February 4, 2017 | By ਸਿੱਖ ਸਿਆਸਤ ਬਿਊਰੋ
ਬਠਿੰਡਾ: ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਅਧੀਨ ਪੈਂਦੇ ਪਿੰਡ ਕੋਟਸ਼ਮੀਰ ਦੇ ਇਕ ਡੇਰਾ ਸਿਰਸਾ ਪ੍ਰੇਮੀ ਗੁਰਤੇਜ ਸਿੰਘ ਭਾਗੂ ਵਾਲੇ ਦੇ ਟਰੈਕਟਰ ਟਰਾਲੀ ਤੇ ਖੇਤ ‘ਚੋਂ 21 ਡੱਬੇ ਠੇਕੇ ਦੀ ਦੇਸ਼ੀ ਸ਼ਰਾਬ ਬਰਾਮਦ ਹੋਈ ਹੈ। ਥਾਣਾ ਕੋਟਫੱਤਾ ਪੁਲਿਸ ਨੇ ਇਸ ਮਾਮਲੇ ‘ਚ ਪਰਚਾ ਦਰਜ ਕਰ ਲਿਆ ਹੈ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਸ਼ੁੱਕਰਵਾਰ ਬਾਅਦ ਦੁਪਹਿਰ ਪਿੰਡ ਕੋਟਸ਼ਮੀਰ ਦੇ ਵਸਨੀਕ ਡੇਰਾ ਪ੍ਰੇਮੀ ਗੁਰਤੇਜ ਸਿੰਘ ਭਾਗੂ ਦੇ ਟਰੈਕਟਰ-ਟਰਾਲੀ ‘ਚੋਂ ਪਿੰਡ ਦੇ ਬੌਰੀਆ ਸਿੱਖਾਂ ਦੀ ਅਬਾਦੀ ਨੇੜਿਓਂ 14 ਡੱਬੇ ਸ਼ਰਾਬ ਬਰਾਮਦ ਹੋਈ। ਉਕਤ ਟਰੈਕਟਰ-ਟਰਾਲੀ ਨੂੰ ‘ਆਪ’ ਦੇ ਵਰਕਰਾਂ ਨੇ ਘੇਰ ਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਪਿੱਛੋਂ ਪੁਲਿਸ ਨੇ ਸ਼ਰਾਬ ਨੂੰ ਕਬਜ਼ੇ ‘ਚ ਲੈ ਲਿਆ, ਪਰ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋਣ ‘ਚ ਸਫ਼ਲ ਰਿਹਾ।
ਇਸ ਪਿੱਛੋਂ ‘ਆਪ’ ਕਾਰਜਕਰਤਾਵਾਂ ਨੇ ਪੁਲਿਸ ਨੂੰ ਟਰੈਕਟਰ ਟਰਾਲੀ ਮਾਲਕ ਡੇਰਾ ਪ੍ਰੇਮੀ ਗੁਰਤੇਜ ਸਿੰਘ ਦੇ ਘਰ ਦੀ ਤਲਾਸੀ ਲਈ ਕਿਹਾ, ਜਿਸ ‘ਤੇ ਪਹਿਲਾਂ ਤਾਂ ਐਸ.ਐਚ.ਓ. ਕੋਟਫੱਤਾ ਕ੍ਰਿਸ਼ਨ ਕੁਮਾਰ ਨੇ ਨਾਂਹ ਨੁੱਕਰ ਕੀਤੀ ਤੇ ਬਾਅਦ ‘ਚ ਖੁਦ ਘਰ ਦੀ ਤਲਾਸੀ ਲੈ ਕੇ ਕੁਝ ਵੀ ਬਰਾਮਦ ਨਾ ਹੋਣ ਦੀ ਗੱਲ ਕਹੀ, ਪਰ ਮੌਕੇ ‘ਤੇ ਪੁੱਜੀ ਚੋਣ ਕਮਿਸ਼ਨ ਦੀ ਟੀਮ ਤੇ ਪੁਲਿਸ ਨੇ ਪਿੰਡ ਵਾਲਿਆਂ ਦੇ ਦਬਾਅ ਦੇ ਚੱਲਦਿਆਂ ਘਰ ਦੇ ਆਲ-ਦੁਆਲੇ ਭਾਲ ਕਰਨ ‘ਤੇ 82 ਬੋਤਲਾਂ (7 ਡੱਬੇ) ਸ਼ਰਾਬ ਗੁਰਤੇਜ ਸਿੰਘ ਦੇ ਖੇਤ ‘ਚੋਂ ਬਰਾਮਦ ਹੋਈ ਙ ਥਾਣਾ ਕੋਟਫੱਤਾ ਪੁਲਿਸ ਨੇ ਪਹਿਲਾਂ ਇਹ ਪਰਚਾ ਅਣਪਛਾਤੇ ਵਿਅਕਤੀਆਂ ‘ਤੇ ਦਰਜ ਕਰਕੇ ਖਹਿੜਾ ਛੁਡਵਾਉਣ ਚਾਹਿਆ। ਮੌਕੇ ‘ਤੇ ਪੁੱਜੇ ਡੀ.ਐਸ.ਪੀ. ਕੁਲਦੀਪ ਸਿੰਘ ਸੋਹੀ ਵੀ ਪੁੱਜ ਗਏ।
‘ਆਪ’ ਦੀ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਰੁਪਿੰਦਰ ਕੌਰ ਰੂਬੀ ਦੇ ਪਿਤਾ ਮਲਕੀਤ ਸਿੰਘ, ਐਮ.ਸੀ. ਜਲੌਰ ਸਿੰਘ, ਬਲਦੀਪ ਸਿੰਘ, ਜਗਦੇਵ ਸਿੰਘ, ਮੱਖਣ ਸਿੰਘ ਪੰਚ ਸਣੇ ਵੱਡੀ ਗਿਣਤੀ ‘ਚ ‘ਆਪ’ ਆਗੂਆਂ ਅਤੇ ਵਰਕਰਾਂ ਦੇ ਦਬਾਅ ਦੇ ਚੱਲਦਿਆਂ ਪੁਲਿਸ ਟਰੈਕਟਰ ਟਰਾਲੀ ਤੇ ਖੇਤ ਮਾਲਕ ਗੁਰਤੇਜ ਸਿੰਘ ‘ਤੇ ਪਰਚਾ ਦਰਜ ਕਰਨ ਲਈ ਮਜ਼ਬੂਰ ਹੋ ਗਈ। ‘ਆਪ’ ਆਗੂਆਂ ਤੇ ਉਮੀਦਵਾਰ ਰੁਪਿੰਦਰ ਕੌਰ ਰੂਬੀ ਦੇ ਪਿਤਾ ਮਲਕੀਤ ਸਿੰਘ ਨੇ ਦੋਸ਼ ਲਾਇਆ ਕਿ ਉਕਤ ਸ਼ਰਾਬ ਬਠਿੰਡਾ ਦਿਹਾਤੀ ਤੋਂ ਬਾਦਲ ਦਲ ਦੇ ਉਮੀਦਵਾਰ ਅਮਿਤ ਰਤਨ ਦੇ ਹੱਕ ‘ਚ ਲੋਕਾਂ ਨੂੰ ਵੰਡੀ ਜਾਣੀ ਸੀ। ਡੀ.ਐਸ.ਪੀ. ਕੁਲਦੀਪ ਸਿੰਘ ਸੋਹੀ ਨੇ ਸ਼ਰਾਬ ਬਰਾਮਦ ਹੋਣ ਦੀ ‘ਤੇ ਪਰਚਾ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਅਗਲੇਰੀ ਜਾਂਚ ਹੋਣ ਦੀ ਗੱਲ ਕਹੀ।
ਡੇਰਾ ਪ੍ਰੇਮੀ ਤੋਂ ਸ਼ਰਾਬ ਬਰਾਮਦ ਹੋਣ ਸਬੰਧੀ ਡੇਰਾ ਸਿਰਸਾ ਦੀ 45 ਮੈਂਬਰੀ ਸੂਬਾ ਕਮੇਟੀ ਮੈਂਬਰ ਗੁਰਦੇਵ ਸਿੰਘ ਨੇ ਪਹਿਲਾਂ ਕਿਹਾ ਕਿ ਗੁਰਤੇਜ ਸਿੰਘ ਡੇਰਾ ਪ੍ਰੇਮੀ ਹੈ, ਪਰ ਉਸ ਕੋਲ ਹੁਣ ਕੋਈ ਵੱਡੀ ਜ਼ਿੰਮੇਵਾਰੀ ਨਹੀਂ। ਉਸ ਦੇ ਘਰ ਲੜਕੀ ਦਾ ਵਿਆਹ ਸੀ, ਜਿਸ ਕਰਕੇ ਉਸ ਦੇ ਘਰ ਸ਼ਰਾਬ ਹੋ ਸਕਦੀ ਹੈ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪਰ ਇਕ ਡੇਰਾ ਪ੍ਰੇਮੀ ਵੱਲੋਂ ਵਿਆਹ ਵਿਚ ਸ਼ਰਾਬ ਵਰਤਾਏ ਜਾਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਆਪਣਾ ਬਿਆਨ ਬਦਲਦਿਆਂ ਕਿਹਾ ਕਿ ਡੇਰਾ ਕਿਸੇ ਵੀ ਨਸ਼ੇ ਦੀ ਹਮਾਇਤ ਨਹੀਂ ਕਰਦਾ ਅਤੇ ਗੁਰਤੇਜ ਸਿੰਘ ਤੋਂ ਸੇਵਾ ਵਾਪਸ ਲਈ ਗਈ ਹੈ। ਇਸ ਮਾਮਲੇ ਤੋਂ ਪੱਲਾ ਝਾੜਦਿਆਂ ਕਿਹਾ ਕਿ ਗੁਰਤੇਜ ਸਿੰਘ ਹੁਣ ਡੇਰਾ ਪ੍ਰੇਮੀ ਨਹੀਂ ਹੈ।
ਸਬੰਧਤ ਖ਼ਬਰ:
ਬਠਿੰਡਾ ਦੇ ਕੋਟਸ਼ਮੀਰ ‘ਚ ਵੰਡਣ ਲਈ ਲਿਆਂਦੀ ਸ਼ਰਾਬ ਲੋਕਾਂ ਨੇ ਲੁੱਟੀ: ਮੀਡੀਆ ਰਿਪੋਰਟ …
Related Topics: Aam Aadmi Party, Anti-Sikh Deras, Badal Dal, Dera Sauda Sirsa, Election Commission of India, Fourth Front Punjab, Punjab Elections 2017 (ਪੰਜਾਬ ਚੋਣਾਂ 2017), Punjab Polls 2017, Sikh Dera Clash