ਬਾਦਲਾਂ ਨੇ ਜਥੇਦਾਰਾਂ ਦੀ ਨਿੱਜੀ ਤੇ ਸੌੜੇ ਸਵਾਰਥ ਲਈ ਵਰਤੋਂ ਕਰਕੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਜੋ ਸਿੱਖ ਹੁਣ ਇਨ੍ਹਾਂ ਜਥੇਦਾਰਾਂ ਖਿਲਾਫ ਨਾ ਬੋਲੇ ਕੌਮ ਉਸਨੂੰ ਗਦਾਰ ਮੰਨਦੀ ਹੈ। ਝੀਂਡਾ ਨੇ ਕਿਹਾ ਕਿ ਜਥੇਦਾਰਾਂ ਦੇ ਸੇਵਾ ਨਿਯਮ ਤੈਅ ਕਰਨ ਲਈ ਅਕਾਲ ਤਖਤ ਸਾਹਿਬ ਦਾ ਹੀ ਆਦੇਸ਼ ਹੈ ਪਰ ਸ਼੍ਰੋਮਣੀ ਕਮੇਟੀ ਨੇ 17 ਸਾਲ ਬੀਤ ਜਾਣ ਤੇ ਵੀ ਕੁਝ ਨਹੀਂ ਕੀਤਾ ਜਿਸ ਕਾਰਣ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਦੇ ਨਾਲ ਹੀ ਕਾਰਜਖੇਤਰ ਅਤੇ ਲਏ ਫੈਸਲੇ ਵਿਵਾਦਾਂ ਵਿੱਚ ਘਿਰੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇੱਕ ਪੱਤਰ ਲਿਖਕੇ ਇਕ ਮਹੀਨੇ ਦਾ ਸਮਾਂ ਦੇਣਗੇ ਕਿ ਪ੍ਰਧਾਨ ਜੀ ਕਮੇਟੀ ਦਾ ਜਨਰਲ ਹਾਉਸ ਬੁਲਾਕੇ ਜਥੇਦਾਰਾਂ ਬਾਰੇ ਸਫੈਦ ਪੱਤਰ ਜਾਰੀ ਕਰੇ ਅਤੇ ਸੇਵਾ ਨਿਯਮ ਤਿਆਰ ਕਰਨ ਬਾਰੇ ਪੱਖ ਰੱਖੇ।
ਸਬੰਧਤ ਖ਼ਬਰ:
ਗੈਰਰਵਾਇਤੀ ਢੰਗ ਨਾਲ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਹਰਿਆਣਾ ਦੇ ਸਿੱਖ ਆਗੂਆਂ ਨੂੰ ਪੰਥ ‘ਚੋ ਛੇਕਿਆ …
ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਮੈਂਬਰਾਨ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਨਗੇ ਤੇ ਇਹ ਪਹਿਲ ਹਰਿਆਣਾ ਤੋਂ ਕਮੇਟੀ ਮੈਂਬਰ ਤੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕੈਮਪੁਰ ਦੇ ਅਸਤੀਫੇ ਨਾਲ ਹੋਵੇਗੀ। ਝੀਂਡਾ ਨੇ ਪੰਜਾਬ ਦੇ ਸੂਝਵਾਨ ਸਿੱਖਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਤਖਤਾਂ ਦੇ ਅਦਬ ਸਤਿਕਾਰ, ਸਿਧਾਂਤਾਂ ਤੇ ਮਾਣ ਮਰਿਆਦਾ ਬਹਾਲ ਕਰਨ ਲਈ ਅੱਗੇ ਆਉਣ। ਇੱਕ ਸਵਾਲ ਦੇ ਜਵਾਬ ਵਿੱਚ ਝੀਂਡਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਸਿੱਖ ਸੰਗਤ ਦੁਆਰਾ ਚੁਣੇ ਜਾਂਦੇ ਹਨ ਤੇ ਸੰਗਤ ਨੂੰ ਪੂਰਾ ਅਧਿਕਾਰ ਹੈ ਕਿ ਉਹ ਮੈਂਬਰਾਨ ਦੀ ਜਵਾਬਦੇਹੀ ਕਰ ਸਕੇ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਹਰਵੇਲ ਸਿੰਘ, ਪੂਰਨ ਸਿੰਘ ਅਸੰਧ, ਇਕਬਾਲ ਸਿੰਘ ਪਾਣੀਪਤ, ਹਰਬੰਸ ਸਿੰਘ, ਗੁਰਨਾਮ ਸਿੰਘ ਬਲੋਨਾ ਆਦਿ ਹਾਜ਼ਰ ਸਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
HSGMC Chief Jagdish Singh Jhinda Asks SGPC To Lay Down Polices For Jathedars …
Related Topics: HSGPC, Jagdish Singh Jhinda