November 5, 2015 | By ਸਿੱਖ ਸਿਆਸਤ ਬਿਊਰੋ
ਅੰਮਿ੍ਤਸਰ (4 ਨਵੰਬਰ, 2015): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਸਾਝਾਂ ਅਤੇ ਹੋਰ ਕੁਝ ਜੱਥੇਬੰਦੀਆਂ ਵੱਲੋਂ 10 ਨਵੰਬਰ ਨੂੰ ਸੱਦੇ ਪੰਥਕ ਇਕੱਠ ਦੇ ਮੱਦੇ ਨਜ਼ਰ ਬਾਦਲ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਅਤੇ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਨਾਲ ਗੁਪਤ ਬੈਠਕਾਂ ਕੀਤੀਆਂ ਹਨ।
ਬੇਸ਼ੱਕ ਬਾਦਲ ਦਲ ਦੇ ਪ੍ਰਧਾਨ ਨਾਲ ਇਨ੍ਹਾਂ ਆਗੁਆਂ ਦੀਆਂ ਹੋਈਆਂ ਬੈਠਕਾਂ ਦੇ ਵੇਰਵੇ ਜਨਤਕ ਨਹੀਂ ਹੋਏ ਪਰ ਭਰੋਸੇਯੋਗ ਸੂਤਰਾਂ ਅਨੁਸਾਰ ਟਕਸਾਲ ਮੁਖੀ ਦੀ ਮੰਗ ‘ਤੇ ਗੁਰੂ ਸਾਹਿਬ ਦੀ ਬੇਅਦਬੀ ਸਬੰਧੀ ਜਾਂਚ ਕੇਂਦਰੀ ਏਜੰਸੀ ਨੂੰ ਦੇਣ ਦੇ ਇਵਜ਼ ਵਜੋਂ ਉਪ ਮੁੱਖ ਮੰਤਰੀ ਚਾਹੁੰਦੇ ਹਨ ਕਿ ਟਕਸਾਲ ਸਿੱਖਾਂ ਨੂੰ ‘ਸਰਬੱਤ ਖਾਲਸਾ’ ਦਾ ਸਿਧਾਂਤ ਸਮਝਣ ਦੀ ਜਨਤਕ ਅਪੀਲ ਕਰੇ।
ਅਖਬਾਰਾਂ ਵਿੱਚ ਨਸ਼ਰ ਖਬਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਹਰਨਾਮ ਸਿੰਘ ਨੇ ਇਸ ਮੌਕੇ ਆਪਣੀ ਦੂਸਰੀ ਅਹਿਮ ਮੰਗ ਸਿੱਖਾਂ ਦੀ ਅਲੋਚਨਾ ਦਾ ਸ਼ਿਕਾਰ ਬਣ ਰਹੇ ਜਥੇਦਾਰਾਂ ਤੋਂ ਅਸਤੀਫੇ ਲੈਣ ‘ਚ ਕੀਤੀ ਜਾ ਰਹੀ ਦੇਰੀ ਨੂੰ ਮੁੜ ਸਰਗਰਮ ਕੀਤਾ ਅਤੇ ਇਸੇ ਨੂੰ ਹੀ ਵਧਦੇ ਦਬਾਅ ਦਾ ਹੱਲ ਵੀ ਦੱਸਿਆ ਹੈ।
ਸੂਤਰਾਂ ਅਨੁਸਾਰ ਟਕਸਾਲ ਮੁਖੀ ਨੇ ਸੰਤ ਸਮਾਜ ਅਤੇ ਹੋਰਨਾਂ ਜਥੇਬੰਦੀਆਂ ਦੀ ਰਾਏ ਦੱਸਦਿਆਂ ਸੁਝਾਅ ਦਿੱਤਾ ਕਿ ਜਥੇਦਾਰਾਂ ਦੀ ਸੇਵਾ ਮੁਕਤੀ ਮਗਰੋਂ ਫਿਲਹਾਲ ਨਿਰਵਿਵਾਦ ਗ੍ਰੰਥੀ ਸਿੰਘ ਸਾਹਿਬਾਨ ਨੂੰ ਤਖਤ ਸਾਹਿਬਾਨ ਦੇ ਕਾਰਜਕਾਰੀ ਜਥੇਦਾਰ ਥਾਪ ਦਿੱਤਾ ਜਾਏ ।ਜਿੰਨ੍ਹਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਥੱਲੇ ਸਮੁੱਚੀਆਂ ਸਿੱਖ ਸੰਸਥਾਵਾਂ, ਜਥੇਬੰਦੀਆਂ, ਸੰਪਰਦਾਵਾਂ ਤੋਂ ਸੁਝਾਅ ਇਕੱਤਰ ਕਰਨ ਲਈ ਵਿਖੇ ‘ਸਰਬੱਤ ਖਾਲਸਾ’ ਸੱਦਿਆ ਜਾ ਸਕਦਾ ਹੈ ।
ਉਨ੍ਹਾਂ ਅਨੁਸਾਰ ਇਸ ਪਹਿਲ ਨਾਲ ਰੋਸਜ਼ਦਾ ਸਿੱਖਾਂ ਦੀ ਮੰਗ ਪੂਰੀ ਹੋ ਜਾਵੇਗੀ ਅਤੇ ਜਿਥੇ 10 ਨਵੰਬਰ ਦੇ ਪੰਥਕ ਇਕੱਠ ਦਾ ਮੁੱਖ ਮੁੱਦਾ ਪੂਰਾ ਹੋ ਜਾਵੇਗਾ ।ਉਥੇ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਸੱਦੇ ਜਾਣ ਦੀ ਪ੍ਰੰਪਰਾ ਬਹਾਲ ਰਹੇਗੀ ।
ਕੋਰ ਕਮੇਟੀ ਦੀ ਬੈਠਕ ਮਗਰੋਂ ਭਾਵੇਂ ਇਹ ਸੂਚਨਾ ਜਾਰੀ ਨਹੀਂ ਕੀਤੀ ਗਈ ਪਰ ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਅਕਾਲੀ ਦਲ ਵੱਲੋਂ 10 ਦੇ ਪੰਥਕ ਇਕੱਠ ‘ਚ ਸ਼ਾਮਿਲ ਹੋਣ ਤੋਂ ਅਸਹਿਮਤ ਧਿਰਾਂ ਨੂੰ ਇਕ ਮੰਚ ‘ਤੇ ਲਿਆਉਣ ਦੀ ਵੀ ਯੋਜਨਾਬੰਦੀ ਕੀਤੀ ਗਈ ।ਇਸ ਸਬੰਧੀ 6 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਬੈਠਕ ਕਰਵਾਉਣ ਲਈ ਅਮਲ ਸ਼ੁਰੂ ਕੀਤਾ ਗਿਆ ਹੈ, ਜਿਸ ‘ਚ ਸੰਤ ਸਮਾਜ ਸਮੇਤ ਹੋਰਨਾਂ ਪੰਥਕ ਧਿਰਾਂ ਦੀ ਸ਼ਮੂਲੀਅਤ ਕਰਵਾਉਣ ਦੀਆਂ ਵੀ ਕੋਸ਼ਿਸ਼ਾਂ ਹਨ ।
ਉਪ ਮੁੱਖ ਮੰਤਰੀ ਜਥੇਦਾਰਾਂ ਦੀ ਸੇਵਾ ਮੁਕਤੀ ਤੋਂ ਫਿਲਹਾਲ ਝਿਜਕ ਰਹੇ ਹਨ, ਕਿਉਂਕਿ ਅਹੁਦਿਆਂ ਤੋਂ ਵੱਖ ਹੋਕੇ ਜਥੇਦਾਰ ਮੁਆਫ਼ੀ ਫੈਸਲੇ ਨਾਲ ਜੁੜੀ ਕਿਸੇ ਗੋਪਨੀਅਤਾ ਨੂੰ ਜੱਗ ਜ਼ਾਹਿਰ ਕਰਕੇ ਮੁੜ ਵਿਵਾਦ ਖੜਾ ਕਰ ਸਕਦੇ ਹਨ, ਓਧਰ ਸਰਬੱਤ ਖਾਲਸਾ ਸੱਦਣ ਵਾਲੀਆਂ ਪੰਥਕ ਧਿਰਾਂ ਵੱਲੋਂ ਇਕੱਠ ਮੌਕੇ ਜ਼ੇਲ੍ਹਾ ‘ਚ ਬੰਦ ਪ੍ਰਮੁੱਖ ਖਾੜਕੂ ਸਿੰਘਾਂ ਦੇ ਨਾਂਅ ਨਵੇਂ ਜਥੇਦਾਰਾਂ ਵਜੋਂ ਪੇਸ਼ ਕਰ ਦੇਣ ਦੀ ਸੰਭਾਵਨਾ ਵੀ ਵੇਖੀ ਜਾ ਰਹੀ ਹੈ ।
Related Topics: Baba Harnam Singh Dhumma, Sant Samaj, Shiromani Akali Dal Amritsar (Mann), sukhbir singh badal, United Akali Dal