ਵੀਡੀਓ » ਸਿੱਖ ਖਬਰਾਂ

ਸਿੱਖ ਪ੍ਰਚਾਰਕਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਸਿਰੇ ਨਾ ਲੱਗਣ ਤੋਂ ਬਾਅਦ ਪ੍ਰਚਾਰਕਾਂ ਨੇ ਖੂਨ ਦਾ ਪਿਆਲ ਮੁੱਖ ਮੰਤਰੀ ਨੂੰ ਭੇਜਿਆ

October 31, 2015 | By

ਐਸਏਐਸ ਨਗਰ (30 ਅਕਤੂਬਰ, 2015): ਅੱਜ ਸਿੱਖ ਪ੍ਰਚਾਰਕਾਂ ਨੇ ਆਪਣੇ ਖੂਨ ਦਾ ਪਿਆਲਾ ਭਰਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜਿਆ। ਮੁੱਖ ਮੰਤਰੀ ਨੂੰ ਖੁਨ ਦਾ ਪਿਆਲਾ ਉਸ ਸਮੇਂ ਭੇਜਿਆ ਜਦੋਂ ਸਿੱਖ ਪ੍ਰਚਾਰਕਾਂ ਅਤੇ ਸਰਕਾਰੀ ਧਿਰ ਦਰਮਿਆਨ ਚੱਲ ਰਹੀ ਗੱਲਬਾਤ ਕਿਸੇ ਸਿਰੇ ਨਾ ਲੱਗੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਖ਼ਿਲਾਫ਼ ਸ਼ਾਂਤਮਈ ਰੋਸ ਵਿਖਾਵਾ ਕਰਨ ਰਹੀ ਸਿੱਖ ਸੰਗਤ ਉੱਤੇ ਪੁਲੀਸ ਵੱਲੋਂ ਗੋਲੀ ਚਲਾਉਣ ਖ਼ਿਲਾਫ਼ ਸ਼ੁੱਕਰਵਾਰ ਨੂੰ ਇਥੇ ਸਿੱਖ ਪ੍ਰਚਾਰਕਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕੀਤੀ।

ਸਿੱਖ ਜਥੇਬੰਦੀਆਂ ਦੀ ਅਗਵਾਈ ਵਿੱਚ ਸੰਗਤ ਅੱਜ ਸਵੇਰੇ ਸਾਢੇ 10 ਵਜੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿੱਚ ਪਹੁੰਚਣੀ ਸ਼ੁਰੂ ਹੋ ਗਈ ਸੀ। ਭਾਈ ਪੰਥਪ੍ਰੀਤ ਸਿੰਘ ਖਾਲਸਾ ,ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ, ਬਲਜੀਤ ਸਿੰਘ ਦਾਦੂਵਾਲ, ਦਲੇਰ ਸਿੰਘ ਖੇੜੀ (ਸੰਗਰੂਰ), ਦਮਦਮੀ ਟਕਸਾਲ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਜੇਕਰ ਪੰਜਾਬ ਪੁਲੀਸ ਤੇ ਸਰਕਾਰ ਸਿੱਖਾਂ ਦੇ ਖੂਨ ਦੀ ਅੈਨੀ ਪਿਆਸੀ ਹੈ ਤਾਂ ਉਹ ਆਪਣਾ ਖੂਨ ਦੇਣ ਲਈ ਤਿਆਰ ਹਨ। ਦੁਪਹਿਰ ਡੇਢ ਵਜੇ ਸੰਗਤ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦੇ ਘਿਰਾਓ ਲਈ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ। ਜਿਵੇਂ ਹੀ ਵਿਖਾਵਾਕਾਰੀ ਵਾਈਪੀਐਸ ਚੌਕ ਨੇੜੇ ਪੁੱਜੇ ਤਾਂ ਉਥੇ ਪਹਿਲਾਂ ਤੋਂ ਹੀ ਤਾਇਨਾਤ ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ।

ਇਸ ਕਾਰਨ ਸਿੱਖ ਸੰਗਤ ਨੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਧਰਨਾ ਲਗਾ ਦਿੱਤਾ। ਸ਼ਾਮ ਸਵਾ 3 ਵਜੇ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਧਰਨਾਕਾਰੀਅਾਂ ਤੇ ਹੋਰ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਲਈ ਚੰਡੀਗੜ੍ਹ ਪਰਤ ਗਏ ਅਤੇ ਸ਼ਾਮ ਸਵਾ 5 ਵਜੇ ਧਰਨੇ ’ਤੇ ਆਏ।

ਇਸ ਸਮੇਂ ਪ੍ਰਚਾਰਕਾਂ ਵੱਲੋਂ ਸਰਕਾਰ ਸਾਹਮਣੇ ਰੱਖੀਆਂ ਤਿੰਨ ਮੰਗਾਂ ਵਿੱਚ ਪ੍ਰਚਾਰਕਾਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਚੱਲ ਰਹੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ। ਬਰਗਾੜੀ ਬੇਅਦਬੀ ਕੇਸ ਵਿੱਚ ਗ੍ਰਿਫਤਾਰ ਸਿੱਖ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਖਿਲਾਫ ਕੇਸ ਵਾਪਸ ਲ਼ਿਆ ਜਾਵੇ ਅਤੇ ਸਿੱਖ ਸੰਗਤ ‘ਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ/ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਇਨਾਂ ਤਿੰਨਾਂ ਮੰਗਾਂ ਦੇ ਜਵਾਬ ਵਿੱਚ ਸਰਕਾਰੀ ਧਿਰ ਦੇ ਨੁਮਾਂਇਦਿਆਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਮਾਮਲੇ ਵਿੱਚ ਵਿਸ਼ੇਸ ਜਾਂਚ ਟੀਮ ਬਣਾ ਦਿੱਤੀ ਗਈ ਹੈ। ਉਸ ਵਿੱਚ ਸਿੱਖ ਜੱਥੇਬੰਦੀਆਂ ਵੀ ਆਪਣੇ ਪ੍ਰਤਨਿਧ ਸ਼ਾਮਲ ਕਰ ਦੇਣ ਅਤੇ ਵਿਸ਼ੇਸ਼ ਜਾਂਚ ਟੀਮ ਦਾ ਸਹਿਯੋਗ ਦੇਣ।ਇਸ ਨਾਲ ਜਾਂਚ ਦੀ ਚੱਲ ਰਹੀ ਕਾਰਵਾਈ ਦਾ ਪਤਾ ਵੀ ਸਿੱਖ ਜੱਥੇਬੰਦੀਆਂ ਨੂੰ ਲੱਗਦਾ ਰਹੇਗਾ।

ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੇ ਖਿਲਾਫ ਕੇਸ ਵਾਪਸ ਲੈਣ ਦੀ ਮੰਗ ਬਾਰੇ ਗੱਲ ਕਰਦਿਆਂ ਸਰਕਾਰ ਦੇ ਬੰਦਿਆਂ ਨੇ ਕਿਹਾ ਕਿ ਇਹ ਕੇਸ ਅਦਲਾਤ ਵਿੱਚ ਜਾ ਚੁੱਕਾ ਹੈ। ਇਸ ਲਈ ਸਰਕਾਰ ਹੁਣ ਇਸ ਵਿੱਚ ਕੁਝ ਨਹੀਂ ਕਰ ਸਕਦੀ। ਸਰਕਾਰੀ ਧਿਰ ਨੇ ਕਿਹਾ ਕਿ ਗ੍ਰਿਫ਼ਤਾਰ ਦੋ ਸਿੱਖ ਨੌਜਵਾਨਾਂ ਦਾ ਝੂਠ-ਸੱਚ ਦਾ ਪਤਾ ਲਗਾਉਣ ਵਾਲਾ ਟੈਸਟ ਕਰਵਾਉਣ ਲਈ ਸਰਕਾਰ ਵੱਲੋਂ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਹੈ। ਇਸ ਦਾ ਨਿਬੇੜਾ ਹੋਣ ਬਾਅਦ ਹੀ ਸਰਕਾਰ ਉਨ੍ਹਾਂ ਬਾਰੇ ਕੋਈ ਫੈਸਲਾ ਲੈ ਸਕਦੀ ਹੈ।

ਪੁਲਿਸ ਵੱਲੋਂ ਗੋਲੀਬਾਰੀ ਕਰਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ/ਮੁਲਾਜ਼ਮਾਂ ‘ਤੇ ਕਾਰਵਾਈ ਕਰਨ ਦੀ ਮੰਗ ਬਾਰੇ ਸਰਕਾਰੀ ਧਿਰ ਨੇ ਕਿਹਾ ਕਿ ਮੋਗਾ ਦੇ ਬਰਤਰਫ ਐੱਸਐੱਸਪੀ ਚਰਨਜੀਤ ਸ਼ਰਮਾਂ ਖਿਲਾਫ ਉਸਦੇ ਨਾਮ ‘ਤੇ ਪਰਚਾ ਦਰਜ਼ ਹੋ ਚੁੱਕਿਆ ਹੈ। ਪਰ ਪ੍ਰਚਾਰਕਾਂ ਵੱਲੋਂ ਦਰਜ਼ ਪਰਚੇ ਦੀ ਨਕਲ ਦਿਖਾੳਣ ਬਾਰੇ ਕਹਿਣ ‘ਤੇ ਸਰਕਾਰੀ ਧਿਰ ਨਕਲ ਨਹੀਂ ਦਿਖਾ ਸਕੀ। ਸਰਕਾਰ ਨੇ ਬਾਕੀ ਮੰਗਾਂ ਬਾਰੇ ਵੀ ਕੋਈ ਹਾਮੀ ਨਹੀਂ ਭਰੀ। ਇਸ ’ਤੇ ਸੰਗਤ ਨੇ ਧਰਨੇ ਵਾਲੀ ਥਾਂ ਰਹਿਰਾਸ ਦਾ ਪਾਠ ਸ਼ੁਰੂ ਕਰ ਦਿੱਤਾ।

ਸ਼ਾਮੀ 7:30 ਵਜੇ ਪ੍ਰਦਰਸ਼ਨਕਾਰੀ ਸਿੱਖਾਂ ਨੇ ਪੰਜਾਬ ਸਰਕਾਰ ਨੂੰ ਇਕ ਘੰਟੇ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਸਰਕਾਰ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਉਹ ਆਪਣੇ ਖੂਨ ਦਾ ਪਿਆਲਾ ਭਰ ਕੇ ਮੁੱਖ ਮੰਤਰੀ ਨੂੰ ਦੇਣਗੇ। ਇਸ ਐਲਾਨ ਤੋਂ ਬਾਅਦ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕੀਰਤਨ ਸ਼ੁਰੂ ਕਰ ਦਿੱਤਾ।

ਰਾਤੀ ਸਾਢੇ 9 ਵਜੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਚਰਨਜੀਤ ਸਿੰਘ ਬਰਾੜ ਦੁਬਾਰਾ ਧਰਨੇ ’ਤੇ ਪਹੁੰਚ ਗਏ ਅਤੇ ਸਿੱਖ ਪ੍ਰਚਾਰਕਾਂ ਨੂੰ ਮਨਾਉਣ ਦਾ ਯਤਨ ਕੀਤਾ। ਉਧਰ, ਧਰਨੇ ’ਤੇ ਬੈਠੀ ਸੰਗਤ ਨੇ ਆਪਣਾ ਖੂਨ ਕੱਢਣ ਲਈ ਖਾਲੀ ਕਟੋਰੇ ਅਤੇ ਸਰਿੰਜਾਂ ਮੰਗਵਾ ਲਈਆਂ।

ਇਸ ਸਮੇਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਸੰਗਤ ਸ਼ਹੀਦੀ ਸਮਾਗਮ ਸਮੇਂ ਪਾਸ ਕੀਤੇ ਮਤਿਆਂ ਮਤੁਬਾਕਿ ਦਿੱਤੇ ਪ੍ਰੋਗਰਾਮ ਨੂੰ ਸਫਲ਼ ਬਣਾਏ। ਉਨ੍ਹਾਂ ਕਿਹਾ ਕਿ 3 ਸਤੰਬਰ ਵਾਲੇ ਦਿਨ ਸਾਰੇ ਪੰਜਾਬ ਵਿੱਚ ਸਿੱਖ ਸੰਗਤ ਕਾਲੀਆਂ ਝੰਡੀਆਂ ਲੈਕੇ ਸ਼ਾਂਤਮਈ ਸੜਕਾਂ ਦੇ ਦੋ ਦੋਵੇ ਪਾਸੀਂ ਬਿਨਾ ਆਵਾਜਾਈ ਰੋਕਿਆਂ ਰੋਸ ਮੁਜਾਹਰਾ ਕਰੇ। ਇਸ ਦਿਨ ਕੋਈ ਵੀ ਸਿੱਖ ਘਰਾਂ ਵਿੱਚ ਨਹੀਂ ਰਹਿਣਾਂ ਚਾਹੀਦਾ ਅਤੇ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਸਰਕਾਰ ਦਾ ਸਿੱਖਾਂ ਪ੍ਰਤੀ ਨਜ਼ਰੀਏ ਦੇ ਰੋਸ ਵਜੋਂ ਕਾਲੀ ਦਿਵਾਲੀ ਮਨਾਈ ਜਾਵੇ। ਸਾਰੇ ਸਿੱਖ ਕੋਠਿਆਂ ‘ਤੇ ਦੀਵੇ ਬਾਲਣ ਦੀ ਬਜ਼ਾਏ ਕਲਾੀਆਂ ਝੰਡੀਆਂ ਲਾਉਣ।ਉਨ੍ਹਾਂ ਕਿਹਾ ਕਿ ਭਲਕੇ ਸਵੇਰੇ ਸਿੱਖ ਆਗੂ ਸੰਗਤ ਨਾਲ ਸਲਾਹ ਮਸ਼ਵਰਾ ਕਰਕੇ ਫੈਸਲਾਕੁਨ ਸੰਘਰਸ਼ ਵਿੱਢਣ ਲਈ ਅਗਲੀ ਰਣਨੀਤੀ ਉਲੀਕੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,