March 28, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (27 ਮਾਰਚ, 2015): ਦਿੱਲੀ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲ਼ੀ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਹੋਈ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ ਮਾਮਲੇ ‘ਚ ਦਾਇਰ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ‘ਤੇ ਸੁਣਵਾਈ ਲਈ 22 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ । ਐਡੀਸ਼ਨਲ ਚੀਫ਼ ਮੈਟਰੋਪਲੀਟਨ ਮੈਜਿਸਟ੍ਰੇਟ (ਏ. ਸੀ. ਐਮ. ਐਮ.) ਸੌਰਭ ਪ੍ਰਤਾਪ ਸਿੰਘ ਲਾਲੇਰ ਅਦਾਲਤ ਵਿਚ ਮੌਜੂਦ ਨਾ ਹੋਣ ਕਾਰਨ ਅੱਜ ਮਾਮਲੇ ਦੀ ਸੁਣਵਾਈ ਨਾ ਹੋ ਸਕੀ ।
ਜਾਣਕਾਰੀ ਮੁਤਾਬਿਕ ਮਜਿਸਟ੍ਰੇਟ ਸਿਖਲਾਈ ਉਦੇਸ਼ ਦੇ ਲਈ 20 ਤੋਂ 28 ਮਾਰਚ ਤੱਕ ਲਈ ਲਖਨਊ ਗਏ ਹੋਏ ਹਨ । ਅਦਾਲਤ ਨੇ ਇਸ ਤੋਂ ਪਹਿਲਾਂ ਕਲੋਜਰ ਰਿਪੋਰਟ ‘ਤੇ ਸ਼ਿਕਾਇਤਕਰਤਾ ਤੇ ਪੀੜਤ ਲਖਵਿੰਦਰ ਕੌਰ ਨੂੰ ਅੱਜ ਦੇ ਲਈ ਨੋਟਿਸ ਜਾਰੀ ਕੀਤਾ ਸੀ । ਲਖਵਿੰਦਰ ਕੌਰ ਦੇ ਪਤੀ ਬਾਦਲ ਸਿੰਘ ਦੀ ਨਵੰਬਰ 1984 ਵਿਚ ਹੱਤਿਆ ਕਰ ਦਿੱਤੀ ਗਈ ਸੀ ।
ਲਖਵਿੰਦਰ ਕੌਰ ਵੱਲੋਂ ਪੇਸ਼ ਵਕੀਲ ਕਾਮਨਾ ਵੋਹਰਾ ਨੇ ਦਾਅਵਾ ਕੀਤਾ ਕਿ ਪੀੜਤ ਨੂੰ ਹਾਲੇ ਤੱਕ ਨੋਟਿਸ ਨਹੀਂ ਦਿੱਤਾ ਗਿਆ ਹੈ । ਅਦਾਲਤ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਰਿਕਾਰਡ ਨੂੰ ਵੇਖਣ ਨਾਲ ਇਹ ਖੁਲਾਸਾ ਹੁੰਦਾ ਹੈ ਕਿ ਦੋਸ਼ੀ ਜਗਦੀਸ਼ ਟਾਈਟਲਰ ਦੇ ਸਬੰਧ ‘ਚ ਰੱਦ ਕਰਨ ਨੂੰ ਲੈ ਕੇ ਰਿਪੋਰਟ ਨੂੰ ਪਹਿਲਾਂ ਵੀ ਦਾਖਿਲ ਕੀਤਾ ਗਿਆ ਸੀ ।
ਇਹ ਤੀਜਾ ਮੌਕਾ ਹੈ ਜਦ ਜਾਂਚ ਏਜੰਸੀ ਨੇ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਹੈ । ਸੀ.ਬੀ.ਆਈ. ਨੇ ਕਿਹਾ ਸੀ ਕਿ ਉਸ ਨੇ ਸੈਸ਼ਨ ਅਦਾਲਤ ਦੇ ਨਿਰਦੇਸ਼ਾਂ ਮੁਤਾਬਿਕ ਮਾਮਲੇ ਵਿਚ ਅੱਗੇ ਦੀ ਜਾਂਚ ਕੀਤੀ ਹੈ ਅਤੇ ਇਸ ਮਾਮਲੇ ‘ਚ ਕਲੋਜ਼ਰ ਰਿਪੋਰਟ ਦਾਇਰ ਕੀਤੀ ।
Related Topics: CBI, Jagdeesh Tytlar, Sikh Massacre, ਸਿੱਖ ਨਸਲਕੁਸ਼ੀ 1984 (Sikh Genocide 1984)