ਸਿਆਸੀ ਖਬਰਾਂ

ਝੂਠੇ ਮੁਕਾਬਲੇ ਕਰਨ ਵਾਲੇ ਅਤੇ ਨਸ਼ਿਆਂ ਦੇ ਸੌਦਾਗਰ ਬਣੇ ਬਾਦਲ ਦਲ ਦੇ ਮੋਢੀ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ

September 4, 2016 | By

ਤਰਨ ਤਾਰਨ: ਬਾਦਲ ਦਲ, ਕਾਂਗਰਸ, ਭਾਜਪਾ, ‘ਆਪ’ ਜਾਂ ਆਵਾਜ-ਏ-ਪੰਜਾਬ ਸਾਰਿਆਂ ਦਾ ਏਜੰਡਾ ਹੈ ਪੰਜਾਬ ਪੰਜਾਬੀਅਤ ਨੂੰ ਬਚਾਉਣ ਦੀ ਆੜ ਹੇਠ ਸਿੱਖੀ ਨੂੰ ਪੰਜਾਬ ਵਿੱਚੋਂ ਮਨਫੀ ਕਰਨਾ। ਇਹ ਵਿਚਾਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਤਰਨ ਤਾਰਨ ਵਿਖੇ ਹੋਈ ਮੀਟਿੰਗ ਤੋਂ ਬਾਅਦ ਪ੍ਰਗਟ ਕਰਦਿਆਂ ਜਾਰੀ ਸਾਂਝੇ ਬਿਆਨ ਵਿੱਚ ਖਾਲੜਾ ਮਿਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਸੰਦੇਸ਼ (ਜੁਰਮ ਦੇ ਖਿਲਾਫ ਲੜਨਾ, ਦੱਬਿਆ ਕੁਚਲਿਆ ਦੀ ਬਾਂਹ ਫੜਨਾ, ਨਿਆਸਰਿਆ ਦਾ ਆਸਰਾ ਬਣਨਾ, ਮੂਰਤੀ ਪੂਜਾ ਦਾ ਵਿਰੋਧ ਅਤੇ ਸਾਰੀ ਮਨੁੱਖਤਾ ਬਰਾਬਰ ਹੈ) ਨੂੰ ਪੰਜਾਬ ਵਿੱਚੋਂ ਮਨਫੀ ਕਰਨ ਲਈ ਇਹ ਧਿਰਾਂ ਇੱਕ-ਜੁੱਟ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸ਼ਿੰਘ ਬਾਦਲ ਨੇ ਅਕਾਲੀ ਦਲ ਨੂੰ ਮੋਗਾ ਕਨਵੈਨਸ਼ਨ ਵਿੱਚ ਪੰਜਾਬੀ ਪਾਰਟੀ ਦਾ ਰੂਪ ਦੇ ਦਿੱਤਾ ਅਤੇ ਸਿੱਖੀ ਨਾਲੋਂ ਤੋੜ ਵਿਛੋੜਾ ਕਰ ਲਿਆ।

fake encounter

ਤਸਵੀਰ ਸਿਰਫ ਪ੍ਰਤੀਕ ਦੇ ਤੌਰ ‘ਤੇ ਵਰਤੀ ਗਈ

ਕਾਂਗਰਸ, ਆਰ.ਐਸ.ਐਸ. ਭਾਜਪਾ ਤਾਂ ਸਿੱਖੀ ਦੇ ਜਨਮ ਤੋਂ ਹੀ ਵੈਰੀ ਹਨ ਅਤੇ ਬਾਦਲ ਦਲ ਨੇ ਪੰਜਾਬੀ ਪਾਰਟੀ ਦਾ ਰੂਪ ਧਾਰਨ ਤੋਂ ਬਾਅਦ ਝੂਠੇ ਮੁਕਾਬਲਿਆਂ ਦੇ ਮਹਾਂਦੋਸ਼ੀ ਇਜ਼ਹਾਰ ਆਲਮ ਨੂੰ ਅਕਾਲੀ ਦਲ ਬਾਦਲ ਦਾ ਮੀਤ ਪ੍ਰਧਾਨ ਬਣਾ ਕੇ ਸ਼ਰਾਬ ਅਤੇ ਨਸ਼ਿਆਂ ਦੇ ਤਸਕਰਾਂ ਨੂੰ ਉੱਚੇ ਅਹੁਦੇ ਦੇ ਕੇ ਰਾਜ ਭਾਗ ਦਾ ਹਿੱਸਾ ਬਣਾਇਆ। ਐਨ.ਕੇ. ਸ਼ਰਮਾ ਵਰਗੇ ਜ਼ਮੀਨਾਂ ’ਤੇ ਕਬਜ਼ਾ ਕਰਨ ਵਾਲਿਆਂ ਨੂੰ ਬਾਦਲ ਦਲ ਦਾ ਖਜ਼ਾਨਚੀ ਅਤੇ ਐਮ.ਐਲ.ਏ. ਬਣਾਇਆ। ਇਸੇ ਲੜੀ ਤਹਿਤ ਹੀ ਅਕਾਲ ਤਖ਼ਤ ਸਾਹਿਬ ’ਤੇ ਹਮਲੇ ਅਤੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਦੀ ਪਿੱਠ ਤੇ ਬਾਦਲ ਦਲ ਖੜਾ ਹੋ ਗਿਆ। ਉਨ੍ਹਾਂ ਕਿਹਾ ਧਰਮ ਅਤੇ ਰਾਜਨੀਤੀ ਉੱਪਰ ਮਾੜੇ ਅਨਸਰਾਂ ਦਾ ਬੋਲ-ਬਾਲਾ ਹੋ ਗਿਆ ਹੈ ਜਿਸ ਕਾਰਨ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਨੂੰ ਅਕਾਲ ਤਖਤ ਸਾਹਿਬ ਤੋਂ ਫਖਰ-ਏ-ਕੌਮ ਦਾ ਖਿਤਾਬ ਮਿਲਦਾ ਹੈ।

ਸਿਰਸੇ ਵਾਲੇ ਸਾਧ ਨੂੰ ਕਾਨੂੰਨੀ ਤੌਰ ’ਤੇ ਬਚਾਇਆ ਜਾਂਦਾ ਹੈ ਅਤੇ ਅਕਾਲ ਤਖਤ ਸਾਹਿਬ ਤੋਂ ਮੁਆਫੀਆਂ ਦਿੱਤੀਆਂ ਜਾਂਦੀਆਂ ਹਨ। ਐਸ.ਜੀ.ਪੀ.ਸੀ. ਪ੍ਰਧਾਨ ਮੱਕੜ ਵਰਗਿਆਂ ਨੂੰ ਪੰਜਾਬ ਅੰਦਰ ਕੋਈ ਝੂਠਾ ਮੁਕਾਬਲਾ ਨਜ਼ਰ ਨਹੀਂ ਆਉਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਬਾਦਲ ਦਲ ਬਚਾ ਰਿਹਾ ਹੈ। ਐਸ.ਵਾਈ.ਐਲ. ਦੇ ਮਾਮਲੇ ’ਚ ਬੇਨਕਾਬ ਹੋਇਆ ਬਾਦਲ ਦਲ ਹੁਣ ਚੰਡੀਗੜ੍ਹ ਦੇ ਮਾਮਲੇ ’ਤੇ ਵੀ ਬੇਨਕਾਬ ਹੋ ਗਿਆ ਹੈ। ਬਾਦਲ ਦਾ ਇਹ ਬਿਆਨ, “ਕਿ ਚੰਡੀਗੜ੍ਹ ਦਾ ਪੰਜਾਬ ਨੂੰ ਮਿਲਣ ਦਾ ਮਤਲਬ ਮੁਰਦੇ ਵਿੱਚ ਜਾਨ ਪਾਉਣ ਬਰਾਬਰ”, ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਬਾਦਲ ਦੇ ਰਹਿੰਦਿਆਂ ਸਿੱਖ ਪੰਥ ਦੀ ਹਰ ਬੰਨੇ ਹਾਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,