ਸਿਆਸੀ ਖਬਰਾਂ

ਸਿੱਖ ਸਟੂਡੈਂਟਸ ਫੈਡਰੇਸ਼ਨ ਦਾ 73ਵਾਂ ਸਥਾਪਨਾ ਦਿਵਸ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਮਨਾਇਆ

September 13, 2016 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ 73ਵਾਂ ਸਥਾਪਨਾ ਦਿਵਸ ਮਨਾਉਦਿਆਂ ਫੈਡਰੇਸ਼ਨ ਦੇ ਸਾਬਕਾ ਅਤੇ ਮੌਜੂਦਾ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਪ੍ਰਣ ਲਿਆ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਆਪਣੇ ਸਿਧਾਤਾਂ ‘ਤੇ ਦ੍ਰਿੜਤਾ ਨਾਲ ਪਹਿਰਾ ਦੇ ਕੇ ਪੰਥ, ਪੰਜਾਬ, ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਦੇ ਹੱਕੀ ਮਸਲਿਆਂ ‘ਤੇ ਡੱਟ ਕੇ ਅਵਾਜ਼ ਬੁਲੰਦ ਕਰਦੀ ਰਹੇਗੀ। ਫੈਡਰੇਸ਼ਨ ਨਾਲ ਸਬੰਧਤ ਰਹੇ ਆਗੂ ਮਨਜੀਤ ਸਿੰਘ ਭੋਮਾ, ਭਾਈ ਮਨਜੀਤ ਸਿੰਘ, ਸਰਬਜੀਤ ਸਿੰਘ ਜੰਮੂ, ਬਲਵਿੰਦਰ ਸਿੰਘ ਖੋਜਕੀਪੁਰ, ਜਸਬੀਰ ਸਿੰਘ ਘੁੰਮਣ, ਸਰਬਜੀਤ ਸਿੰਘ ਸੋਹਲ ਅਤੇ ਸਤਨਾਮ ਸਿੰਘ ਕੰਡਾ ਦੀ ਅਗਵਾਈ ਵਿੱਚ 50 ਦੇ ਕਰੀਬ ਨੌਜੁਆਨ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ ਜਿਥੇ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਆ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ।

ਬਾਅਦ ਦੁਪਹਿਰ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਹੇਠ ਲਿਖੇ ਸੱਤ ਮਤੇ ਸਰਬ ਸਮੰਤੀ ਨਾਲ ਪਾਸ ਕੀਤੇ ਗਏ। ਪ੍ਰੈਸ ਬਿਆਨ ਅਨੁਸਾਰ ਫੈਡਰੇਸ਼ਨ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਪ੍ਰਾਇਮਰੀ ਵਿੱਦਿਆ ਤੋਂ ਲੈ ਕੇ ਯੂਨੀਵਰਸਿਟੀ ਵਿੱਦਿਆ ਤੱਕ ਅਨਸੂਚਿਤ ਜਾਤੀਆਂ ਵਾਂਗ ਬਾਕੀ ਦੇ ਸਾਰੇ ਵਰਗਾਂ ਦੇ ਵਿਦਿਆਰਥੀਆਂ ਲਈ ਪੜ੍ਹਾਈ ਮੁਫਤ ਕੀਤੀ ਜਾਏ ਅਤੇ ਇਸ ਵਿੱਚ ਕਿਸੇ ਕਿਸਮ ਦਾ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ।

ਦੂਜੇ ਮਤੇ ਰਾਹੀਂ ਫੈਡਰੇਸ਼ਨ ਨੇ ਪੰਜਾਬ ਦੇ 18397 ਸਰਕਾਰੀ ਸਕੂਲਾਂ ਵਿੱਚ ਫਰਨੀਚਰ, ਬਾਥਰੂਮ, ਪੱਖੇ, ਕੂਲਰ, ਪੀਣ ਯੋਗ ਪਾਣੀ, ਸਿਹਤ ਸਹੂਲਤਾਂ, ਖੇਡਾਂ ਦੇ ਮੈਦਾਨ ਦੇ ਨਾਲ-ਨਾਲ ਸਿੱਖਿਆ ਦਾ ਮਿਆਰ ਵੀ ਪੰਜਾਬ ਸਰਕਾਰ ਵੱਲੋਂ ਬਣਾਏ 35 ਮੈਰੀਟੋਰੀਅਸ ਸਕੂਲਾਂ ਦੇ ਬਰਾਬਰ ਕਰਨ ਦੀ ਮੰਗ ਕੀਤੀ ਹੈ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ 73ਵੇਂ ਸਥਾਪਨਾ ਦਿਵਸ ਮੌਕੇ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਪਹੁੰਚੇ ਫੈਡਰੇਸ਼ਨ ਦੇ ਸਾਬਕਾ ਅਤੇ ਮੌਜੂਦਾ ਆਗੂ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ 73ਵੇਂ ਸਥਾਪਨਾ ਦਿਵਸ ਮੌਕੇ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਪਹੁੰਚੇ ਫੈਡਰੇਸ਼ਨ ਦੇ ਸਾਬਕਾ ਅਤੇ ਮੌਜੂਦਾ ਆਗੂ

ਤੀਜੇ ਮਤੇ ਰਾਹੀਂ ਫੈਡਰੇਸ਼ਨ ਨੇ ਪ੍ਰਾਇਵੇਟ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਅੰਨੀ ਲੁੱਟ-ਖਸੁੱਟ ਨੂੰ ਰੋਕਣ ਲਈ ਫੀਸ ਰੈਗੂਲੇਟਰੀ ਅਥਾਰਟੀ ਦੀ ਸਥਾਪਨਾ, ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਭਾਵੇਂ ਉਹ ਕਿਸੇ ਵੀ ਬੋਰਡ ਨਾਲ ਸਬੰਧਿਤ ਹੋਣ, ਪੰਜਾਬੀ ਭਾਸ਼ਾ ਪਹਿਲੀ ਕਲਾਸ ਤੋਂ ਪੜ੍ਹਾਉਣੀ ਲਾਜ਼ਮੀ ਬਣਾਉਣ ਦੀ ਮੰਗ ਕੀਤੀ ਹੈ।

ਚੌਥੇ ਮਤੇ ਰਾਹੀਂ ਫੈਡਰੇਸ਼ਨ ਨੇ ਸ੍ਰੀ ਗੁਰੁ ਗੰ੍ਰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਕਾਤਲ ਅਫਸਰਾਂ ਨੂੰ ਗ੍ਰਿਫਤਾਰ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਮੌਜੂਦਾ ਧਾਰਾ ਵਿਚ ਸੋਧ ਕਰਕੇ ਸਜ਼ਾ-ਏ-ਮੌਤ (ਫਾਂਸੀ) ਦੇ ਕਾਨੂੰਨ ਦੀ ਵਿਵਸਥਾ ਪੈਦਾ ਕਰਨ ਦੀ ਮੰਗ ਕੀਤੀ ਹੈ।

ਪਾਸ ਕੀਤੇ ਪੰਜਵੇਂ ਮਤੇ ਰਾਹੀਂ ਫੈਡਰੇਸ਼ਨ ਵਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਹਾ ਗਿਆ ਹੈ ਕਿ ਸਿੱਖ ਕੌਮ ਨੂੰ ਦਾਜ-ਦਹੇਜ ਦੀ ਲਾਹਨਤ ਤੋਂ ਮੁਕਤੀ ਦਵਾਉਣ ਲਈ ਸਿੱਖ ਕੌਮ ਨੂੰ ਅਦੇਸ਼ ਜਾਰੀ ਕੀਤਾ ਜਾਵੇ ਕਿ ਵਿਆਹ ਸਿਰਫ ਗੁਰਦੁਆਰਾ ਸਾਹਿਬ ਵਿੱਚ ਹੀ ਕੀਤੇ ਜਾਇਆ ਕਰਨ, ਬਰਾਤ ਦੇ ਲੰਗਰ ਤੇ ਚਾਹ, ਪਾਣੀ ਦੀ ਸੇਵਾ ਵੀ ਗੁਰਦੁਆਰਾ ਸਾਹਿਬ ਵਿਖੇ ਪੰਗਤਾਂ ਵਿੱਚ ਬਿਠਾ ਕੇ ਕੀਤੀ ਜਾਵੇ ਅਤੇ ਦਾਜ-ਦਹੇਜ ਲੈਣ ਦੇਣ ਨੂੰ ਬੱਜਰ ਕੁਰਹਿਤ (ਧਾਰਮਿਕ ਗੁਨਾਹ) ਮੰਨਿਆ ਜਾਵੇ।

ਛੇਵੇਂ ਮਤੇ ਰਾਹੀਂ ਫੈਡਰੇਸ਼ਨ ਕੇਂਦਰ ਸਰਕਾਰ ਤੇ ਜੰਮੂ-ਕਸ਼ਮੀਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਸ਼ਮੀਰ ਦੇ ਸਿੱਖਾਂ ਦੀ ਸੁਰੱਖਿਆ ਹਰ ਹੀਲੇ ਯਕੀਨੀ ਬਣਾਈ ਜਾਵੇ। ਸਿੱਖਾਂ ਨੂੰ ਕਸ਼ਮੀਰ ਵਿੱਚ ਘੱਟਗਿਣਤੀਆਂ ਦਾ ਦਰਜਾ ਦੇ ਕੇ ਉਹ ਸਭ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣ ਜੋ ਬਾਕੀ ਦੀਆਂ ਸਟੇਟਾ ਵਿੱਚ ਹੋਰਨਾਂ ਘੱਟਗਿਣਤੀਆਂ ਕੌਮਾਂ ਨੂੰ ਮਿਲਦੀਆਂ ਹਨ।

ਸਤਵੇਂ ਮਤੇ ਰਾਹੀਂ ਫੈਡਰੇਸ਼ਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰ ਸਿੰਘ ਭੁੱਲਰ ਅਤੇ ਭਾਈ ਖੈੜਾ ਸਮੇਤ ਸਭ ਨਜ਼ਰਬੰਦ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਅਰਦਾਸ ਮੌਕੇ ਵਿਕਰਮ ਗੁਲਜਾਰ ਸਿੰਘ ਖੋਜਕੀਪੁਰ, ਹਰਵਿਸ਼ਾਲ ਸਿੰਘ ਖੋਜਕੀਪੁਰ, ਜਗਦੀਸ਼ ਸਿੰਘ ਵਡਾਲਾ, ਹਰਦਿਆਲ ਸਿੰਘ ਭੁੱਲਰ, ਸੁਖਜਿੰਦਰ ਸਿੰਘ ਸਰਪੰਚ ਭਾਮ, ਸੁਖਵੰਤ ਸਿੰਘ ਭਾਮੜੀ, ਸੁਖਜਿੰਦਰ ਸਿੰਘ ਬਿੱਟੂ ਮਜੀਠਾ, ਕੁਲਦੀਪ ਸਿੰਘ ਮਜੀਠਾ, ਰਵਿੰਦਰਜੀਤ ਸਿੰਘ ਮਜੀਠਾ, ਉਮਰਜੀਤ ਸਿੰਘ ਘੁੱਕੇਵਾਲੀ, ਭਾਈ ਬਲਵਿੰਦਰ ਸਿੰਘ ਜੇਠੂਵਾਲ, ਸਵਿੰਦਰ ਸਿੰਘ ਕੋਟ ਖਾਲਸਾ, ਮੇਜਰ ਸਿੰਘ ਕੋਟ ਖਾਲਸਾ, ਹਰਬਖ਼ਸ਼ ਸਿੰਘ ਭੋਲਾ, ਅਮਰਜੀਤ ਸਿੰਘ ਲਾਡਾ, ਗੁਰਿੰਦਰਬੀਰ ਸਿੰਘ ਖਹਿਰਾ, ਬਲਦੇਵ ਸਿੰਘ ਤੇੜਾ, ਬਲਵਿੰਦਰ ਸਿੰਘ ਜੇਠੂਵਾਲ, ਹਰਪਾਲ ਸਿੰਘ ਜੇਠੂਵਾਲ, ਜਥੇਦਾਰ ਬਲਦੇਵ ਸਿੰਘ, ਹਨੀ ਚੇਅਰਮੈਨ (ਸੰਗਤਪੁਰਾ), ਬ੍ਰਹਮ ਸਿੰਘ ਝੰਡੇਰ, ਬਾਉ ਸਰਪੰਚ, ਸਾਗਰਪ੍ਰੀਤ ਸਿੰਘ ਘੁੱਕੇਵਾਲੀ, ਕਰਮਜੀਤ ਸਿੰਘ, ਰਵੀ ਘੁੱਕੇਵਾਲੀ, ਸੁਖਵਿੰਦਰ ਸਿੰਘ ਸਰਪੰਚ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,