December 29, 2016 | By ਸਿੱਖ ਸਿਆਸਤ ਬਿਊਰੋ
ਮਜੀਠਾ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਜੀਠਾ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਬਿਕਰਮ ਸਿੰਘ ਮਜੀਠੀਆ ਨੂੰ ਹਰਾਉਣ ਲਈ ਸਿਰਫ ਅਤੇ ਸਿਰਫ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾਉਣ। ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਦੇ ਹੱਕ ਵਿੱਚ ਰੋਡ ਸ਼ੋਅ ਦੌਰਾਨ ਚਵਿੰਡਾ ਦੇਵੀ ਦੇ ਬਜ਼ਾਰ ਵਿੱਚ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨੂੰ ਵੋਟ ਦੇਣ ਦੇ ਮਤਲਬ ਵੋਟ ਖਰਾਬ ਕਰਨਾ ਹੈ ਅਤੇ ਬਿਕਰਮ ਸਿੰਘ ਮਜੀਠੀਏ ਨੂੰ ਜਿੱਤਣ ਦਾ ਮੌਕਾ ਦੇਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੂੰ ਵੋਟ ਪਾਈ ਤਾਂ ਮਜੀਠੇ ਹਲਕੇ ਦੀਆਂ ਵੋਟਾਂ ਵੰਡੀਆਂ ਜਾਣਗੀਆਂ ਅਤੇ ਬਿਕਰਮ ਮਜੀਠੀਏ ਦੇ ਫਿਰ ਜਿੱਤਣ ਦੀ ਸੰਭਾਵਨਾ ਬਣ ਜਾਵੇਗੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਜੀਠੀਆ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਭਤੀਜਾ ਹੈ, ਇਸ ਲਈ ਜਾਣਬੁੱਝ ਕੇ ਮਜੀਠੇ ਤੋਂ ਕਾਂਗਰਸ ਕਮਜ਼ੋਰ ਉਮੀਦਵਾਰ ਖੜ੍ਹਾ ਕਰਦੀ ਹੈ। ਪਿਛਲੀ ਵਾਰ ਵੀ ਕਾਂਗਰਸ ਦਾ ਉਮੀਦਵਾਰ ਐਨਾ ਕਮਜ਼ੋਰ ਸੀ ਕਿ ਉਸਦੀ ਜ਼ਮਾਨਤ ਜ਼ਬਤ ਹੋ ਗਈ ਸੀ। ਲੇਕਿਨ ਇਨ੍ਹਾਂ ਚਾਚੇ-ਭਤੀਜੇ ਦੀ ਖੇਡ ਖਰਾਬ ਕਰਨ ਲਈ ਆਮ ਆਦਮੀ ਪਾਰਟੀ ਨੇ ਹਿੰਮਤ ਸਿੰਘ ਸ਼ੇਰਗਿੱਲ ਵਰਗਾ ਨਿਡਰ ਅਤੇ ਮਜਬੂਤ ਉਮੀਦਵਾਰ ਮਜੀਠੀਆ ਖਿਲਾਫ ਉਤਾਰਿਆ ਹੈ।
ਰੋਡ ਸ਼ੋਅ ਦੀ ਸ਼ੁਰੂਆਤ ਮਜੀਠਾ ਹਲਕੇ ਦੇ ਪਿੰਡ ਬੋਪਾਰਾਏ ਦੇ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਹੋਈ। ਇਸ ਮੌਕੇ ਅਰਵਿੰਦ ਕੇਜਰੀਵਾਲ ਨਾਲ ਹਿੰਮਤ ਸਿੰਘ ਸ਼ੇਰਗਿੱਲ, ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਬੁਲਾਰੇ ਸੰਜੇ ਸਿੰਘ ਸਮੇਤ ਮਾਝਾ ਖੇਤਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਉਮੀਦਵਾਰ ਮੌਜੂਦ ਸਨ। ਰੋਡ ਸ਼ੋਅ ਮੱਤੇਵਾਲ, ਟਾਹਲੀ ਸਾਹਿਬ, ਫੱਤੂ ਭੀਲਾ, ਸ਼ਹਿਜਾਦਾ, ਚਵਿੰਡਾ ਦੇਵੀ, ਕੱਥੂ ਨੰਗਲ, ਟਰਪਈ, ਸ਼ਾਮ ਨਗਰ, ਮਰੜੀਕਲਾਂ, ਥਰੀਏਵਾਲ, ਮਰੜੀਖੁਰਦ, ਕੋਟਲਾ ਸੁਲਤਾਨ ਸਿੰਘ, ਅਠਵਾਲ, ਹਮਜਾ, ਰੋੜੀ, ਮਜੀਠਾ ਅਤੇ ਮਜੀਠਾ ਹਲਕੇ ਦੇ ਪਿੰਡ ਨਾਗਕਲਾਂ ਵਿੱਚ ਜਾ ਕੇ ਸਮਾਪਤ ਹੋਇਆ।
Related Topics: Aam Aadmi Party, Badal Dal, Bikramjit Singh Majithia, Congress Government in Punjab 2017-2022, Himmat SIngh Shergill, Punjab Elections 2017 (ਪੰਜਾਬ ਚੋਣਾਂ 2017), Punjab Polls 2017, Sanjay Singh AAP