ਪੱਤਰ

ਗੁਰਦਾਸ ਮਾਨ ਮਨੋਂ ਲਹਿ ਗਿਆ, (ਨਵੇਂ ਗੀਤ ਬਾਰੇ ਇਕ ਸਰੋਤੇ ਦੇ ਵਿਚਾਰ)

April 22, 2011 | By

ਦੇਵਰੂਪ ਸਿੰਘ ਸੰਧੂ ਵੱਲੋਂ ਗੁਰਦਾਸ ਮਾਨ ਦੇ ਨਵੇਂ ਗੀਤ ਬਾਰੇ ਗਹਿਰ ਗੰਭੀਰ ਟਿੱਪਣੀਆਂ “ਫੇਸਬੁੱਕ” ਨਾਮੀ ਸਮਾਜਕ ਸੰਪਰਕ ਦੀ ਵੈਬਸਾਈਟ ਉੱਤੇ ਕੀਤੀਆਂ ਗਈਆਂ ਹਨ, ਜੋ ਪਾਠਕਾਂ ਦੇ ਧਿਆਨ ਹਿੱਤ ਇਥੇ ਮੁੜ ਛਾਪ ਰਹੇ ਹਾਂ: ਸੰਪਾਦਕ।

Gurdas Mannਸਹਿਜ ਸੁਭਾਹ ਧਿਆਨ ਗੁਰਦਾਸ ਮਾਨ ਦੀ ਨਵੀਂ ਐਲਬਮ ਵਿਚਲੇ ਕੁਝ ਗੀਤਾਂ ਤੇ ਚਲਾ ਗਿਆ ! ਪਹਿਲਾਂ ਪਹਿਲ ਤਾਂ ਮੈਂ ਏਨਾ ਗੌਰ ਨਹੀਂ ਕੀਤਾ ਪਰ ਜਿਓਂ ਜਿਓਂ ਸੁਣੀ ਗਿਆ ਓਨਾ ਹੀ ਮਨ ਭਰੀ ਗਿਆ ! ਗੁਰਦਾਸ ਮਾਨ ਦੀ ਏਸ ਨਵੀਂ ਐਲਬਮ ਚ ਗੀਤ ਸੁਣਿਆ ਕਿ “ਸਾਡੀ ਕਿਥੇ ਲੱਗੀ ਐ ਤੇ ਲੱਗੀ ਰਹਿਣ ਦੇ”…ਸਚ ਮੰਨਿਓ ਕਿ ਸੁਣ ਕੇ ਸਿਰ ਚਕਰਾ ਗਿਆ ! ਸਾਡੀ ਮਾਂ ਬੋਲੀ ਦੇ ਏਸ ਮਾਣ ਨੇਂ ਤਾਂ ਹੱਦਾਂ ਬੰਨੇਂ ਹੀ ਟੱਪ ਦਿੱਤੇ ਏਸ ਗੀਤ ਵਿਚ ..ਧਿਆਨ ਨਾਲ ਸੁਣਨ ਤੇ ਸਪਸ਼ਟ ਪਤਾ ਲੱਗਦਾ ਹੈ ਕਿ ਲਿਖਣ ਵਾਲੇ ਨੇਂ ਸ਼ਰੇਆਮ ਓਹਨਾ ਸਿਖਾਂ ਤੇ ਚੋਟ ਮਾਰੀ ਹੈ ਜਿਹੜੇ ਡੇਰਾਵਾਦ ਅਤੇ ਵਹਿਮਾਂ=ਭਰਮਾਂ ਵਿਚ ਫਸੇ ਲੋਕਾਂ ਨੂੰ ਸਵਾਲ ਕਰਦੇ ਹਨ ! ਬੱਸ ਏਨਾਂ ਹੀ ਨਹੀਂ ,ਮਾਨ ਸਾਹਬ ਨੇਂ ਸਿਖੀ ਸਿਧਾਂਤਾਂ ਤੇ ਵੀ ਸੱਟ ਮਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ !

ਮੈਂ ਏਸ ਤੋਂ ਅੱਗੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਇਹ ਜ਼ਰੂਰ ਸਪਸ਼ਟ ਕਰਨਾ ਚਾਹਾਂਗਾ ਕਿ ਮੈਂ ਨਿੱਜੀ ਤੌਰ ਤੇ ਅੱਜ ਤੱਕ ਕਦੇ ਵੀ ਗੁਰਦਾਸ ਮਾਨ ਦਾ ਨਾਮ ਬਿਨਾਂ ‘ਸਾਹਬ’ ਲਾਏ ਨਹੀਂ ਲਿਆ ! ਹਰ ਪੰਜਾਬੀ ਵਾਂਗ ਮੈਂ ਵੀ ਕਾਇਲ ਰਿਹਾ ਹਾਂ ‘ਛੱਲਾ’ ਗਾਉਣ ਵਾਲੇ ‘ਮਰਜਾਣੇ ਮਾਨ’ ਦਾ ! ਚੰਡੀਗੜ ਤੋਂ ਲੈ ਕੇ ਮੈਲਬੌਰਨ ਤੱਕ ਜਿਥੇ ਵੀ ਵੱਸ ਚੱਲਿਆ ਗੁਰਦਾਸ ਮਾਨ ਦਾ ਹਰ ਲਾਈਵ ਸ਼ੋ ਦੇਖਿਆ ਹੈ ! ਮਾਇਆ ਅਤੇ ਸਮੇਂ ਦੀ ਪਰਵਾਹ ਕੀਤੇ ਬਗੈਰ ! ਹਰ ਆਮ ਪੰਜਾਬੀ ਵਾਂਗਰਾਂ ! ਪਰ ਇਸ ਐਲਬਮ ਵਿਚਲੇ ਭੰਡੀ ਪ੍ਰਚਾਰ ਤੋਂ ਬਾਅਦ ਮੈਂ ਕਦੇ ਵੀ ‘ਮਾਨ ਸਾਅਬ’ ਲਫਜ਼ ਦੀ ਵਰਤੋਂ ਨਹੀਂ ਕਰ ਸਕਾਂਗਾ !

⊕ ਇਹ ਵੀ ਪੜ੍ਹੋ – ਪੰਜਾਬੀ-ਹਿੰਦੀ ਮਾਮਲਾ: ਜਜ਼ਬਾਤੀ ਪ੍ਰਗਟਾਵੇ ਹੋ ਰਹੇ ਹਨ ਪਰ ਸੰਜੀਦਾ ਤੇ ਨੀਤੀ ਪੱਧਰ ਦੇ ਵਿਚਾਰਾਂ ਦੀ ਘਾਟ ਹੈ

ਗੱਲ ਸ਼ੁਰੂ ਹੁੰਦੀ ਹੈ ਏਸ ਐਲਬਮ ਵਿਚਲੇ ਗੀਤ ‘ਸਾਡੀ ਜਿਥੇ ਲੱਗੀ ਐ ਤੇ ਅੱਗੀ ਰਹਿਣ ਦੇ’ ਤੋਂ ! ਏਸ ਗੀਤ ਵਿਚ ਸਰਕਾਰ ਨੇਂ ਏਥੋਂ ਤੱਕ ਕਹਿ ਦਿੱਤੈ ਕਿ “ਬਾਬਿਆਂ ਦੇ ਜਾਨੇਂ ਆਂ ਤੇ ਮਾਂਈਆਂ ਦੇ ਵੀ ਜਾਨੇਂ ਆਂ ..ਤੇਰੀ ਹਉਮੈ ਵੱਡੀ ਐ ਤੇ ਵੱਡੀ ਰਹਿਣ ਦੇ ” ! ਗੌਰਤਲਬ ਹੈ ਕਿ ਇਥੇ ਇਹ ਤੁਕਾਂ ਉਹਨਾ ਸਿਖਾਂ ਨੂੰ ਜਵਾਬ ਹਨ ਜਿਹੜੇ ਗੁਰਦਾਸ ਮਾਨ ਨੂੰ ਡੇਰਿਆਂ ਤੇ ਜਾਣ ਬਾਬਤ ਸਵਾਲ ਪੁਛਦੇ ਹਨ ! ਡੇਰਾਵਾਦ ਦਾ ਵਿਰੋਧ ਕਰਨ ਵਾਲਿਆਂ ਨੂੰ ਮਾਨ ਨੇਂ ਹਉਮੈਵਾਦੀ ਗਰਦਾਨ ਦਿੱਤੈ ! ਪਰ ਭਲਿਆ-ਮਾਣਸਾ, ਕੀ ਕੋਈ ਜਿਗਿਅਸੂ ਇਹ ਵੀ ਨਹੀਂ ਪੁਛ ਸਕਦਾ ਕਿ ਆਪ ਜੀ ਸਿਖ ਪਰਿਵਾਰ ਨਾਲ ਸੰਭਦਿਤ ਹੋਣ ਦੇ ਬਾਵਜੂਦ ਇਹਨਾ ਡੇਰਿਆਂ ਤੇ ਮਥੇ ਕਿਓਂ ਰਗੜਦੇ ਫਿਰਦੇ ਓ ? ਤਰਕ ਨਾਲ ਸਵਾਲ ਪੁਛਣਾ ਵੀ ਗੁਨਾਹ ਹੋ ਗਿਆ ?

⊕ ਇਹ ਵੀ ਪੜ੍ਹੋ – ਪੰਜਾਬੀ-ਹਿੰਦੀ ਮਾਮਲਾ: ਜਜ਼ਬਾਤੀ ਪ੍ਰਗਟਾਵੇ ਹੋ ਰਹੇ ਹਨ ਪਰ ਸੰਜੀਦਾ ਤੇ ਨੀਤੀ ਪੱਧਰ ਦੇ ਵਿਚਾਰਾਂ ਦੀ ਘਾਟ ਹੈ

ਓਸ ਤੋਂ ਬਾਅਦ ਮਾਨ ਨੇਂ ਬੇਹੁਰਮਤੀ ਕੀਤੀ ਹੈ ਗੁਰੂ ਨਾਨਕ ਸਾਹਬ ਦੇ ਤੇਰਾਂ-ਤੇਰਾਂ ਤੋਲਣ ਦੇ ਸੰਕਲਪ ਦੀ ! ਅਖੇ “ਤੇਰਾ ਦੂਣਾ ਛੱਬੀ ਐ ਤਾਂ ਛੱਬੀ ਰਹਿਣ ਦੇ” ! ਮੈਂ ਕਹਿਨਾ ਹਾਂ ਕੀ ਹੱਕ ਹੈ ਕਿਸੇ ਨੂੰ ਏਹੋ ਜਿਹੀਆਂ ਗੱਲਾਂ ਆਪਣੇ ਗੀਤਾਂ ਚ ਗਾਉਣ ਦਾ ? ਕੀ ਇਹ ਸ਼ਰੇਆਮ ਟਿਚਰ ਨਹੀਂ, ਇੱਕ ਫਿਰਕੇ ਦੇ ਲੋਕਾਂ ਨੂੰ ? (ਅਖਬਾਰੀ ਭਾਸ਼ਾ ਵਿਚ ) ਇੰਨਾਂ ਹੀ ਨਹੀਂ ..ਅੱਗੇ ਕੁਝ ਸਤਰਾਂ ਆਉਂਦੀਆਂ ਹਨ ਕਿ ” ਗੁਰੂ ਵਿਚ ਰਹਿਨੇ ਹਾਂ ਕਿ ਗਰੂਰ ਵਿਚ ਰਹਿਨੇ ਹਾਂ ..ਫਤਿਹ ਵਿਚ ਰਹਿਨੇ ਕਿ ਫਤੂਰ ਵਿਚ ਰਹਿਨੇ ਹਾਂ” ! ਆਪਣੇ ਆਪ ਨੂੰ ਗੁਰੂ ਲੇਵਾ ਮੰਨਣ ਵਾਲੇ ਸਿਖਾਂ ਦੀਆਂ ਭਾਵਨਾਵਾਂ ਨੂੰ ਗ਼ਰੂਰ ਕਹਿਣਾ, ਚੜਦੀ ਕਲਾ ਅਤੇ ਹਰ ਮੈਦਾਨ ਫਤਿਹ ਜਿਹੇ ਸੰਕਲਪ ਨਾਲ ਜੀਣ ਵਾਲਿਆਂ ਨੂੰ ਫ਼ਤੂਰੇ ਕਹਿਣਾ, ਕੀ ਇਹ ਸਭ ਜਾਇਜ਼ ਹੈ ? ਕੀ ਇਹ ਹੱਤਕ ਨਹੀਂ ?

ਅਸੀਂ ਸਭ ਖਾਮੋਸ਼ ਹਾਂ ! ਕਿਓਂਕਿ ਇਹ ਸਾਡਾ ਮਾਣਮੱਤਾ ਮਾਨ ਹੈ ! ਜਿਸਨੂੰ ਅਸੀਂ ਸਿਜਦਾ ਕਰਦੇ ਸਾਂ !

ਇਹੀ ਨਹੀਂ , ਮਾਨ ਨੇਂ ਇਸੇ ਐਲਬਮ ਦੇ ਇੱਕ ਹੋਰ ਗੀਤ ‘ਕਮਾਲ ਹੋ ਗਿਆ ਸਾਈਂ ਜੀ ਬੈਠੇ ਨਾਲ’ ਗਾ ਕੇ ਵੀ ਆਪਣੀ ਸੋਚ ਦਾ ਦੀਵਾਲੀਆਪਣ ਕੱਢਿਆ ਹੈ ! ਆਪਣੇ ਡੇਰਾਵਾਦੀ ਹੋਣ ਤੇ ਪੱਕੀ ਮੋਹਰ ਲਾਈ ਹੈ ! ਗੀਤ ਵਿਚਲੀ ਸਤਰ ਤੇ ਗੌਰ ਫਰਮਾਓ ..ਅਖੇ “ਆ ਗਿਆ ਨੀਂ ਆ ਗਿਆ ਮੁਰਾਦ ਸ਼ਾਹ ਦਾ ਲਾਲ..ਸਈਓ ਨੀਂ ਰਲ ਦੇਵੋ ਵਧਾਈ” ! ਵੈਸੇ ਮੈਂ ਅੱਜ ਤੱਕ ਯਸ਼ੋਦਾ ਮਾਂ ਦਾ ਲਾਲ, ਜਾਂ ਫਿਰ ਮਾਤਾ ਗੁਜਰੀ ਦਾ ਲਾਲ ਤਾਂ ਸੁਣਿਆ ਸੀ ,ਪਰ ਇਹ ਮੁਰਾਦ ਸ਼ਾਹ ਦਾ ਲਾਲ ਨਵੀਂ ਹੀ ਕਾਢ ਕਢ ਛੱਡੀ ਹੈ ਸਾਡੇ ਮਾਨ ਸਾਹਬ ਨੇਂ !

ਮੈਂ ਇਥੇ ਇੱਕ ਗੱਲ ਜ਼ਰੂਰ ਸਾਫ਼ ਕਰ ਦੇਣੀ ਚਾਹੁੰਦਾ ਹਾਂ …ਕਿ ਮੈਂ ਕਿਸੇ ਦੇ ਵਿਸ਼ਵਾਸ ਜਾਂ ਕਿਸੇ ਦੀ ਆਸਥਾ ਦੇ ਖਿਲਾਫ਼ ਨਹੀਂ ! ਪਛਮੀ ਸਭਿਅਤਾ ਵਿਚ ਰਹਿ ਕੇ ਘੱਟੋ ਘੱਟ Multi-cuturism ਦਾ ਸਿਧਾਂਤ ਤਾਂ ਸਿਖਿਆ ਹੀ ਹੈ ! ਅਤੇ ਮੈਂ ਭਲੀ ਭਾਂਤੀ ਜਾਣਦਾ ਹਾਂ ਕਿ ਡੈਮੋਕ੍ਰੇਸੀ ਦੇ ਵਿਚ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ! ਪਰ ਰੌਲਾ ਏਸ ਗੱਲ ਦਾ ਹੈ ਕਿ ਜਿਹੜੇ ਲੋਕ ਦੋਹਰਾ ਕਿਰਦਾਰ ਅਪਣਾ ਲੈਂਦੇ ਹਨ ਓਹਨਾ ਦਾ ਕੀ ਕੀਤਾ ਜਾਵੇ ! ਮਾਨ ਵਾਂਗਰਾਂ ..ਗੰਗਾ ਗਏ ਗੰਗਾ ਦਾਸ,ਜਮਨਾ ਗਏ ਜਮਨਾ ਦਾਸ ! ਅੱਸੀਵਿਆਂ ਚ ਸਿੰਘਾਂ ਅੱਗੇ ਲਕੀਰਾਂ ਕਢ ਕੇ ਛੁੱਟੇ ਸਟਾਰ ਨੂੰ ਉਹ ਸਮਾਂ ਭੁੱਲ ਗਿਆ ਲਗਦੈ !

ਕੁਝ ਲੋਕ ਇਹ ਜ਼ਰੂਰ ਜਾਨਣਾ ਚਾਉਣਗੇ ਕਿ ਮੈਂ ‘ਦੋਹਰੇ ਕਿਰਦਾਰ’ ਵਰਗਾ ਲਫਜ਼ ਕਿਓਂ ਲਿਖਿਆ ਹੈ ? ਉਹ ਏਸ ਕਰਕੇ ਬਾਬਿਓ ਕਿ ਕਦੇ ਤਾਂ ਮਾਨ ਹਰ ਸਟੇਜ ਤੇ ‘ਇਸ਼ਕ ਦਾ ਗਿੜਦਾ’ ਗੀਤ ਗਾਉਣ ਲੱਗਿਆਂ ਸਿਖਾਂ ਦੀਆਂ ਕੁਰਬਾਨੀਆਂ ਦਾ ਗੁਣ ਗਾਉਂਦਾ ਹੈ ‘ਕਦੇ ਆਰੇ ਤੇ ਕਦੇ ਰੰਬੀ ਤੇ’ ਵਾਲੇ ਪੈਰੇ ਚ ..ਤੇ ਕਦੇ ਆਹ ਸਾਡੀ ਜਿਥੇ ਲੱਗੀ ਐ ਵਾਲੇ ਗੀਤ ਚ ਬਿਲਕੁਲ ਉਲਟ ਪਾਸੇ ਜਾ ਖੜਦਾ ਹੈ ! ਕਦੇ ਸਿਖ ਕੌਮ ਤੇ ਹੋਏ ਕਹਿਰ ਤੇ ਅਧਾਰਿਤ ‘ਦੇਸ ਹੋਇਆ ਪਰਦੇਸ ‘ ਜਿਹੀ ਫਿਲਮ ਬਣਾਉਂਦਾ ਹੈ ..ਤੇ ਕਦੇ ਓਸੇ ਦੌਰ ਦੇ ਸਭ ਤੋਂ ਬਦਨਾਮ ਦਰਿੰਦੇ ਕੇ.ਪੀ.ਐੱਸ ਗਿੱਲ ਨਾਲ ਸਟੇਜਾਂ ਤੇ ਅਕਸਰ ਦਿਸਦਾ ਹੈ ! ਕਨਸੋਅ ਇਹ ਵੀ ਹੈ ਕਿ ਦੋਨਾਂ ਦੀ ਗੂੜੀ ਯਾਰੀ ਐ ! ਮੇਰੇ ਕਹਿਣ ਦਾ ਭਾਵ ਹੈ ਕਿ ਮੈਂ ਏਸ ਤੋਂ ਪਹਿਲਾਂ ਵੀ ਮਾਨ ਦੇ ਨਕੋਦਰ ਡੇਰੇ ,ਮੰਡਾਲੀ ਡੇਰੇ ਆਦਿ ਦੀਆਂ ਸੀਡੀਆਂ ਦੇਖਦਾ ਰਿਹਾਂ ਹਾਂ ! ਸ਼ੌਕੀਨ ਸਾਧਾਂ ਨੂੰ ਕਮਲ ਕੁੱਟਦੇ ਦੇਖਦਾ ਰਿਹਾ ਹਾਂ ..ਕਦੇ ਆਪ ਵੀਡੀਓ ਕੈਮਰੇ ਫੜੀ ..ਕਦੇ ਸਟੇਜ ਉੱਤੇ ਸਿਗਰਟ ਫੜੀ ..ਕਦੇ ਹਜ਼ਾਰ-ਹਜ਼ਾਰ ਦੇ ਨੋਟਾਂ ਦੀਆਂ ਬੋਰੀਆਂ ਗੁਰਦਾਸ ਮਾਨ ਤੇ ਹੋਰ ਗਾਉਣ ਵਾਲਿਆਂ/ਵਾਲੀਆਂ ਤੋਂ ਸੁੱਟਦਿਆਂ ਸਾਧਾਂ ਨੂੰ ! (ਜਿਹੜੇ ਨੋਟਾਂ ਦੇ ਸਾਧਨ ਦਾ ਕੋਈ ਸਪਸ਼ਟ ਸਰੋਤ ਨਹੀਂ ਹੈ). ਮੈਨੂੰ ਕਦੇ ਜ਼ਿਆਦਾ ਤਕਲੀਫ਼ ਨਹੀਂ ਹੋਈ ਕਿਓਂਕਿ ਹਰ ਇੱਕ ਦੀ ਆਪਣੀ ਸ਼ਰਧਾ ਹੈ …ਪਰ ਅੱਜ ਜਦੋਂ ਉਹ ਸ਼ਰਧਾ ਏਨੀਂ ਅੰਨੀਂ ਹੋ ਗਈ ਕਿ ਗੀਤਾਂ ਦਾ ਰੂਪ ਲੈ ਕੇ ਸਾਡੇ ਉੱਤੇ ਹੀ ਵਾਰ ਕਰਨ ਲੱਗ ਪਈ ਤਾਂ ਮੈਂ ਮਜਬੂਰ ਹੋਇਆਂ ਹਾਂ ਏਸ ਬਾਬਤ ਲਿਖਣ ਲਈ ! ਭਾਵੇਂ ਮੇਰੀ ਕੋਈ ਹਸਤੀ ਨਹੀਂ ਗੁਰਦਾਸ ਮਾਨ ਨੂੰ ਭੰਡਣ ਦੀ ..ਪਰ ਮੈਨੂੰ ਆਸ ਹੈ ਕਿ ਇਹ ਆਰਟੀਕਲ ਕੀ ਉਨਾਂ ਸੂਝਵਾਨਾਂ ਨੂੰ ਸੋਚਣ ਲਈ ਮਜਬੂਰ ਕਰੇਗਾ ਜਿੰਨਾਂ ਨੇ ਮਾਨ ਦੀ ਇਹ ਐਲਬਮ ਨਹੀਂ ਸੁਣੀ !

ਮੈਂ ਉਦਾਸ ਹਾਂ …ਗੁਰਦਾਸ ਮਾਨ ਮੇਰੇ ਮਨੋਂ ਲਥ ਗਿਆ ਹੈ ! ਏਨੇ ਸੰਜੀਦਾ ਤੇ ਹਰ ਇੱਕ ਦਾ ਦੁਖ-ਦਰਦ ਸਮਝਣ ਵਾਲੇ ਡਾਉਨ ਟੂ ਅਰਥ ਫ਼ਨਕਾਰ ਦੇ ਮੂਹੋਂ ਉਗਲਿਆ ਜ਼ਹਿਰ ਮੈਨੂੰ ਪਚਾਉਣਾ ਮੁਸ਼ਕਿਲ ਹੋ ਰਿਹਾ ਹੈ ! ਅੱਜ ਰਹਿ ਰਹਿ ਕੇ ਮਾਨ ਦੀਆਂ ਸਤਰਾਂ ਚੇਤੇ ਆ ਰਹੀਆਂ ਨੇਂ ..

ਤੇ ਆਹ ਕਹ ਕੇ ਤਾਂ ਏਸ ਨੇ ਹੱਦ ਈ ਕਰ ਦਿੱਤੀ :-

ਕਿ ਕਾਲਜੇ ਦੀ ਰੱਤ ਚੂਸ ਲਈ

ਤੇਰੇ ਤੱਤਿਆਂ ਸਲੋਕਾਂ ਨੇਂ ,

ਜਿੰਨਾਂ ਪਿਛੇ ਤੂੰ ਫਿਰਦੈਂ

ਸਾਡੀ ਜੁੱਤੀ ਦੀਆਂ ਨੋਕਾਂ ਨੇਂ … !

ਕੀ ਗੁਰੂ ਨਾਨਕ ਦੇਵ ਜੀ ਦੇ ਸਲੋਕਾਂ ਨੇ ਏਸ ਦੀ ਰੱਤ ਚੂਸ ਲਈ ?

ਤੇ ਕਿਸ ਨੂੰ ਇਹ ਆਪਣੀ ਜੁੱਤੀ ਦੀਆਂ ਨੋਕਾਂ ਦਸ ਰਿਹਾ ਹੈ ?

ਕਹਿਣ ਲਈ ਹੋਰ ਬੜੇ ਵਲਵਲੇ ਬਾਕੀ ਹਨ ..ਪਰ ਬੱਸ ! ਤੇ ਅੰਤ ਚ ਜੀਉਣ ਜੋਗੇ ਨੂੰ ਓਸੇ ਦੇ ਹੀ ਗੀਤ ਨਾਲ ਜਵਾਬ ਦੇ ਕੇ ਖਿਮਾਂ ਦਾ ਜਾਚਕ ਹੋਵਾਂਗਾ ..

“ਤੇਰੀ ਜਿਥੇ ਲੱਗੀ ਐ ..ਜਾਹ ਲੱਗੀ ਰਹਿਣ ਤੀ “

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: