September 9, 2015 | By ਸਿੱਖ ਸਿਆਸਤ ਬਿਊਰੋ
ਦਿੱਲੀ (9 ਸਤੰਬਰ, 2015): ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ‘ਤੇ ਅਧਾਰਿਤ ਬਣੀ ਪੰਜਾਬੀ ਫਿਲ਼ਮ “ਮਾਸਟਰ ਮਾਈਂਡ ਜਿੰਦਾ ਸੁੱਖਾ” ਨੂੰ ਭਾਰਤੀ ਸੈਂਸਰ ਬੋਰਡ ਵੱਲੋਂ ਇੱਕ ਵਾਰ ਪਾਸ ਕਰ ਦੇਣਾ ਤੋਂ ਬਾਅਦ ਭਾਰਤੀ ਘਰੇਲੂ ਮੰਤਰਾਲੇ ਦੀਆਂ ਹਦਾਇਤਾਂ ‘ਤੇ ਫਿਲਮ ‘ਤੇ ਪਾਬੰਦੀ ਲਾ ਦਿੱਤੀ ਹੈ।
ਪਹਿਲਾਂ ਭਾਰਤੀ ਫਿਲਮ ਸੈਂਸਰ ਬੋਰਡ ਨੇ ਜੁਲਾਈ ਮਹੀਨੇ ਵਿੱਚ ਇਸ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਸੀ ਅਤੇ ਫਿਲਮ ਨੇ 11 ਸਤੰਬਰ ਨੂੰ ਜਾਰੀ ਹੋਣਾ ਹੈ।
ਫਿਲਮ “ਮਾਸਟਰ ਮਾਈਂਡ ਸੁੱਖਾ-ਜ਼ਿੰਦਾ” ਸਿੱਖ ਸੰਘਰਸ਼ ਦੇ ਸ਼ਹੀਦਾਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ‘ਤੇ ਅਧਾਰਿਤ ਹੈ, ਜਿੰਨਾਂ ਨੇ ਲਗਭਗ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ‘ਤੇ ਕੀਤੇ ਹਮਲੇ ਤੋਂ ਬਾਅਦ 10 ਅਗਸਤ 1986 ਨੂੰ ਜਨਰਲ ਵੈਦਿਆ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।ਧਿਆਨ ਦੇਣ ਯੋਗ ਹੈ ਕਿ ਜਨਰਲ ਵੈਦਿਆ ਦਰਬਾਰ ਸਾਹਿਬ ‘ਤੇ ਹਮਲੇ ਸਮੇਂ ਭਾਰਤੀ ਫੌਜ ਦਾ ਮੁਖੀ ਸੀ।
ਭਾਰਤੀ ਫਿਲਮ ਸੈਂਸਰ ਬੋਰਡ ਨੂੰ ਸੁਰੱਖਿਆ ਏਜ਼ੰਸੀਆਂ ਨੇ ਦੱਸਿਆ ਕਿ ਇਸ ਫਿਲਮ ਵਿੱਚ ਜੋ ਕੁਝ ਵਿਖਾਇਆ ਗਿਆ ਹੈ, ਉਸ ਨਾਲ ਅਮਨ-ਚੈਨ ਨੂੰ ਖਤਰਾ ਪੈਦਾ ਹੋਣ ਦੀ ਸੰਭਾਵਨਾ ਹੈ।
ਫਿਲਮ “ਮਾਸਟਰ ਮਾਈਂਡ ਸੁੱਖਾ ਜਿੰਦਾ” ਪਿਛਲੇ ਸਮੇਂ ਵਿੱਚ ਬਣੀਆਂ ਉਨਾਂ ਫਿਲਮਾਂ ਦੀ ਲੜੀ ਵਿੱਚੋਂ ਹੈ ਜੋ 1984 ਦੇ ਬਾਅਦ ਦੇ ਹਾਲਾਤਾਂ ‘ਤੇ ਬਣੀਆਂ ਹਨ। ਸੰਨ 2013 ਵਿੱਚ 1984 ਤੋਂ ਬਾਅਦ ਦੀਆਂ ਘਟਨਾਵਾਂ ‘ਤੇ ਅਧਾਰਿਤ ੀਫਲਮ “ਸਾਡਾ ਹੱਕ” ‘ਤੇ ਪੰਜਾਬ , ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਅਤੇ ਦਿੱਲੀ ਦੀਆਂ ਸਰਕਾਰਾਂ ਨੇ ਪਾਬੰਦੀ ਲਾ ਦਿੱਤੀ ਸੀ।ਪਰ ਭਾਰਤੀ ਸੁਪਰੀਮ ਕੋਰਟ ਨੇ ਬਾਅਦ ਵਿੱਚ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਸੀ।
ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੇ ਜੀਵਨ ‘ਤੇ ਬਣੀ ਫਿਲਮ “ਕੌਮ ਦੇ ਹੀਰੇ” ,ਜਿਸ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਦੀ ਘਟਨਾ ਨੂੰ ਫਿਲਮਾਇਆ ਗਿਆ ਸੀ, ਨੂੰ ਸੈਂਸਰ ਬੋਰਡ ਨੇ ਪਾਸ ਨਹੀਂ ਕੀਤਾ ਸੀ।
Related Topics: The Mastermind Jinda and Sukha Movie