March 8, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਡੀਜੀਪੀ ਨੂੰ ਨਵੰਬਰ 1984 ‘ਚ ਹੋਂਦ ਚਿੱਲੜ ਕਤਲੇਆਮ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਗ੍ਰਹਿ ਵਿਭਾਗ ਨੇ ਜਿਨ੍ਹਾਂ ਪੁਲਿਸ ਅਧਿਕਾਰੀਆਂ ਵਿਰੁੱਧ ਡੀਜੀਪੀ ਨੂੰ ਕਾਰਵਾਈ ਕਰਨ ਲਈ ਕਿਹਾ ਹੈ, ਉਨ੍ਹਾਂ ਵਿੱਚ ਤਤਕਾਲੀ ਐੱਸਪੀ ਸਤਿੰਦਰ ਕੁਮਾਰ, ਡੀਐੱਸਪੀ ਰਾਮ ਭੱਜ, ਐਸਆਈ ਰਾਮ ਕਿਸ਼ੋਰ ਅਤੇ ਹੈਡ ਕਾਂਸਟੇਬਲ ਰਾਮ ਕੁਮਾਰ ਪ੍ਰਮੁੱਖ ਹਨ।
ਹਰਿਆਣਾ ਦੇ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਨੇ ਡੀਜੀਪੀ ਹਰਿਆਣਾ ਨੂੰ ਭੇਜੇ ਪੱਤਰ ਨੰਬਰ 3/1/2011-1ਐਚ(ਛ) ’ਚ ਕਿਹਾ ਕਿ ਸਬੰਧਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਧਾਰਾ 217, 218, 219, 220, 221, 302, 395, 436 ਅਤੇ 120-ਬੀ ਤਹਿਤ ਕਾਰਵਾਈ ਕੀਤੀ ਜਾਵੇ। ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਹਾਈ ਕੋਰਟ ਵਿੱਚ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਇਸ ਕਤਲੇਆਮ ’ਚ ਸ਼ਾਮਿਲ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਗ੍ਰਹਿ ਵਿਭਾਗ ਨੂੰ ਪੱਤਰ ਲਿਖਿਆ ਸੀ, ਜਿਸ ’ਤੇ ਕਾਰਵਾਈ ਕਰਦਿਆਂ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਨੇ ਡੀਜੀਪੀ ਨੂੰ ਇਨ੍ਹਾਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਕੀਤੀ।
ਇਸ ਤੋਂ ਪਹਿਲਾਂ ਸਰਕਾਰ ਨੇ ਉਕਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਜਸਟਿਸ ਟੀਪੀ ਗਰਗ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਤਰੱਕੀਆਂ ਦਿੱਤੀਆਂ ਸਨ। ਹੈਡ ਕਾਂਸਟੇਬਲ ਰਾਮ ਕੁਮਾਰ ਨੂੰ ਇੰਸਪੈਕਟਰ, ਐਸਆਈ ਰਾਮ ਕਿਸ਼ੋਰ ਨੂੰ ਐਸਪੀ, ਡੀਐਸਪੀ ਰਾਮ ਭੱਜ ਨੂੰ ਐਸਪੀ ਅਤੇ ਐਸਪੀ ਸਤਿੰਦਰ ਕੁਮਾਰ ਨੂੰ ਡੀਆਈਜੀ ਤੱਕ ਤਰੱਕੀ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਨਵੰਬਰ 1984 ‘ਚ ਦਿੱਲੀ ਸਮੇਤ ਸਮੁੱਚੇ ਭਾਰਤ ‘ਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਪਰ 32 ਵਰ੍ਹੇ ਬੀਤ ਜਾਣ ਦੇ ਬਾਵਜੂਦ ਦੋਸ਼ੀਆਂ ਨੂੰ ਹਾਲੇ ਤਕ ਸਜ਼ਾ ਨਹੀਂ ਮਿਲੀ ਸਗੋਂ ਉਹ ਤਰੱਕੀਆਂ ਅਤੇ ਉੱਚੇ ਅਹੁਦਿਆਂ ਦਾ ਅਨੰਦ ਮਾਣਦੇ ਰਹੇ।
Related Topics: Haryana Police, Hond Chillar, Hond Chillar Sikh Massacre, Manwinder Singh Giaspura, ਸਿੱਖ ਨਸਲਕੁਸ਼ੀ 1984 (Sikh Genocide 1984)