October 18, 2015 | By ਸਿੱਖ ਸਿਆਸਤ ਬਿਊਰੋ
ਆਉਣ ਵਾਲੇ ਦਿਨ ਹੋਰ ਜੋਖਮ ਭਰੇ ਬਣਨ ਦਾ ਕੀਤਾ ਖਦਸ਼ਾ ਪ੍ਰਗਟ
ਅੰਮ੍ਰਿਤਸਰ ਸਾਹਿਬ: ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਚਲਦਿਆਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਹਾਲਾਤ ਤਣਾਅਪੂਰਣ ਬਣੇ ਹੋਏ ਹਨ।ਇਹਨਾਂ ਹਾਲਾਤਾਂ ਦਾ ਦੋਸ਼ ਪੰਜਾਬ ਸਰਕਾਰ ਤੇ ਲਗਾਇਆ ਜਾ ਰਿਹਾ ਹੈ।ਸਿੱਖ ਪੰਥ ਵਿੱਚ ਫੈਲੇ ਰੋਹ ਦੇ ਚਲਦਿਆਂ ਦਬਾਅ ਵਿੱਚ ਆਏ ਮੁਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਕੱਲ੍ਹ ਦਰਬਾਰ ਸਾਹਿਬ ਵਿਖੇ ਪਹੁੰਚੇ। ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਨੇ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਵੀ ਮੱਥਾ ਟੇਕਿਆ।ਖਬਰਾਂ ਅਨੁਸਾਰ ਬਾਦਲ ਵੱਲੋਂ ਪਿਛਲੇ ਦਿਨੀਂ ਹੋਏ ਘਟਨਾਕ੍ਰਮ ਸੰਬੰਧੀ ਗੁਰਬਚਨ ਸਿੰਘ ਨੂੰ ਪਛਚਾਤਾਪ ਕਰਨ ਸੰਬੰਧੀ ਇੱਕ ਚਿੱਠੀ ਸੌਂਪੀ ਗਈ।
ਸੂਤਰਾਂ ਅਨੁਸਾਰ ਚਿੱਠੀ ਵਿੱਚ ਬਾਦਲ ਵੱਲੋਂ ਪਿਛਲੇ ਦਿਨੀਂ ਵਾਪਰੇ ਘਟਨਾਕ੍ਰਮ ਨੂੰ ਬੇਹੱਦ ਦੁਖਦਾਈ ਅਤੇ ਪੀੜਾ ਭਰਿਆ ਦੱਸਿਆ ਗਿਆ ਹੈ।ਉਨ੍ਹਾਂ ਲਿਖਿਆ ਕਿ ਇਸ ਨਾਲ ਪੰਜਾਬੀ ਸਮਾਜ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੀ ਮਾਨਸਿਕਤਾ ਨੂੰ ਵੱਡੀ ਸੱਟ ਵੱਜੀ ਹੈ ਅਤੇ ਮਨਾਂ ਵਿੱਚ ਦਰਦ ਦਾ ਅਹਿਸਾਸ ਬੇਹੱਦ ਡੂੰਘਾ ਹੋਇਆ ਹੈ।ਵੱਡੀ ਗੱਲ ਹੈ ਕਿ ਚਿੱਠੀ ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਜੇ ਹੋਰ ਮਾੜੀਆਂ ਘਟਨਾਵਾਂ ਵਾਪਰਣ ਦਾਤ ਖਦਸ਼ਾ ਜਾਹਿਰ ਕਰਦਿਆਂ ਲਿਖਿਆ ਗਿਆ ਹੈ ਕਿ ਅਣਕਿਆਸੀਆਂ ਘਟਨਾਵਾਂ ਨਵੇਂ ਰਸਤੇ ਅਖਤਿਆਰ ਕਰ ਰਹੀਆਂ ਹਨ ਜੋ ਹੋਰ ਵੀ ਜੋਖਮ ਭਰੇ ਬਣ ਸਕਦੇ ਹਨ।
ਇਸ ਤੋਂ ਬਾਅਦ ਸਰਕਾਰੀ ਟੀਵੀ ਚੈਨਲ ਉੱਤੇ ਇੱਕ ਸੁਨੇਹਾ ਵੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਾਰੀ ਕੀਤਾ ਗਿਆ ਜੋ ਤੁਸੀ ਹੇਠ ਦਿੱਤੇ ਲਿੰਕ ਤੇ ਵੇਖ ਸਕਦੇ ਹੋ।
ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨਾ ਦੇ ਰਹੀ ਸਿੱਖ ਸੰਗਤ ਤੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਦੋ ਸਿੰਘਾਂ ਦੇ ਸ਼ਹੀਦ ਹੋਣ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਪੰਜਾਬ ਦੀ ਬਾਦਲ ਸਰਕਾਰ ਖਿਲਾਫ ਵਿਸ਼ਵ ਪੱਧਰ ਤੇ ਰੋਹ ਫੈਲ ਚੁੱਕਿਆ ਹੈ।ਸਿੱਖ ਸੰਗਤਾਂ ਵੱਲੋਂ ਪੰਜਾਬ ਭਰ ਵਿੱਚ ਧਰਨੇ ਜਾਰੀ ਹਨ।ਜਿਸ ਕਾਰਨ ਪੰਜਾਬ ਵਿੱਚ ਆਵਾਜਾਈ ਲਗਭਗ ਮੁਕੰਮਲ ਠੱਪ ਹੋ ਚੁੱਕੀ ਹੈ ।ਹਲਾਂਕਿ ਪਹਿਲੀਆਂ ਗਲਤੀਆਂ ਤੋਂ ਬਾਅਦ ਸਿੱਖ ਪੰਥ ਵਿੱਚ ਫੈਲੇ ਰੋਹ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਕੁਝ ਫੈਂਸਲੇ ਲਏ ਗਏ ਪਰ ਸਿੱਖ ਸੰਗਤਾਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਤੇ ਯਕੀਨ ਨਹੀਂ ਕਰ ਰਹੀਆਂ।ਸੱਤਾ ਤੇ ਕਾਬਜ ਅਕਾਲੀ ਸਰਕਾਰ ਵਿੱਚ ਵੀ ਬਗਾਵਤ ਦੀ ਸੁਰ ਉੱਚੀ ਹੋ ਰਹੀ ਹੈ।ਜਿਸਦਾ ਦਾ ਦਬਾਅ ਬਾਦਲ ਪਰਿਵਾਰ ਤੇ ਸਾਫ ਦੇਖਣ ਨੂੰ ਮਿਲ ਰਿਹਾ ਹੈ।
Related Topics: darbar sahib amritsar, Giani Gurbachan Singh, Kotakpura Incident, Parkash Singh Badal