August 31, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ( 31 ਅਗਸਤ, 2015): ਸਿੱਖ ਕੌਮ ਦੇ ਅਦੁੱਤੀ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਤਸਵੀਰ ਨੂੰ ਕੇਂਦਰੀ ਸਿੱਖ ਅਜ਼ਾਇਬ ਘਰ ਵਿੱਚ ਲਾਉਣ ਦੀ ਮੰਗ ਨੂੰ ਹੁੰਗਾਰਾ ਨਾ ਦੇਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਲੋਚਨਾ ਕਰਦਿਆਂ ਦਲ ਖਾਲਸਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਭਾਈ ਦਿਲਾਵਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜ਼ਾਇਬ ਘਰ ਵਿੱਚ ਲਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰਨ।
ਸ਼੍ਰੀ ਅਕਾਲ ਤਖਤ ਸਾਹਿਬ ਤੋਂ 2012 ਵਿੱਚ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜ਼ ਦਿੱਤਾ ਗਿਆ ਸੀ ਅਤੇ ਇਸ ਕਰਕੇ ਭਾਈ ਦਿਲਾਵਰ ਸਿੰਘ ਦਾ ਵੀਹਵਾਂ ਸ਼ਹੀਦੀ ਦਿਹਾੜਾ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਮਨਾਉਣ ਸਮੇਂ ਅੱਜ ਦਲ ਖਾਲਸਾ ਨੇ ਇਹ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਮਨੁੱਖਤਾ ਅਤੇ ਸਿੱਖਾਂ ਦੇ ਕਾਤਲ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਪੰਜਾਬ ਸਕੱਤਰੇਤ ਵਿੱਚ 31 ਅਗਸਤ 1995 ਨੂੰ ਬੰਬ ਨਾਲ ਉਡਾਕੇ ਭਾਈ ਦਿਲਾਵਰ ਸਿੰਘ ਆਪ ਵੀ ਸ਼ਹੀਦ ਹੋ ਗਿਆ ਸੀ।
ਅੱਜ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਸ਼੍ਰੀ ਆਕਲ ਤਖਤ ਸਾਹਿਬ ‘ਤੇ ਸ਼੍ਰੀ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ, ਜਿਸ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਖਾਲਸਤਾਨੀ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਹਾਜ਼ਰੀ ਭਰੀ।
ਪੰਥਕ ਜੱਥਬੰਦੀਆਂ ਦੇ ਆਗੂਆਂ ਨੇ ਭਾਈ ਦਿਲਾਵਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸਿੱਖ ਧਰਮ ਦੀਆਂ ਉੱਚੀਆਂ ਰਵਾਇਤਾਂ ਨੂੰ ਬਰਕਾਰਰ ਰੱਖਣ ਲਈ ਉਨ੍ਹਾਂ ਵੱਲੋਂ ਕੀਤੀ ਕੁਰਬਾਨੀ ਦੀ ਸ਼ਾਲਘਾ ਕੀਤੀ।
ਆਖੰਡ ਕੀਰਤਨੀ ਜੱਥੇ ਦੇ ਮੁੱਖੀ ਗਿਆਨੀ ਬਲਦੇਵ ਸਿੰਘ ਨੇ ਤਿਹਾੜ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਸੰਗਤਾਂ ਨੂੰ ਪੜਕੇ ਸੁਣਾਇਆ।
ਸ਼੍ਰੋਮਣੀ ਕਮੇਟੀ ਮੈਂਬਰ ਕੁਲਬੀਰ ਸਿੰਘ ਬੜਾਪਿੰਡ ਅਤੇ ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਦਾ ਰੁਤਬਾ ਦੇਣਾ ਇਤਿਹਾਸਕ ਸੀ ਅਤੇ ਕਈ ਪੱਖਾਂ ਤੋਂ ਅਹਿਮ ਸੀ।
ਉਨ੍ਹਾਂ ਕਿਹਾ ਕਿ ਭਾਈ ਦਿਲਾਵਰ ਸਿੰਘ ਨੇ ਸਿੱਖਾਂ ਦੇ ਮਨੁੱਖੀ ਹੱਕਾਂ ਦੇ ਘਾਣ ਨੂੰ ਰੋਕਣ ਲਈ ਆਪਣੀ ਸ਼ਹਾਦਤ ਦਿੱਤੀ ਸੀ, ਇਸ ਕਰਕੇ ਉਨ੍ਹਾਂ ਦੀ ਤਸਵੀਰ ਤਾਜ਼ਾ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਦੇ ਨਾਲ ਲੱਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੁਝ ਖ਼ਾਸ ਕਾਰਨਾਂ ਕਰਕੇ ਸ਼੍ਰੌਮਣੀ ਕਮੇਟੀ ਸਿੱਖ ਜੱਥੇਬੰਦੀਆਂ ਦੀ ਇਸ ਮੰਗ ਦਾ ਕੋਈ ਹੁੰਗਾਰਾ ਨਹੀ ਭਰ ਰਹੀ।
Related Topics: Bhai Kanwarpal Singh, Bhai Kulbir Singh Barapind, Dal Khalsa International, Giani Gurbachan Singh, Shaheed Bhai Dilawar Singh