November 9, 2015 | By ਸਿੱਖ ਸਿਆਸਤ ਬਿਊਰੋ
ਬਠਿੰਡਾ (8 ਨਵੰਬਰ, 2015): ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਲੜ ਰਹੇ ਪ੍ਰਸਿੱਧ ਵਕੀਲ ਐਚ. ਐਸ. ਫੂਲਕਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਸੱਤਾ ‘ਚ ਆਉਂਦਿਆਂ ਹੀ ਉਹ 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਗੇ ।ਪਰ ਇਸਦੇ ਉਲਟ 1984 ‘ਚ ਹੋਏ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਜਗਦੀਸ਼ ਟਾਇਟਲਰ ਵਿਰੁੱਧ ਪੁਖਤਾ ਸਬੂਤਾਂ ਦੇ ਬਾਵਜੂਦ ਉਸ ਨੂੰ ਬੇਕਸੂਰ ਕਰਾਰ ਦੇ ਕੇ ਇਸ ਮਾਮਲੇ ਨੂੰ ਬੰਦ ਕਰਵਾਉਣ ਲਈ ਅਦਾਲਤ ਵਿੱਚ ਰਿਪੋਰਟ ਦਾਖਲ ਕਰਨ ਵਾਲੀ ਐਨ. ਡੀ. ਏ. ਸਰਕਾਰ ਦੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਤੁਰੰਤ ਅਸਤੀਫਾ ਦੇਣ ।
ਉਨ੍ਹਾਂ ਕਿਹਾ ਕਿ ਦੇਸ਼ ਦੀ ਐਨ. ਡੀ. ਏ. ਸਰਕਾਰ ਦੇ ਰਾਜ, ਜਿਸ ਵਿਚ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਹਨ, ਵੱਲੋਂ ਜਗਦੀਸ਼ ਟਾਇਟਲਰ ਨੂੰ ਬੇਕਸੂਰ ਕਰਾਰ ਦਿੰਦਿਆਂ ਦਸੰਬਰ 2014 ‘ਚ ਚੁੱਪ ਚਪੀਤੇ ਹੀ ਅਦਾਲਤ ‘ਚ ਮਾਮਲੇ ਨੂੰ ਬੰਦ ਕਰਵਾਉਣ ਲਈ ਰਿਪੋਰਟ ਦੇ ਦਿੱਤੀ ਗਈ, ਜਿਸ ਦੀ ਭਿਣਕ ਨਾ ਤਾਂ ਮੀਡੀਆ ਨੂੰ ਪੈਣ ਦਿੱਤੀ ।
ਉਨ੍ਹਾਂ ਦੋਸ਼ ਲਗਾਇਆ ਕਿ ਜਗਦੀਸ਼ ਟਾਇਟਲਰ ਵਿਰੁੱਧ ਸੀ. ਬੀ. ਆਈ. ਕੋਲ ਗਵਾਹਾਂ ਨੂੰ ਡਰਾਉਣ ਧਮਕਾਉਣ ਅਤੇ ਗਵਾਹਾਂ ਨੰੂ ਖਰੀਦਣ ਲਈ ਹਵਾਲਾਂ ਰਾਹੀਂ ਕੈਨੇਡਾ ਭੇਜੇ ਗਏ 5 ਕਰੋੜ ਰੁਪਏ ਦੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਵੀ ਸੀ. ਬੀ. ਆਈ. ਨੇ ਸਰਕਾਰ ਦੇ ਕਹਿਣ ‘ਤੇ ਮਾਮਲੇ ਨੂੰ ਬੰਦ ਕਰਵਾਉਣ ਲਈ ਰਿਪੋਰਟ ਦਾਖਲ ਕੀਤੀ ਹੈ ।
1984 ਦੇ ਕਤਲੇਆਮ ‘ਚ ਇਕ ਹੋਰ ਦੋਸ਼ੀ ਸੱਜਣ ਕੁਮਾਰ ਵਿਰੁੱਧ ਦਿੱਲੀ ਦੇ ਨੰਗਲੋਈ ਥਾਣੇ ‘ਚ 1992 ‘ਚ ਚਾਰਜਸ਼ੀਟ ਹੋਈ ਸੀ, ਜਿਸ ਦਾ 1992 ਤੋਂ ਲੈ ਕੇ ਅੱਜ ਤੱਕ ਚਲਾਣ ਹੀ ਪੇਸ਼ ਨਹੀਂ ਹੋ ਸਕਿਆ, ਜਦਕਿ ਆਮ ਤੌਰ ‘ਤੇ ਚਾਰਜਸ਼ੀਟ ਤੋਂ ਦੋ ਹਫਤਿਆਂ ਦੇ ਦਰਮਿਆਨ ਹੀ ਚਲਾਣ ਪੇਸ਼ ਹੋ ਜਾਂਦਾ ਹੈ ।ਬੀਬੀ ਬਾਦਲ ਤੇ ਅਸਤੀਫਾ ਦੇਣ ਲਈ ਦਬਾਅ ਬਣਾਉਣ ਲਈ 14 ਨਵੰਬਰ ਨੰੂ ਬਰਗਾੜੀ ਤੋਂ ਹਰਸਿਮਰਤ ਕੌਰ ਦੇ ਬਠਿੰਡਾ ਸਥਿਤ ਦਫਤਰ ਤੱਕ 45 ਕਿਲੋਮੀਟਰ ਸਾਈਕਲ ਰੈਲੀ ਕਰਨ ਜਾ ਰਹੇ ਹਨ, ਜਿਸ ਵਿਚੋਂ ਸਾਰੇ ਮਨੁੱਖੀ ਅਧਿਕਾਰ ਸੰਗਠਨਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਭਾਗ ਲੈਣਗੇ ।
Related Topics: Advocate Harwinder Singh Phoolka, CBI, Jagdeesh Tytlar, ਸਿੱਖ ਨਸਲਕੁਸ਼ੀ 1984 (Sikh Genocide 1984), ਹਰਸਿਮਰਤ ਕੌਰ ਬਾਦਲ (Harsimrat Kaur Badal)