June 21, 2016 | By ਸਿੱਖ ਸਿਆਸਤ ਬਿਊਰੋ
ਲੰਡਨ: ਸਿੱਖ ਨੈਟਵਰਕ ਵਲੋਂ ਯੂ.ਕੇ. ਦੇ 2500 ਸਿੱਖਾਂ ’ਤੇ ਕੀਤੇ ਗਏ ਸਰਵੇ, ਜਿਸ ਵਿਚ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਉਹ ਯੂਰੋਪੀਅਨ ਯੂਨੀਅਨ ਵਿਚ ਰਹਿਣਾ ਚਾਹੁੰਦੇ ਹਨ ਕਿ ਨਹੀਂ, ਵਿਚ 59.9% ਸਿੱਖਾਂ ਨੇ ਕਿਹਾ ਕਿ ਉਹ ਯੂਰੋਪੀਅਨ ਯੂਨੀਅਨ ਵਿਚ ਰਹਿਣਾ ਚਾਹੁੰਦੇ ਹਨ, ਜਦਕਿ 40.1% ਸਿੱਖਾਂ ਨੇ ਵੱਖ ਹੋਣ ਦੇ ਹੱਕ ਵਿਚ ਵੋਟ ਪਾਉਣ ਦੀ ਗੱਲ ਕਹੀ ਹੈ।
ਸਰਵੇ ਵਿਚ ਹਿੱਸਾ ਲੈਣ ਵਾਲੇ ਬਹੁਤੇ ਸਿੱਖ ਲੰਡਨ, ਵੈਸਟ ਮਿਡਲੈਂਡਸ, ਈਸਟ ਮਿਡਲੈਂਡਸ, ਦੱਖਣੀ ਅਤੇ ਪੂਰਬੀ ਯੌਰਕਸ਼ਾਇਰ ਅਤੇ ਹੰਬਰ ਇਲਾਕਿਆਂ ਦੇ ਸਨ। ਸਿੱਖਾਂ ਦੀ ਇੱਛਾ ਵਿਚ ਇਲਾਕਾਈ ਵਖਰੇਵਾਂ ਵੀ ਦਰਜ ਕੀਤਾ ਗਿਆ, ਯੂਰੋਪੀਅਨ ਯੂਨੀਅਨ ਵਿਚ ਰਹਿਣ ਦੇ ਹੱਕ ਵਿਚ 34% ਦੱਖਣੀ-ਪੂਰਬੀ, 30% ਤੋਂ ਵੱਧ ਪੂਰਬੀ ਮਿਡਲੈਂਡਸ, 14% ਤੋਂ ਵੱਧ ਵੈਸਟ ਮਿਡਲੈਂਡਸ ਵਿਚੋਂ, 11% ਤੋਂ ਵੱਧ ਯੌਰਕਸ਼ਾਇਰ ਅਤੇ ਹੰਬਰ, 9% ਤੋਂ ਵੱਧ ਲੰਡਨ ਦੇ ਇਲਾਕੇ ਵਿਚੋਂ ਹਨ।
ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਕਿਹਾ, “ਸਰਵੇ ਸਾਬਤ ਕਰਦਾ ਹੈ ਕਿ ਯੂਰੋਪੀਅਨ ਯੂਨੀਅਨ ਵਿਚ ਰਹਿਣ ਦੇ ਹੱਕ ਵਿਚ ਸਿੱਖਾਂ ਵਲੋਂ ਸਪੱਸ਼ਟ ਬਹੁਮਤ ਦਿੱਤਾ ਜਾ ਰਿਹਾ ਹੈ। ਸਿੱਖ ਆਮ ਤੌਰ ’ਤੇ ਵੱਡੀ ਗਿਣਤੀ ਵਿਚ ਵੋਟਾਂ ਪਾਉਣ ਜਾਂਦੇ ਹਨ। ਪਛਲੇ ਸਾਲ ਹੋਈਆਂ ਆਮ ਚੋਣਾਂ ਵਿਚ ਸਿੱਖਾਂ ਨੇ 75% ਵੋਟਾਂ ਪਾਈਆਂ ਜੋ ਕਿ ਕੌਮੀ ਔਸਤ ਨਾਲੋਂ 10% ਵੱਧ ਸੀ। ਸਰਵੇ ਇਹ ਵੀ ਦਰਸਾਉਂਦਾ ਹੈ ਕਿ 30 ਸਾਲ ਤੋਂ ਘੱਟ ਉਮਰ ਦੇ 70% ਸਿੱਖ ਯੂਰੋਪੀਅਨ ਯੂਨੀਅਨ ਨਾਲ ਰਹਿਣਾ ਚਾਹੁੰਦੇ ਹਨ, ਬਨਿਸਬਤ ਕਿ 56% ਜੋ ਕਿ 30 ਸਾਲ ਤੋਂ ਉੱਪਰ ਹਨ। ਅਗਲੇ ਕੁਝ ਦਿਨਾਂ ਵਿਚ ਅਸੀਂ ਅਪੀਲ ਕਰਾਂਗੇ ਕਿ ਹਰੇਕ ਸਿੱਖ ਆਪਣੇ ਆਪ ਨੂੰ ਰਜਿਸਟਰ ਕਰਵਾਵੇ ਅਤੇ 23 ਜੂਨ ਨੂੰ ਵੋਟ ਪਾਵੇ।
Related Topics: European Referendum 2016, European Union, Sikh Federation UK, Sikh News UK, Sikhs in United Kingdom