October 1, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਾਬਕਾ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅੱਜ ਨਵੀਂ ਰਾਜਨੀਤਕ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਛੋਟੇਪੁਰ ਨੇ ਆਪਣੀ ਨਵੀਂ ਪਾਰਟੀ ਦਾ ਨਾਮ ‘ਆਪਣਾ ਪੰਜਾਬ’ ਰੱਖਿਆ ਹੈ। ਇਹ ਪਾਰਟੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ। ਛੋਟੇਪੁਰ ਨੇ ਦਾਅਵਾ ਕੀਤਾ ਹੈ 2017 ਦੀਆਂ ਵਿਧਾਨ ਸਭਾ ਚੋਣਾਂ ਚ ਉਨ੍ਹਾਂ ਦੀ ਹੀ ਸਰਕਾਰ ਬਣੇਗੀ।
ਆਮ ਆਦਮੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਕੇ ਅਹੁਦੇ ਤੋਂ ਲਾਹੇ ਜਾਣ ਮਗਰੋਂ ਛੋਟੇਪੁਰ ਨੇ ‘ਆਪ’ ਆਗੂਆਂ ‘ਤੇ ਗੰਭੀਰ ਇਲਜ਼ਾਮ ਲਗਾਏ ਸਨ। ਅਹੁਦੇ ਤੋਂ ਲਾਂਭੇ ਹੋਣ ਮਗਰੋਂ ਛੋਟੇਪੁਰ ਨੇ ਪੰਜਾਬ ਭਰ ‘ਚ ਆਪਣੇ ਵਰਕਰਾਂ ਨਾਲ ਮੁਲਾਕਾਤ ਕਰ ਉਨ੍ਹਾਂ ਦੀ ਸਲਾਹ ਲੈਣ ਲਈ ਪਰਿਵਰਤਨ ਯਾਤਰਾ ਕੀਤੀ ਸੀ। ਸੂਤਰਾਂ ਮੁਤਾਬਕ ਛੋਟੇਪੁਰ, ਡਾ. ਗਾਂਧੀ, ਸਵਰਾਜ ਪਾਰਟੀ ਤੇ ਕੁਝ ਹੋਰ ਧਿਰਾਂ ਵੱਲੋਂ ਸਿਆਸੀ ਗੱਠਜੋੜ ਬਣਾਉਣ ਦੀ ਵੀ ਸੰਭਾਵਨਾ ਹੈ। ਹਾਲਾਂਕਿ ਛੋਟੇਪੁਰ ਦੀ ਇਸ ਤੋਂ ਪਹਿਲਾਂ ਅਵਾਜ਼-ਏ-ਪੰਜਾਬ ਦੇ ਲੀਡਰਾਂ ਨਾਲ ਵੀ ਗੱਲਬਾਤ ਚੱਲਦੀ ਰਹੀ ਹੈ। ਪਰ ਇਸ ਗੱਲਬਾਤ ਤੋਂ ਬਾਅਦ ਕੋਈ ਨਤੀਜੇ ਸਾਹਮਣੇ ਨਹੀਂ ਆਏ।
Related Topics: Aam Aadmi Party, Apna Punjab Party APP, Punjab Politics, Punjab Polls 2017, Sucha Singh Chhotepur