July 1, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਉੜਤਾ ਪੰਜਾਬ ਫ਼ਿਲਮ ਰਾਹੀਂ ਸਿੱਖਾਂ ਦੀ ਸ਼ਾਨ ਤੇ ਕਾਬਲੀਅਤ ਨੂੰ ਕਲੰਕ ਲਾਉਣ ਦੇ ਪਿੱਛੇ ਸਿਆਸੀ ਤਾਕਤਾਂ ਕੋਝੀਆਂ ਹਰਕਤਾਂ ਕਰ ਰਹੀਆਂ ਹਨ।ਇਸ ਫਿਲਮ ਨੇ ਸਿੱਖਾਂ ਨੂੰ ਬਦਨਾਮ ਕੀਤਾ ਹੈ। ਇਹ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਕਤ ਫ਼ਿਲਮ ਦੇਖ ਕੇ ਆਏ ਕਈ ਸਿੱਖ ਬੁੱਧੀਜੀਵੀਆਂ ਵੱਲੋਂ ਦਿੱਤੇ ਗਏ ਹਵਾਲੇ ਦੇ ਆਧਾਰ ’ਤੇ ਕੀਤਾ ਹੈ।
ਜੀ.ਕੇ. ਨੇ ਕਿਹਾ ਕਿ ਉਨ੍ਹਾਂ ਖੁਦ ਇਹ ਫ਼ਿਲਮ ਨਹੀਂ ਦੇਖੀ ਪਰ ਫ਼ਿਲਮ ਦੇਖ ਕੇ ਆਏ ਦਰਸ਼ਕਾਂ ਤੋਂ ਜੋ ਸੁਣਿਆ, ਉਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਨਸ਼ੇ ਦੀ ਸਮੱਸਿਆ ਨਾਂ ’ਤੇ ਬਣਾਈ ਗਈ ਇਹ ਫ਼ਿਲਮ ਸੂਖ਼ਮ ਢੰਗ ਨਾਲ ਸਿੱਖੀ ਦੇ ਅਕਸ ’ਤੇ ਹਮਲਾ ਕਰਨ ਦਾ ਮਾਧਿਅਮ ਬਣ ਗਈ ਹੈ। ਉਨ੍ਹਾਂ ਕਿਹਾ ਕਿ ਬੇਲੋੜੀਆਂ ਗਾਲ੍ਹਾਂ ਅਤੇ ਨੀਵੇਂ ਸਤਰ ਦੇ ਡਾਇਲਾਗਾਂ ਰਾਹੀਂ ਪੰਜਾਬੀ ਸਭਿਆਚਾਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਕਰਕੇ ਗੈਰ ਪੰਜਾਬੀਆਂ ਦੇ ਦਿਲਾਂ ਵਿਚ ਪੰਜਾਬੀਆਂ ਖਾਸਕਰ ਸਿੱਖਾਂ ਦੇ ਬਾਰੇ ਮਾੜਾ ਅਕਸ਼ ਬਣਨ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।
ਉਨ੍ਹਾਂ ਫ਼ਿਲਮ ਵਿਚ ਸਾਬਤ ਸੂਰਤ ਸਿੱਖ ਪੁਲਿਸ ਅਫ਼ਸਰ ਵੱਲੋਂ ਫ਼ਿਲਮ ਦੀ ਨਾਇਕਾ ਆਲੀਆ ਭੱਟ ਦਾ ਕਈ ਵਾਰ ਸਾਮੂਹਿਕ ਬਲਾਤਕਾਰ ਕਰਵਾਉਣ ਦੇ ਜਬਰਨ ਥੋਪੇ ਗਏ ਦ੍ਰਿਸ਼ਾਂ ਨੂੰ ਸਿੱਖਾਂ ਦੇ ਚਰਿੱਤਰ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਦੀ ਸਾਜਿਸ਼ ਦੱਸਿਆ। ਅੱਜ ਤਕ ਸਿੱਖਾਂ ਨੂੰ ਧੀ-ਭੈਣਾਂ ਦਾ ਰਖਵਾਲਾ ਸਮਝਿਆ ਜਾਂਦਾ ਸੀ ਪਰ ਇਸ ਫ਼ਿਲਮ ਨੇ ਸਿੱਖਾਂ ਨੂੰ ਕੁੜੀਆਂ ਦੀ ਪੱਤ ਲੁਟਣ ਵਾਲੇ ਲੁਟੇਰੇ ਦਾ ਅਕਸ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ।
ਫ਼ਿਲਮ ਵਿੱਚ ਅੰਮ੍ਰਿਤ ਵੇਲੇ ਸੋਦਰ ਰਹਿਰਾਸ ਦਾ ਪਾਠ ਕਰਦੇ ਵਿਖਾਉਣਾ, ਪੰਜਾਬ ਦੀ ਤੁਲਣਾ ਮੈਕਸੀਕੋ ਨਾਲ ਕਰਨਾ, ਸਿੱਖਾਂ ਨੂੰ ਨਸ਼ੇੜੀ ਵਿਖਾਉਣਾ, ਪਤਿਤ ਸਿੱਖ ਨਾਇਕ ਦਾ ਨਾਂ ਕੁੱਤਿਆਂ ਵਾਲੇ ਨਾਂ ’ਤੇ ਟੌਮੀ ਰੱਖਣਾ, ਨਸ਼ਿਆਂ ਦੇ ਖਿਲਾਫ਼ ਲੜਾਈ ਲੜ ਰਹੀ ਡਾਕਟਰ ਦਾ ਕਤਲ ਸਾਬਤ ਸੂਰਤ ਸਿੱਖ ਪਾਸੋਂ ਕਰਵਾਉਣਾ ਅਤੇ ਨਸ਼ਾ ਕਰਨ ਲਈ ਪੈਸਾ ਨਾ ਦੇਣ ’ਤੇ ਮਾਂ ਦਾ ਕਤਲ ਪੁੱਤਰ ਵੱਲੋਂ ਕਰਨ ਵਰਗੇ ਦਿਖਾਏ ਗਏ ਦ੍ਰਿਸ਼ਾਂ ’ਤੇ ਉਨ੍ਹਾਂ ਨੇ ਇਤਰਾਜ਼ ਜਤਾਇਆ।
ਫ਼ਿਲਮ ਵਿਚ ਬਿਹਾਰ ਤੋਂ ਕੰਮ ਦੀ ਤਲਾਸ਼ ਵਿਚ ਪੰਜਾਬ ਆਈ ਫ਼ਿਲਮ ਦੀ ਨਾਇਕਾ ਵੱਲੋਂ ਬੋਲੇ ਗਏ ਡਾਇਲਾਗ ਨੂੰ ਜੀ.ਕੇ. ਨੇ ਪੰਜਾਬੀਆਂ ਨੂੰ ਜ਼ਲੀਲ ਕਰਨ ਦੇ ਬਰਾਬਰ ਦੱਸਿਆ।
Related Topics: DSGMC, Manjit Singh GK, Udta Punjab