April 29, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (28 ਅਪਰੈਲ, 2015): ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਜਿੰਨ੍ਹਾਂ ਵਿੱਚ ਤਿੰਨ ਤਲਵਾਰਾਂ, ਕੰਘਾ ਸਮੇਤ ਕੇਸ, ਦਸਤਾਰ, ਚੋਲ਼ਲਾ, ਚਾਬੁਕ, ਪੰਜ ਤੀਰ, ਇੱਕ ਛੋਟੀ ਕਿਰਪਾਨ, ਭਾਲਾ, ਛੋਟਾ ਭਾਲਾ, ਵੱਡੀ ਕਿਰਪਾਨ, ਇੱਕ ਸ੍ਰੀ ਸਾਹਿਬ ਜਿਸ ’ਤੇ ‘ਸਤ ਸ੍ਰੀ ਅਕਾਲ ਗੁਰੂ ਤੇਗ ਬਹਾਦਰ’, 1713 ਸੰਮਤ (1656) ਉਕਰਿਆ ਹੋਇਆ ਹੈ, ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਮਿਲਕੇ ਯਤਰਾ ਕੱਢ ਰਹੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਸੂਬੇ ਭਰ ਵਿੱਚ ਲਿਜਾਣ ਵਾਸਤੇ 6 ਮਈ ਤੋਂ 20 ਮਈ ਤੱਕ ਵਿਸ਼ੇਸ਼ ਯਾਤਰਾ ਕੱਢੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਅੱਜ ਸਵੇਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਨਿਵਾਸ ’ਤੇ ਮਿਲੇ ਅਤੇ ਇਸ ਸਬੰਧੀ ਪ੍ਰਬੰਧਾਂ ਬਾਰੇ ਵਿਚਾਰ ਕੀਤੀ।
ਮੁੱਖ ਮੰਤਰੀ ਨੇ ਇਸ ਯਾਤਰਾ ਦੇ ਸਮੁੱਚੇ ਪ੍ਰਬੰਧਾਂ ਦੀ ਦੇਖ-ਰੇਖ ਲਈ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਮੁੱਖ ਮੰਤਰੀ ਦੇ ਵਿਸ਼ੇਸ ਪ੍ਰਮੁੱਖ ਸਕੱਤਰ ਕੇ.ਜੇ.ਐਸ. ਚੀਮਾ ’ਤੇ ਆਧਾਰਤ ਕਮੇਟੀ ਬਣਾਈ ਹੈ।
ਬਾਦਲ ਨੇ ਇਸ ਸਬੰਧੀ ਤਿਆਰ ਕੀਤੇ ਪ੍ਰੋਗਰਾਮ ਦਾ ਜਾਇਜ਼ਾ ਵੀ ਲਿਆ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਵੀ ਸ਼ਾਮਲ ਹੋਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ 33 ਫੁੱਟ ਲੰਮੀਂ ਬੱਸ ਵਿੱਚ ਇਹ ਨਿਸ਼ਾਨੀਆਂ ਸਜਾਈਆਂ ਜਾਣਗੀਆਂ।
ਇਸ ਸਬੰਧੀ ਹੋਈਆਂ ਲੜੀਵਾਰ ਮੀਟਿੰਗਾਂ ਵਿੱਚ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰੱਖੜਾ, ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਨਿਰਮਲ ਸਿੰਘ ਕਾਹਲੋਂ, ਸੇਵਾ ਸਿੰਘ ਸੇਖਵਾਂ, ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਬਲਬੀਰ ਸਿੰਘ ਘੁੰਨਸ ਆਦਿ ਹਾਜ਼ਰ ਸਨ।
Related Topics: Shiromani Gurdwara Parbandhak Committee (SGPC), Sri Guru Gobind Singh JI