September 16, 2015 | By ਸਿੱਖ ਸਿਆਸਤ ਬਿਊਰੋ
ਦੋਨਾਂ ਪਾਰਟੀਆਂ ਨੇ ਇੱਕ ਨਾਮ, ਇੱਕ ਸੰਵਿਧਾਨ ਅਤੇ ਇੱਕ ਨਿਸ਼ਾਨ ਥੱਲੇ ਇੱਕਠੇ ਹੋਣ ਦਾ ਲਿਆ ਫੈਸਲਾ
ਅੰਮ੍ਰਿਤਸਰ ( 16 ਸਤੰਬਰ, 2015): ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਦੇ ਬਾਨੀ ਆਗੂਆਂ ਭਾਈ ਦਲਜੀਤ ਸਿੰਘ ਅਤੇ ਭਾਈ ਗਜਿੰਦਰ ਸਿੰਘ ਦੀ ਪ੍ਰੇਰਣਾ ਸਦਕਾ ਦੋਨਾਂ ਜਥੇਬੰਦੀਆਂ ਨੇ ਇੱਕ ਮੀਲ ਪੱਥਰ ਸਰ ਕਰਦਿਆਂ ਆਪਸ ਵਿੱਚ ਮੁਕੰਮਲ ਏਕਤਾ ਦਾ ਅਹਿਮ ਫੈਸਲਾ ਲਿਆ ਹੈ। ਇਹ ਫੈਸਲਾ ਲੰਮੇ ਸਮੇ ਤੋਂ ਪਰਦੇ ਪਿਛੇ ਚੱਲ ਰਹੇ ਵਿਚਾਰ ਵਟਾਂਦਰੇ ਤੋਂ ਬਾਅਦ ਅੱਜ ਰਸਮੀ ਤੌਰ ਉਤੇ ਦਲ ਖਾਲਸਾ ਦੇ ਦਫਤਰ ਹੋਈ ਦੋਨਾਂ ਜਥੇਬੰਦੀਆਂ ਦੇ ਅੰਤਰਿੰਗ ਕਮੇਟੀ ਮੈਂਬਰਾਂ ਦੀ ਮੀਟਿੰਗ ਵਿੱਚ ਲਿਆ ਗਿਆ।
ਇਸ ਫੈਸਲੇ ਨਾਲ ਦੋਨਾਂ ਜਥੇਬੰਦੀਆਂ ਦਾ ਇੱਕ-ਦੂਜੇ ਵਿੱਚ ਰਲੇਵੇਂ ਲਈ ਮੁੱਢ ਬੱਝ ਗਿਆ। ਦਲ ਖਾਲਸਾ ਦੇ ਪ੍ਰਧਾਂਨ ਹਰਚਰਨਜੀਤ ਸਿੰਘ ਧਾਮੀ ਅਤੇ ਪੰਚ ਪ੍ਰਧਾਨੀ ਦੇ ਪ੍ਰਧਾਨ ਕੁਲਬੀਰ ਸਿੰਘ ਬੜਾਪਿੰਡ ਨੇ ਰਲੇਵੇਂ ਦੇ ਦਸਤਾਵੇਜ ਉਤੇ ਦਸਤਖਤ ਕੀਤੇ। ਉਹਨਾਂ ਸਪਸ਼ਟ ਕੀਤਾ ਕਿ ਇਹ ਏਕਤਾ ਪੰਥ ਦੇ ਭਲੇ ਅਤੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਅਹਿਮ ਹੋਵੇਗੀ।
ਉਹਨਾਂ ਕਿਹਾ ਕਿ ਪੰਜਾਬ ਅਤੇ ਵਿਦੇਸ਼ਾਂ ਵਿੱਚ ਵਸਦੇ ਹਮ-ਖਿਆਲੀ ਲੋਕਾਂ ਦੀ ਮੰਗ ਸਦਕਾ ਅਤੇ ਸਮੇ ਦੀ ਲੋੜ ਨੂੰ ਮੁੱਖ ਰਖਦਿਆਂ ਉਹਨਾਂ ਨੇ ਏਕੇ ਦੀ ਮਾਲਾ ਵਿੱਚ ਪਰੋਏ ਜਾਣ ਦਾ ਫੈਸਲਾ ਲਿਆ ਹੈ। ਉਹਨਾਂ ਆਸ ਪ੍ਰਗਟਾਈ ਕਿ ਇਹ ਏਕਤਾ ਇੱਕ ਅਜਿਹਾ ਮਾਹੌਲ ਸਿਰਜੇਗੀ ਜਿਸ ਨਾਲ ਕੌਮ ਅੰਦਰ ਫੈਲੀ ਨਿਰਾਸ਼ਤਾ ਦੂਰ ਹੋਵੇਗੀ ਅਤੇ ਨੌਜਵਾਨਾਂ ਵਿੱਚ ਮੁੜ ਇੱਕ ਵਾਰ ਉਭਾਰ ਆਵੇਗਾ।
ਉਹਨਾਂ ਨੇ ਹਮ-ਖਿਆਲੀ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੂੰ ਸੱਦਾ ਦਿਤਾ ਕਿ ਉਹ ਵੀ ਇਸ ਏਕਤਾ ਵਿੱਚ ਸ਼ਮੂਲੀਅਤ ਕਰਨ। ਉਹਨਾਂ ਸਪਸ਼ਟ ਕੀਤਾ ਕਿ ਦੋਨਾਂ ਜਥੇਬੰਦੀਆਂ ਵਿੱਚੋਂ ਕਿਹੜਾ ਨਾਂ ਬਰਕਰਾਰ ਰੱਖਿਆਂ ਜਾਵੇਗਾ ਇਸ ਬਾਰੇ ਜਲਦੀ ਹੀ ਖੁਲਾਸਾ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜਥੇਬੰਦੀ ਦਾ ਨਾਮ, ਪ੍ਰਧਾਨ ਅਤੇ ਢਾਂਚੇ ਬਾਰੇ ਜਲਦ ਹੀ ਐਲਾਨ ਹੋਵੇਗਾ।
ਉਹਨਾਂ ਕਿਹਾ ਕਿ ਸਿੱਖ ਨੌਜਵਾਨ ਰਵਾਇਤੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਤੋਂ ਬਦਜ਼ਨ ਹਨ ਅਤੇ ਸਿੱਖ ਰਾਜਨੀਤੀ ਨਿਘਾਰ ਵੱਲ ਨੂੰ ਜਾ ਰਹੀ ਹੈ, ਜਿਸ ਕਾਰਨ ਕੌਮ ਅੰਦਰ ਨਾਮੋਸ਼ੀ ਦਾ ਆਲਮ ਪਸਰਿਆ ਹੋਇਆ ਹੈ। ਉਹਨਾਂ ਸਪਸ਼ਟ ਕੀਤਾ ਕਿ ਉਹ ਸਿਧਾਂਤਕ ਰਾਜਨੀਤੀ ਕਰਨ ਦੇ ਹਾਮੀ ਹਨ ਅਤੇ ਭਾਰਤੀ ਸਿਸਟਮ ਤਹਿਤ ਹੋਣ ਵਾਲੀਆਂ ਚੋਣਾਂ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਉਹ ਇੱਕ ਵੱਖਰੀ ਨਜ਼ਰੀਏ ਤੋਂ ਦੇਖਦੇ ਹਨ ਅਤੇ ਇਸ ਬਾਰੇ ਉਹ ਸਮਾਂ ਆਉਣ ਉਤੇ ਹੀ ਕੋਈ ਫੈਸਲਾ ਕਰਨਗੇ।
ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ, ਜਿਹਨਾਂ ਨੇ ਦੋਨਾਂ ਜਥੇਬੰਦੀਆਂ ਨੂੰ ਨੇੜੇ ਲਿਆਉਣ ਵਿੱਚ ਅਹਮਿ ਰੋਲ ਨਿਭਾਇਆ, ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਨਿਯਮਾਂ ਨੂੰ ਛਿੱਕੇ ਟੰਗਕੇ ਭਾਰਤ ਸਰਕਾਰ ਸਿੱਖ ਕੌਮ ਦੀ ਆਜ਼ਾਦੀ ਦੀ ਇਛਾਵਾਂ ਨੂੰ ਅੰਨ•ੀ ਫੌਜੀ ਤਾਕਤ ਨਾਲ ਦਬਾਕੇ ਰੱਖਦੀ ਆ ਰਹੀ ਹੈ। ਉਹਨਾਂ ਕਿਹਾ ਕਿ ਦੋਨਾਂ ਜਥੇਬੰਦੀਆਂ ਦੀ ਇਹ ਏਕਤਾ ਸਿੱਖ ਸ਼ਹੀਦਾਂ ਦੇ ਸੁਪਨਿਆ ਨੂੰ ਸਾਕਾਰ ਕਰਨ ਅਤੇ ਸਿੱਖ ਆਜ਼ਾਦੀ ਸੰਘਰਸ਼ ਵਿੱਚ ਤਾਜਗੀ ਲਿਆਉਣ ਲਈ ਕੀਤੀ ਗਈ ਹੈ।
ਇਸ ਸਮੇਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਦਲਜੀਤ ਸਿੰਘ ਖਾਲਸਾ, ਭਾਈ ਹਰਪਾਲ ਸਿੰਘ ਚੀਮਾ,ਭਾਈ ਕੁਲਬੀਰ ਸਿੰਘ ਬੜਾਪਿੰਡ, ਭਾਈ ਅਮਰੀਕ ਸਿੰਘ ਈਸੜੂ, ਭਾਈ ਬਲਦੇਵ ਸਿੰਘ ਸਿਰਸਾ, ਭਾਈ ਜਸਵੀਰ ਸਿੰਘ ਖਡੂਰ, ਭਾਈ ਮਨਧੀਰ ਸਿੰਘ, ਭਾਈ ਜਸਪਾਲ ਸਿੰਘ ਮੰਝਪੁਰ, ਭਾਈ ਗੁਰਮੀਤ ਸਿੰਘ ਗੋਗਾ ਪਟਿਆਲਾ ਅਤੇ ਦਲ ਖਾਲਸਾ ਦੇ ਆਗੂ ਭਾਈ ਹਰਚਰਨਜੀਤ ਸਿੰਘ ਧਾਮੀ , ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਭਾਈ ਕੰਵਰਪਾਲ ਸਿੰਘ, ਭਾਈ ਸਰਬਜੀਤ ਸਿੰਘ ਘੁਮਾਣ, ਡਾ ਮਨਜਿੰਦਰ ਸਿੰਘ ਜੰਡੀ, ਭਾਈ ਰਣਬੀਰ ਸਿੰਘ,ਭਾਈ ਅਵਤਾਰ ਸਿੰਘ ਨਰੋਤਮਪੁਰ,ਭਾਈ ਨੋਬਲਜੀਤ ਸਿੰਘ, ਭਾਈ ਜਗਜੀਤ ਸਿੰਘ ਖੋਸਾ, ਭਾਈ ਕੁਲਵੰਤ ਸਿੰਘ ਫੇਰੂਮਾਨ, ਭਾਈ ਕੁਲਦੀਪ ਸਿੰਘ, ਭਾਈ ਸੁਖਦੇਵ ਸਿੰਘ ਹਸਣਪੁਰ, ਭਾਈ ਪਰਮਜੀਤ ਸਿੰਘ ਟਾਂਡਾ (ਪ੍ਰਧਾਨ, ਸਿੱਖ ਯੂਥ ਆਫ ਪੰਜਾਬ) ਹਾਜ਼ਰ ਸਨ।
Related Topics: Akali Dal Panch Pardhani, Bhai Daljit Singh Bittu, Bhai Harcharanjeet Singh Dhami, Bhai Harpal Singh Cheema (Dal Khalsa), Bhai Kanwarpal Singh, Bhai Kulbir Singh Barapind, Dal Khalsa International