ਸਿਆਸੀ ਖਬਰਾਂ

ਆਖਰੀ ਦਿਨ ਕੈਪਟਨ ਨੇ ਲੰਬੀ ਤੋਂ, ਭਗਵੰਤ ਮਾਨ, ਰਵਨੀਤ ਬਿੱਟੂ ਨੇ ਜਲਾਲਾਬਾਦ ਤੋਂ ਕਾਗਜ਼ ਭਰੇ

January 19, 2017 | By

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਕੁਲ 1941 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਭਰੇ। ਅੰਮ੍ਰਿਤਸਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਕੁੱਲ 15 ਉਮੀਦਵਾਰ ਮੈਦਾਨ ’ਚ ਹਨ। 18 ਜਨਵਰੀ ਨੂੰ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ 1040 ਉਮੀਦਵਾਰਾਂ ਨੇ ਪਰਚੇ ਭਰੇ। ਲੁਧਿਆਣਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 222 ਨਾਮਜ਼ਦਗੀਆਂ ਦਾਖਲ ਹੋਈਆਂ। ਵੀਰਵਾਰ ਨੂੰ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ ਅਤੇ 21 ਜਨਵਰੀ ਤੱਕ ਨਾਮ ਵਾਪਸ ਲਏ ਜਾ ਸਕਦੇ ਹਨ। ਕੈਪਟਨ ਨੇ ਲੰਬੀ ਵਿਧਾਨ ਸਭਾ ਹਲਕੇ ਤੋਂ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਜਲਾਲਾਬਾਦ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਆਖਰੀ ਦਿਨ ਕਾਗਜ਼ ਭਰੇ।

ਲੰਬੀ ਵਿਖੇ ਕਾਗਜ਼ ਭਰਨ ਤੋਂ ਬਾਅਦ ਚੋਣ ਰੈਲੀ ਨੂੰ ਸੰਬਧੋਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ

ਲੰਬੀ ਵਿਖੇ ਕਾਗਜ਼ ਭਰਨ ਤੋਂ ਬਾਅਦ ਚੋਣ ਰੈਲੀ ਨੂੰ ਸੰਬਧੋਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ

ਸਾਬਕਾ ਭਾਜਪਾ ਆਗੂ ਨਵਜੋਤ ਸਿੱਧੂ ਨੇ ਪਹਿਲੀ ਵਾਰ ਵਿਧਾਨ ਸਭਾ ਲਈ ਕਾਂਗਰਸ ਦੇ ਉਮੀਦਵਾਰ ਵਜੋਂ ਅੰਮ੍ਰਿਤਸਰ (ਪੂਰਬੀ) ਹਲਕੇ ਤੋਂ ਕਾਗ਼ਜ਼ ਦਾਖ਼ਲ ਕੀਤੇ। ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਕਾਗ਼ਜ਼ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਵਿੱਚ ਸ਼ਾਮਲ ਹਨ। ਬਹੁਜਨ ਸਮਾਜ ਪਾਰਟੀ, ਖੱਬੀਆਂ ਪਾਰਟੀਆਂ, ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਾਲੀ ਆਪਣਾ ਪੰਜਾਬ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ‘ਆਪ’ ਦੇ ਬਾਗ਼ੀ ਸੰਸਦ ਮੈਂਬਰ ਧਰਮਵੀਰ ਗਾਂਧੀ ਦੀ ਅਗਵਾਈ ਵਾਲੇ ਫਰੰਟ ਅਤੇ ਹੋਰ ਕਈ ਦਲਾਂ ਨੇ ਵੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ।

ਨਾਮਜ਼ਦਗੀਆਂ ਦਾ ਅਮਲ ਪੂਰਾ ਹੋਣ ਤੋਂ ਬਾਅਦ ਜਿਹੜੇ ਪ੍ਰਮੁੱਖ ਆਗੂ ਨਿੱਤਰ ਆਏ ਹਨ ਉਨ੍ਹਾਂ ਵਿੱਚ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇ ਜੇ ਸਿੰਘ, ਰਾਜਿੰਦਰ ਕੌਰ ਭੱਠਲ, ਮਨਪ੍ਰੀਤ ਬਾਦਲ, ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ, ਪਰਮਿੰਦਰ ਢੀਂਡਸਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਿਕਰਮ ਮਜੀਠੀਆ, ਗਰਪ੍ਰੀਤ ਸਿੰਘ ਘੁੱਗੀ, ਕੰਵਰ ਸੰਧੂ, ਸਿਮਰਨਜੀਤ ਸਿੰਘ ਮਾਨ, ਡਾ. ਦਲਜੀਤ ਸਿੰਘ ਚੀਮਾ, ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਿੰਮਤ ਸਿੰਘ ਸ਼ੇਰਗਿੱਲ, ਜਰਨੈਲ ਸਿੰਘ ਪੱਤਰਕਾਰ ਸਮੇਤ ਹੋਰ ਸ਼ਾਮਲ ਹਨ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਮੁਤਾਬਕ ਪਠਾਨਕੋਟ ਤੋਂ 58, ਗੁਰਦਾਸਪੁਰ ਵਿੱਚ 106, ਅੰਮ੍ਰਿਤਸਰ ਵਿੱਚ 196, ਤਰਨਤਾਰਨ ਵਿੱਚ 55, ਜਲੰਧਰ ਵਿੱਚ 146, ਨਵਾਂਸ਼ਹਿਰ ਵਿੱਚ 45, ਕਪੂਰਥਲਾ ਵਿੱਚ 76, ਹੁਸ਼ਿਆਰਪੁਰ ਵਿੱਚ 119, ਲੁਧਿਆਣਾ ਵਿੱਚ 222, ਮੁਹਾਲੀ ਵਿੱਚ 69, ਰੋਪੜ ਵਿੱਚ 41, ਫਤਿਹਗੜ੍ਹ ਸਾਹਿਬ ਵਿੱਚ 37, ਸੰਗਰੂਰ ਵਿੱਚ 115, ਫਿਰੋਜ਼ਪੁਰ ਵਿੱਚ 70, ਮੋਗਾ ਵਿੱਚ 61, ਫਰੀਦਕੋਟ ਵਿੱਚ 41, ਮੁਕਤਸਰ ਵਿੱਚ 68, ਬਠਿੰਡਾ ਵਿੱਚ 110, ਮਾਨਸਾ ਵਿੱਚ 48, ਫਾਜ਼ਿਲਕਾ ਵਿੱਚ 66, ਬਰਨਾਲਾ ਵਿੱਚ 44 ਅਤੇ ਪਟਿਆਲਾ ਵਿੱਚ 148 ਉਮੀਦਵਾਰਾਂ ਨੇ ਕਾਗ਼ਜ਼ ਦਾਖ਼ਲ ਕੀਤੇ। ਸਾਲ 2012 ਦੀਆਂ ਚੋਣਾਂ ਵੇਲੇ 1878 ਉਮੀਦਵਾਰਾਂ ਨੇ ਕਾਗ਼ਜ਼ ਦਾਖ਼ਲ ਕੀਤੇ ਸਨ। ਕਾਗਜ਼ਾਂ ਦੀ ਪੜਤਾਲ ਅਤੇ ਵਾਪਸੀ ਤੋਂ ਬਾਅਦ 1078 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,