February 26, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ ਅਕਾਲੀ ਆਗੂਆਂ ਨੇ ਖੁੱਲ਼ੀ ਬਹਿਸ ਦੀ ਚੁਣੌਤੀ ਦਿੱਤੀ ਹੈ।ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਲਲਕਾਰਦਿਆਂ ਕਿਹਾ ਹੈ ਕਿ ਉਹ ਪ੍ਰਚਾਰ ਦੇ ਘਟੀਆ ਹਥਕੰਢੇ ਵਰਤਣ ਦੀ ਥਾਂ ਦਿੱਲੀ ਵਿਚ ਕਰਵਾਏ ਵਿਕਾਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ’ਤੇ ਬਹਿਸ ਕਰਕੇ ਵੇਖ ਲਵੇ। ਇੱਥੋਂ ਜਾਰੀ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਹੈ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਵਿਕਾਸ ਪ੍ਰਾਪਤੀਆਂ ਅਤੇ ਸਮਾਜਿਕ ਭਲਾਈ ਕੰਮਾਂ ਬਾਰੇ ਦੱਸੇ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ 532 ਕਰੋੜ ਰੁਪਏ ਖਰਚ ਕੇ ਕੀਤੇ ਜਾ ਰਹੇ ਪ੍ਰਚਾਰ ਰਾਹੀਂ ਤਾਂ ਸਿਰਫ ਇਹ ਹੀ ਪਤਾ ਲੱਗਦਾ ਹੈ ਕਿ ਉਹ ਇਕ ਡਿਸਪੈਂਸਰੀ ਬਣਾ ਕੇ ਕਹਿ ਦਿੰਦਾ ਹੈ ਕਿ ਉਸਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਛੋਟੇ-ਮੋਟੇ ਕੰਮ ਕਰਕੇ ਕੇਜਰੀਵਾਲ ਪ੍ਰਚਾਰ ਉੱਤੇ ਮੋਟੀ ਰਕਮ ਖਰਚ ਕਰਕੇ ਇਸ ਨੂੰ ਆਪਣੀਆਂ ਵੱਡੀਆਂ ਪ੍ਰਾਪਤੀਆਂ ਵੱਜੋਂ ਲੋਕਾਂ ਸਾਹਮਣੇ ਪੇਸ਼ ਕਰ ਦਿੰਦਾ ਹੈ।
ਕੇਜਰੀਵਾਲ ਵੱਲੋਂ ਦਿੱਤੇ ਬਿਆਨ ਕਿ ਜੇਕਰ ਉਹ 2017 ਵਿਚ ਪੰਜਾਬ ਵਿਚ ਸੱਤਾ ਸੰਭਾਲਦਾ ਹੈ ਤਾਂ ਦੋ ਮਹੀਨੇ ਵਿਚ ਭ੍ਰਿਸ਼ਟਾਚਾਰ ਖਤਮ ਕਰ ਦੇਵੇਗਾ, ਬਾਰੇ ਢੀਂਡਸਾ ਅਤੇ ਭੂੰਦੜ ਨੇ ਕਿਹਾ ਕਿ ਦਿੱਲੀ ਵਿਚ ਭ੍ਰਿਸ਼ਟਾਚਾਰ ਹਾਲੇ ਵੀ ਜਾਰੀ ਹੈ ਅਤੇ ਇੱਥੋਂ ਤੱਕ ਕਿ ਭ੍ਰਿਸ਼ਟਾਚਾਰ ਨੇ ਆਪਣੇ ਪੈਰ ਹੋਰ ਜ਼ਿਆਦਾ ਪਸਾਰ ਲਏ ਹਨ। ਉਨ੍ਹਾਂ ਕੇਜਰੀਵਾਲ ਨੂੰ ਪੁੱਛਿਆ ਕਿ ਜੇਕਰ ਉਹ ਸੱਚਮੁਚ ਹੀ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦਾ ਹੈ ਤਾਂ ਉਸਨੇ ਆਜ਼ਾਦ ਲੋਕਪਾਲ ਨਿਯੁਕਤ ਕਰਨ ਦਾ ਆਪਣਾ ਵਾਅਦਾ ਕਿਉਂ ਪੂਰਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਡਰਦਿਆਂ ਇਸ ਲਈ ਇਹ ਕਦਮ ਨਹੀਂ ਚੁੱਕਿਆ ਕਿਉਂ ਕਿ ਇਸ ਨਾਲ ਉਸਦੀ ਸਰਕਾਰ ਦਾ ਹੀ ਭ੍ਰਿਸ਼ਟਾਚਾਰ ਬੇਪਰਦ ਹੋ ਜਾਣਾ ਸੀ। ਦੋਵਾਂ ਆਗੂਆਂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਉਹੀ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵੱਲੋਂ ਕੀਤੇ ਵਿਕਾਸ ਉੱਤੇ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਣ ਹੈ ਕਿ ਉਨ੍ਹਾਂ ਦੀ ਪਾਰਟੀ ਕੇਜਰੀਵਾਲ ਨਾਲ ਵਿਕਾਸ ਦੇ ਮੁੱਦੇ ਉੱਤੇ ਬਹਿਸ ਕਰਨ ਦੀ ਮੰਗ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਇਸ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਾਣਦੀ ਹੈ ਕਿ ਉਨ੍ਹਾਂ ਕੋਲ ਦਿੱਲੀ ਵਿਚ ਦਿਖਾਉਣ ਲਈ ਕੁਝ ਨਹੀਂ ਹੈ ਅਤੇ ਜੇਕਰ ਬਹਿਸ ਹੋਈ ਤਾਂ ਪੰਜਾਬ ਦੇ ਲੋਕ ਇਕ ਮਿੰਟ ਵਿਚ ਜਾਣ ਜਾਣਗੇ ਕਿ ਕੇਜਰੀਵਾਲ ਕਿਵੇਂ ਹਵਾ ਵਿਚ ਮਹਿਲ ਉਸਾਰਦਾ ਹੈ।
Related Topics: Aam Aadmi Party, Arvind Kejriwal, Badal Dal, Balwinder Singh Bhundar, Sukhdev Singh Dhindsa