April 2, 2011 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (02 ਅਪ੍ਰੈਲ, 2011):ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਮੁਹਾਲੀ ਵਿਖੇ ਪੰਜਾਬ ਪੁਲੀਸ ਦੇ ਅਫਸਰਾਂ ਵਲੋਂ ਅਤੇ ਲੁਧਿਆਣਾ ਦੇ ਸੁਬਿਧਾ ਕੇਂਦਰ ਵਿਚ ਸਰਕਾਰੀ ਅਧਿਕਾਰੀ ਵਲੋਂ ਸਿੱਖਾਂ ਦੀਆਂ ਦਸਤਾਰਾਂ ਉਤਾਰਕੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਦੀ ਬੇਅਦਬੀ ਕਰਨ ਤੇ ਉਨ੍ਹਾਂ ਨੂੰ ਅਪਮਾਨਤ ਕਰਨ ਦੀਆਂ ਵਾਪਰੀਆਂ ਉਪਰੋ-ਥੱਲੀ ਘਟਨਾਵਾਂ ਦੀ ਜੋਰਦਾਰ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਇਹ ਕੋਈ ਅਚਨਚੇਤ ਵਾਪਰੀਆਂ ਘਟਨਾਵਾਂ ਨਹੀਂ ਸਗੋਂ ਇਕ ਗਿਣੀ ਮਿੱਥੀ ਸ਼ਾਜ਼ਿਸ ਤਹਿਤ ਸਿੱਖ ਕੌਮ ਨੂੰ ਅਪਮਾਨਤ ਕਰਨ ਲਈ ਲੜੀਵਾਰ ਵਿੱਢੀ ਮੁਹਿੰਮ ਦਾ ਹਿਸਾ ਹਨ।
ਪਾਰਟੀ ਦੇ ਮੁਖ ਦਫਤਰ ਲੁਧਿਆਣਾ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਪਾਰਟੀ ਦੇ ਕੌਮੀ ਪੰਚ ਕਮਿੱਕਰ ਸਿੰਘ ਮੁਕੰਦਪੁਰ, ਕੁਲਬੀਰ ਸਿੰਘ ਬੜ੍ਹਾ ਪਿੰਡ,ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਤੇ ਜਥੇਬੰਦਕ ਸਕੱਤਰ ਜਸਵੀਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਬਾਦਲ ਦੇ ਇਹ ਬਿਆਨ ਨਿਰੰਤਰ ਆ ਰਹੇ ਹਨ ਕਿ ਉਹ ਸੰਵਿਧਾਨ ਦੀ ਧਾਰਾ 25 ਦੇ ਵਿਰੋਧੀ ਨਹੀਂ ਹਨ ਅਤੇ ਬੀਤੇ ਵਿਚ ਜੇ ਉਨ੍ਹਾਂ ਨੇ ਇਸਦਾ ਵਿਰੋਧ ਕੀਤਾ ਤਾਂ ਇਹ ਉਨ੍ਹਾਂ ਦੀ ਸਿਆਸੀ ਮਜਬੂਰੀ ਹੀ ਸੀ। ਸੰਵਿਧਾਨ ਦੀ ਇਹ ਧਾਰਾ ਸਿੱਖਾਂ ਨੂੰ ਇਕ ਵੱਖਰੀ ਕੌਮ ਹੋਣ ਨੂੰ ਨਕਾਰਦੀ ਹੋਈ ਉਨ੍ਹਾਂ ਨੂੰ ਹਿੰਦੂ ਧਰਮ ਦਾ ਹਿਸਾ ਹੀ ਐਲਾਨਦੀ ਹੈ।ਬਾਦਲ ਦੇ ਇੰਨ੍ਹਾਂ ਬਿਆਨਾਂ ਤੋਂ ਬਾਅਦ ਸਿੱਖਾਂ ਤੇ ਉਨ੍ਹਾਂ ਦੇ ਧਾਰਮਿਕ ਵਿਰਸੇ ਤੇ ਵਿਰਾਸਤ ਉਪਰ ਹਮਲਿਆਂ ਵਿਚ ਤੇਜ਼ੀ ਆਈ ਹੈ। ਪੰਜਾਬ ਦੇ ਅਨੇਕ ਹਿਸਿਆਂ ਵਿਚ ਹੋਏ ਇੰਨ੍ਹਾਂ ਹਮਲਿਆਂ ਵਿਚ ਸਿੱਖ ਵਿਰੋਧੀ ਸ਼ਕਤੀਆਂ ਨੂੰ ਪ੍ਰਸ਼ਾਸਨ ਤੇ ਪੁਲੀਸ ਦਾ ਪੂਰਾ ਸਹਿਯੋਗ ਤੇ ਸਾਥ ਮਿਲਿਆ। ਕਈ ਗੁਰਦੁਆਰਿਆਂ ਉਪਰ ਹੁੱਲੜਬਾਜ਼ੀਆਂ ਵਲੋਂ ਕੀਤੇ ਹਮਲਿਆਂ ਸਬੰਧੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਉਲਟਾ ਸਿੱਖਾਂ ਉਪਰ ਹੀ ਝੂਠੇ ਕੇਸ ਦਰਜ ਕੀਤੇ ਗਏ।ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵਲੋਂ ਇੰਨ੍ਹਾਂ ਸਿੱਖ ਵਿਰੋਧੀ ਘਟਨਾਵਾਂ ਦਾ ਨੋਟਿਸ ਨਾਂਹ ਲੈਣਾ,ਪੁਲੀਸ ਵਲੋ ਸਿੱਖਾਂ ਦੀ ਝੂਠੇ ਕੇਸਾਂ ਵਿਚ ਫੜੋ-ਫੜੀ ਵਿਚ ਆਈ ਤੇਜ਼ੀ ਤੇ ਜੇਲ੍ਹਾਂ ਵਿਚ ਉਨ੍ਹਾਂ ਦੇ ਕਤਲ ,ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਥੇਦਾਰ ਸਾਹਿਬਾਨ ਦੀ ਚੁਪੀ ਤੇ ਸਾਧ ਲਾਣੇ ਵਲੋਂ ਅਜਿਹੀਆਂ ਅਣਹੋਣੀਆਂ ਵਾਪਰਨ ਤੋਂ ਬਾਅਦ ਉਨ੍ਹਾਂ ਉਪਰ ਮਿੱਟੀ ਪਾਉਣ ਦੇ ਯਤਨ ਅਤੇ ਬਾਦਲ ਵਲੋਂ ਲੰਬੇ ਸਮੇਂ ਦੀ ਚੁਪੀ ਤੋਂ ਬਾਅਦ ਅਚਾਨਕ ਧਾਰਾ 25 ਦੇ ਹੱਕ ਵਿਚ ਨਿਤਰਣ ਆਉਣਾ ,ਜਿਸ ਨੂੰ ਰੱਦ ਕਰਵਾਉਣ ਲਈ ਸਿੱਖ ਕੌਮ ਪਿਛਲੇ ਲੰਬੇ ਸਮੇਂ ਤੋਂ ਜਦੋ ਜਹਿਦ ਕਰ ਰਹੀ ਹੈ, ਆਦਿ ਅਜਿਹੇ ਵਰਤਾਰੇ ਹਨ ਜਿਹੜੇ ਅਜਿਹੇ ਸਪੱਸਟ ਸੰਕੇਤ ਦਿੰਦੇ ਹਨ ਕਿ ਇਹ ਸਭ ਕੁਝ ਇਕ ਗਿਣੀ ਮਿੱਥੀ ਸ਼ਾਜਿਸ ਤੇ ਕਿਸੇ ਖਾਸ ਉਦੇਸ਼ ਲਈ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਦੇ ਇਕ ਖਾਸ ਵਰਗ ਨੂੰ ਖੁਸ਼ ਰਖਣ ਹਿੱਤ ਪੰਜਾਬ ਦੀਆਂ ਦੂਜੀਆਂ ਸਿਆਸੀ ਪਾਰਟੀਆਂ ਦੀ ਲੀਡਰਸਿਪ ਵਲੋਂ ਵੀ ਸਿੱਖਾਂ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਪ੍ਰਤੀ ਵੱਟੀ ਚੁਪ ਨੇ ਉਨ੍ਹਾਂ ਦੇ ਚੇਹਰਿਆਂ ਤੇ ਪਹਿਨੇ ‘ਧਰਮ ਨਿਰਪੱਖਤਾ’ ਦੇ ਨਕਲੀ ਨਕਾਬ ਵੀ ਉਤਾਰ ਦਿਤੇ ਹਨ।ਉਨ੍ਹਾਂ ਸਵਾਲ ਕੀਤਾ ਕਿ ਕੀ ਇਕ ਘੱਟ ਗਿਣਤੀ ਕੌਮ ਅਤੇ ਉਸਦੇ ਧਾਰਮਿਕ ਚਿੰਨ੍ਹਾਂ ਨੂੰ ਜਲੀਲ ਤੇ ਉਨ੍ਹਾਂ ਦੀ ਬੇਅਦਬੀ ਕਰਨਾ ਤੇ ਕਰਵਾਉਣਾ ਹੀ ਉਨ੍ਹਾਂ ਦੀ ‘ਧਰਮ ਨਿਰਪੱਖਤਾ’ ਤੇ ‘ਸਵੈਮਾਣ’ ਹੈ? ਉਨ੍ਹਾਂ ਨੇ ਦੇਸ ਵਿਦੇਸ ਵਿਚ ਬੈਠੇ ਸਿੱਖ ਭਾਈਚਾਰੇ ਤੇ ਸਿੱਖਾਂ ਲਈ ਇਨਸਾਫ ਲਈ ਜਦੋ-ਜਹਿਦ ਕਰ ਰਹੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਕਿਉਂਕਿ ਪੰਜਾਬ ਦੇ ਸਿੱਖਾਂ ਦੇ ਹਾਲਾਤ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਤੇ ਸਿੱਖਾਂ ਨੂੰ ਪੰਜਾਬ ਸਰਕਾਰ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਹੈ ਇਸ ਲਈ ਸਭ ਨੂੰ ਇਕੱਠੇ ਹੋਕੇ ਹੱਕ ਸੱਚ ਤੇ ਇਨਸਾਫ ਲਈ ਹਰ ਪੱਧਰ ਤੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਪੰਥ ਵਿਰੋਧੀ ਤਾਕਤਾਂ ਨੂੰ ਪਛਾਨਣ,ਹਰ ਫਰੰਟ ਤੇ ਉਨ੍ਹਾਂ ਨੂੰ ਹਾਰ ਦੇਣ ਅਤੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਪੰਥ ਦੋਖੀਆਂ ਦੇ ਕਬਜ਼ੇ ਤੇ ਪ੍ਰਭਾਵ ਤੋਂ ਮੁਕਤ ਕਰਵਾਉਣ ਦਾ ਸਮਾਂ ਆ ਗਿਆ ਹੈ।ਇਸਦੇ ਲਈ ਸਾਰੀ ਸਿੱਖ ਕੌਮ ਦਾ ਇਕਮੁੱਠ ਹੋਣਾ ਸਮੇਂ ਦੀ ਮੰਗ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਦੁਨੀਆ ਭਰ ਵਿਚ ਸ਼ਾਸਕਾਂ ਦੇ ਜਬਰ ਜੁਲਮ ਤੇ ਤਾਨਾਸ਼ਾਹੀ ਵਤੀਰੇ ਵਿਰੁੱਧ ਲੋਕ ਲਹਿਰਾਂ ਉਠ ਖੜੀਆਂ ਹੋਈਆ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਬਾਦਲ ਸਰਕਾਰ ਦਾ ਵਤੀਰਾ ਇਹ ਹੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਇਨਸਾਫ ਲਈ ਸੜਕਾਂ ਤੇ ਉਤਰਣ ਲਈ ਮਜਬੂਰ ਹੋ ਜਾਣਗੇ।ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖ ਧਰਮ ਤੇ ਕੌਮ ਦਾ ਨਿਰਾਦਰ ਕਰਨ ਵਾਲੇ ਵਰਤਾਰੇ ਨੂੰ ਠੱਲ ਪਾਉਣ ਤੇ ਸਰਕਾਰ ਦੀ ਹੱਲਾਸੇਰੀ ਨਾਲ ਜਿਹੜੇ ਡੇਰੇਧਾਰੀ ਸਿੱਖਾਂ ਉਪਰ ਹਮਲੇ ਕਰਵਾ ਰਹੇ ਹਨ ਉਨ੍ਹਾਂ ਨੂੰ ਰੋਕਣ ਤੇ ਉਨ੍ਹਾਂ ਵਿਰੁੱਧ ਕਨੂੰਨੀ ਕਾਰਵਾਈ ਕਰਨ ਲਈ ਠੋਸ ਕਦਮ ਚੁਕੇ। ਉਨ੍ਹਾਂ ਮੰਗ ਕੀਤੀ ਕਿ ਉਪਰੋਕਤ ਘਟਨਾਵਾਂ ਲਈ ਜਿੰਮੇਵਾਰ ਪੁਲੀਸ ਤੇ ਸਰਕਾਰੀ ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤੇ ਜਾਣ।
Related Topics: Akali Dal Panch Pardhani, Dastar Isuue