January 7, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ (7 ਜਨਵਰੀ 2019) (23 ਪੋਹ, ਨਾਨਕਸ਼ਾਹੀ ਸੰਮਤ 551) ਦਾ ਖ਼ਬਰਸਾਰ ਪੇਸ਼ ਹੈ:-
ਸਿੱਖ ਜਗਤ ਦੀਆਂ ਖਬਰਾਂ:
ਸ਼ਹੀਦਾਂ ਨੂੰ ਪ੍ਰਣਾਮ:
• ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਗੁਰਦੁਆਰਾ ਝੰਡਾ ਬੁੰਗਾ ਵਿਖੇ ਮਨਾਇਆ ਗਿਆ
• ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਸਤਵੰਤ ਸਿੰਘ ਦੇ ਭਰਾ ਵਰਿਆਮ ਸਿੰਘ ਅਤੇ ਭਤੀਜੇ ਬਲਤੇਜ ਸਿੰਘ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ
ਭਾਈ ਰਾਜੋਆਣਾ ਨੇ ਭੁੱਖ ਹੜਤਾਲ ਮੁਲਤਵੀ ਕੀਤੀ:
• ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ 11 ਜਨਵਰੀ ਨੂੰ ਕੀਤੀ ਜਾਣ ਵਾਲੀ ਭੁੱਖ ਹੜਤਾਲ ਵਾਪਸ ਲੈ ਲਈ ਹੈ
• ਇਹ ਫੈਸਲਾ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਹੇਠ ਵਫਦ ਨਾਲ ਜੇਲ੍ਹ ਵਿੱਚ ਮੁਲਾਕਾਤ ਤੋਂ ਬਾਅਦ ਲਿਆ
• ਵਫਦ ਅਨੁਸਾਰ ਭਾਈ ਰਾਜੋਆਣੇ ਦਾ ਕਹਿਣਾ ਸੀ ਕਿ ਫੈਸਲਾ ਚਾਹੇ ਜੋ ਵੀ ਆਵੇ ਪਰ ਮੇਰੀ ਫਾਂਸੀ ਦੇ ਮਾਮਲੇ ਦਾ ਨਿਪਟਾਰਾ ਛੇਤੀ ਕੀਤਾ ਜਾਵੇ
• ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ ਵਿੱਚ ਮਿਲਣ ਵਾਲਿਆਂ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਅਤੇ ਬੀਬੀ ਕਮਲਦੀਪ ਕੌਰ ਤੋਂ ਇਲਾਵਾ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਗੁਰਚਰਨ ਸਿੰਘ ਗਰੇਵਾਲ ਆਦਿ ਵੀ ਸ਼ਾਮਿਲ ਸਨ
• ਭਾਈ ਰਾਜੋਆਣਾ ਦੀ ਭੈਣ ਨੇ ਕਿਹਾ ਕਿ ਰੋਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਵੀ ਉਹਨਾਂ ਦੇ ਘਰ ਆ ਕੇ ਰੋਸ ਮਾਮਲੇ ਵਿਚ ਮਦਦ ਦਾ ਭਰੋਸਾ ਦਿੱਤਾ ਸੀ
ਪੰਜਾਬ ਦੀ ਸਿਆਸਤ:
ਕਾਂਗਰਸ ‘ਚ ਚੌਧਰ ਤੋਂ ਪੈ ਰਿਹਾ ਕਲੇਸ਼:
• ਪੰਜਾਬ ਦੀ ਕਾਂਗਰਸ ਪਾਰਟੀ ਦੇ ਵਿਧਾਇਕਾਂ ਦਾ ਆਪਸੀ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ
• ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਬਟਾਲਾ ਤੋਂ ਅਸ਼ਵਨੀ ਸੇਖੜੀ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਆਪਣੇ ਹਲਕੇ ਵਿੱਚ ਦਖਲਅੰਦਾਜ਼ੀ ਕਰਨ ਦਾ ਦੋਸ਼ ਲਾਇਆ
• ਸੇਖੜੀ ਨੇ ਕਿਹਾ ਕਿ ਵਿਕਾਸ ਕਾਰਜ ਆਰੰਭ ਕਰਨ ਦੇ ਨਾਂ ਤੇ ਬਾਜਵਾ ਮੇਰੇ ਅਸਰ-ਰਸੂਖ ਨੂੰ ਖਰਾਬ ਕਰ ਰਿਹਾ ਹੈ
• ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਇਨ੍ਹਾਂ ਵਿਕਾਸ ਕੰਮਾਂ ਨੂੰ ਆਪਣਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਬਦਲ ਕੇ ਬਟਾਲਾ ਤੋਂ ਚੋਣ ਲੜਨ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ
ਦਿੱਲੀ ਦਾ ‘ਬਾਦਲ ਦਲ’:
• ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਹਰਮੀਤ ਸਿੰਘ ਕਾਲਕਾ ਨੂੰ ਦਲ ਦੀ ਦਿੱਲੀ ਇਕਾਈ ਦਾ ਪ੍ਰਧਾਨ ਥਾਪਿਆ ਅਤੇ ਅਵਤਾਰ ਸਿੰਘ ਹਿੱਤ ਨੂੰ ਸਰਪ੍ਰਸਤ ਨਿਯੁਕਤ ਕੀਤਾ
• ਦਿੱਲੀ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋ.ਅ.ਦ. (ਬਾਦਲ) ਨੇ ਭਾਜਪਾ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਤਿੰਨ ਮੈਂਬਰੀ ਕਮੇਟੀ ਬਣਾਈ
• ਇਸ ਕਮੇਟੀ ਵਿੱਚ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਨਰੇਸ਼ ਕੁਮਾਰ ਗੁਜਰਾਲ ਨੂੰ ਸ਼ਾਮਿਲ ਕੀਤਾ ਗਿਆ ਹੈ
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
ਜੇ.ਐਨ.ਯੂ. ਮਾਮਲੇ ਦੀਆਂ ਖਬਰਾਂ:
• ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਕੁੱਟਮਾਰ ਦੇ ਖਿਲਾਫ ਪੰਜਾਬ ਸਮੇਤ ਭਾਰਤੀ ਉਪਮਹਾਂਦੀਪ ਦੇ ਵੱਖ ਵੱਖ ਖਿੱਤਿਆਂ ਵਿੱਚ ਹੋਏ ਰੋਹ ਵਿਖਾਵੇ
• ਖਬਰਾਂ ਅਨੁਸਾਰ ਦਿੱਲੀ ਪੁਲੀਸ ਨੇ ਇਸ ਮਾਰਕੁੱਟ ਦੇ ਬਾਰੇ ਮਾਮਲਾ ਦਰਜ ਕਰ ਲਈ ਹੈ
• ਇਸ ਦੌਰਾਨ ਇਸ ਕੁੱਟਮਾਰ ਬਾਰੇ ਖਬਰਖਾਨੇ ਵਿੱਚ ਕੁਝ ਹੋਰ ਤੱਥ ਵੀ ਸਾਹਮਣੇ ਆਏ ਹਨ
• ਖਬਰਾਂ ਹਨ ਕਿ ਇਸ ਘਟਨਾ ਤੋਂ ਤੁਰੰਤ ਬਾਅਦ ਯੂਨੀਵਰਸਿਟੀ ਦੇ ਉੱਤਰੀ ਦਰਵਾਜੇ ਉੱਪਰ ਕਾਫੀ ਪੁਲਸ ਨੂੰ ਬੁਲਾ ਲਿਆ ਗਿਆ ਸੀ ਅਤੇ ਕਾਫੀ ਲੋਕ ਵੀ ਇੱਥੇ ਖੜ੍ਹੇ ਸਨ ਜੋ ਇੱਕ ਐਂਬੂਲੈਂਸ ਨੂੰ ਅਦਾਰੇ ਦੇ ਅੰਦਰ ਨਹੀਂ ਜਾਣ ਦੇ ਰਹੇ ਸਨ
• ਉਨ੍ਹਾਂ ਲੋਕਾਂ ਨੇ ਮਫ਼ਰਲ ਅਤੇ ਰੁਮਾਲਾਂ ਨਾਲ ਆਪਣੇ ਮੂੰਹ ਲੁਕਾਏ ਹੋਏ ਸਨ ਅਤੇ “ਨਕਸਲਵਾਦ ਮੁਰਦਾਬਾਦ” ਤੇ “ਨਾ ਮਾਓਵਾਦ, ਨਾ ਨਕਸਲਵਾਦ, ਸਬਸੇ ਉਪਰ ਰਾਸ਼ਟਰਵਾਦ” ਵਰਗੇ ਨਾਅਰੇ ਲਾ ਰਹੇ ਸਨ
• ਇਸੇ ਦੌਰਾਨ 250 ਦੇ ਕਰੀਬ ਪੁਲਸ ਵਾਲੇ ਉੱਥੇ ਖੜ੍ਹੇ ਸਨ ਜਿਨ੍ਹਾਂ ਦੇ ਸਾਹਮਣੇ ਇਸ ਭੀੜ ਨੇ ਐਂਬੂਲੈਂਸ ਦੇ ਟਾਇਰ ਪੰਚਰ ਕੀਤੇ ਅਤੇ ਸ਼ੀਸ਼ੇ ਵੀ ਤੋੜੇ ਅਤੇ ਇਸ ਭੀੜ ਨੇ ਸਵਰਾਜ ਇੰਡੀਆ ਦੇ ਨੇਤਾ ਜੋਗਿੰਦਰ ਯਾਦਵ ਤੇ ਸੀਪੀਆਈ ਨੇਤਾ ਡੀ ਰਾਜਾ ਦੀ ਖਿੱਚ ਧੂਹ ਵੀ ਕੀਤੀ ਪਰ ਪੁਲਸ ਬਿਨਾਂ ਕੋਈ ਦਖਲ ਦਿੱਤੇ ਚੁੱਪ ਚਾਪ ਦੇਖਦੀ ਰਹੀ
• ਖਬਰਖਾਨੇ ਵਿੱਚ ਕੁਝ ਇੱਕ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਤੋਂ ਇਹ ਇਸ਼ਾਰਾ ਹੋ ਰਿਹਾ ਹੈ ਕਿ ਇਸ ਹਮਲੇ ਪਿੱਛੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਦਾ ਹੱਥ ਹੈ
• ਜਵਾਹਰ ਲਾਲ ਨਹਿਰੀ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਦੀ ਪ੍ਰਧਾਨ ਆਈਸੀ ਘੋਸ਼ ਨੇ ਕਿਹਾ ਕਿ ਐਤਵਾਰ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਕੱਢੇ ਜਾਣ ਵਾਲੇ ਅਮਨ ਮਾਰਚ ਦੌਰਾਨ ਮੈਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ
• ਉਸਨੇ ਕਿਹਾ ਕਿ ਆਰ.ਐਸ.ਐਸ. ਨਾਲ ਜੁੜੇ ਹੋਏ ਕੁਝ ਪ੍ਰੋਫੈਸਰ ਸਾਡੇ ਅਮਨ ਮਾਰਚ ਨੂੰ ਕੱਢਣ ਤੋਂ ਰੋਕਣ ਲਈ ਪਿਛਲੇ ਚਾਰ ਪੰਜ ਦਿਨਾਂ ਤੋਂ ਹਿੰਸਾ ਨੂੰ ਹੱਲਾਸ਼ੇਰੀ ਦੇ ਰਹੇ ਸਨ
ਨਾ.ਸੋ.ਕਾ. ਵਿਰੋਧ ਮਾਮਲਾ:
• ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦੇ ਖਿਲਾਫ ਹੋ ਰਹੇ ਰੋਹ ਵਿਖਾਵਿਆਂ ਨੂੰ ਸਮਰਥਨ ਦੇਣਗੇ ਪਰ 8 ਜਨਵਰੀ ਨੂੰ ਖੱਬੇ ਪੱਖੀ ਪਾਰਟੀਆਂ ਦੁਆਰਾ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਨਹੀਂ ਦੇਣਗੇ
ਦਿੱਲੀ ਦਾ ਚੋਣ ਅਖਾੜਾ:
• ਦਿੱਲੀ ਵਿਧਾਨ ਸਭਾ ਚੋਣਾਂ ਦੀ ਤਰੀਕ ਦੇ ਐਲਾਨ
• ਦਿੱਲੀ ਵਿੱਚ ਚੋਣ ਜ਼ਾਬਤਾ ਵੀ ਲਾਗੂ
• ਚੋਣ ਇੱਕੋ ਗੇੜ ਵਿੱਚ 8 ਫਰਵਰੀ ਨੂੰ ਹੋਵੇਗੀ
• 11 ਫਰਵਰੀ ਨੂੰ ਵੋਟਾਂ ਦੀ ਗਿਣਤੀ ਤੇ ਨਤੀਜੇ ਦਾ ਐਲਾਨ ਹੋਵੇਗਾ
• ਕਾਗਜ ਦਾਖਲ ਕੀਤੇ ਜਾਣ ਦੀ ਤਰੀਕ 21 ਜਨਵਰੀ ਰੱਖੀ ਗਈ
ਖਬਰਾਂ ਆਰਥਿਕ ਜਗਤ ਦੀਆਂ:
ਇਰਾਕ ਮਾਮਲੇ ਦੀ ਭਾਰਤ ਨੂੰ ਪੈ ਰਹੀ ਵਿੱਤੀ ਮਾਰ:
• ਅਮਰੀਕਾ ਅਤੇ ਇਰਾਨ ਦੇ ਵਿੱਚ ਵਧਦੇ ਤਣਾਅ ਤੋਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਦੀ ਵਜ੍ਹਾ ਕਰਕੇ ਭਾਰਤੀ ਸ਼ੇਅਰ ਬਾਜ਼ਾਰ ਚ ਆਈ ਵੱਡੀ ਗਿਰਾਵਟ
• ਸ਼ੇਅਰ ਬਾਜ਼ਾਰ ਵਿੱਚ ਆਈ ਇਸ ਗਿਰਾਵਟ ਦੀ ਵਜ੍ਹਾ ਕਰਕੇ ਨਿਵੇਸ਼ਕਾਂ ਦੇ 3 ਲੱਖ ਕਰੋੜ ਰੁਪਏ ਡੁੱਬ ਗਏ
ਡੁੱਬ ਰਹੇ ਬੈਂਕਾਂ ਦੀ ਬਾਂਹ ਫੜਨੋਂ ਸਰਕਾਰ ਦਾ ਇਨਕਾਰ:
• ਭਾਰਤ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਆਉਣ ਵਾਲੇ ਆਮ ਬਜਟ ਦੌਰਾਨ ਸਰਕਾਰੀ ਬੈਂਕਾਂ ਵਿੱਚ ਨਿਵੇਸ਼ ਨਹੀਂ ਕਰੇਗੀ
• ਇਸ ਦੀ ਬਜਾਏ ਸਰਕਾਰ ਬੈਂਕਾਂ ਨੂੰ ਡੁੱਬੇ ਕਰਜ਼ ਦੀ ਵਸੂਲੀ ਤੇਜ਼ ਕਰਨ ਅਤੇ ਬਾਜ਼ਾਰ ਵਿੱਚੋਂ ਫੰਡ ਇਕੱਠਾ ਕਰਨ ਲਈ ਉਤਸ਼ਾਹਿਤ ਕਰੇਗੀ
ਸਰਕਾਰੀ ਅਦਾਰੇ ਜਾਇਦਾਦ ਵੇਖੇਗਾ:
• ਭਾਰਤ ਸਰਕਾਰ ਦੀ ਦੂਰਸੰਚਾਰ ਕੰਪਨੀ ਭਾਰਤੀ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਆਪਣੀਆਂ ਜਾਇਦਾਦਾਂ ਵੇਚ ਕੇ 20 ਹਜ਼ਾਰ ਕਰੋੜ ਰੁਪਏ ਇਕੱਠਾ ਕਰੇਗੀ
• ਇਸ ਤਹਿਤ ਤੋਂ ਬੀ.ਐਸ.ਐਨ.ਐਲ. ਨੇ 14 ਜਾਇਦਾਦਾਂ ਦੀ ਪਛਾਣ ਕਰਕੇ ‘ਇਨਵੈਸਟਮੈਂਟ ਐਂਡ ਪਬਲਿਕ ਏਸੈੱਟਸ ਮੈਨੇਜਮੈਂਟ ਡਿਪਾਰਟਮੈਂਟ’ ਨੂੰ ਸੂਚੀ ਸੌਂਪ ਦਿੱਤੀ ਹੈ
• ਬੀ.ਐੱਸ.ਐੱਨ.ਐੱਲ. ਦੇ ਮੁਖੀ (ਚੇਅਰਮੈਨ) ਪੀ ਕੇ ਪੁਰਵਾਰ ਨੇ ਕਿਹਾ ਕਿ ਇਹ ਜਾਇਦਾਦਾਂ ਮੁੰਬਈ ਤ੍ਰਿਵਨੰਤਪੁਰਮ ਚੇਨਈ ਗਾਜ਼ੀਆਬਾਦ ਅਤੇ ਹੋਰ ਥਾਵਾਂ ਉੱਤੇ ਹਨ
ਸੂਬਿਆਂ ਦੇ ਮੰਦੇ ਦਿਨ ਸ਼ੁਰੂ ਹੋਣਗੇ:
• ਆਰਥਿਕ ਜਾਂਚ ਸੰਸਥਾ ਐੱਨ.ਆਈ.ਪੀ.ਐੱਫ.ਪੀ. ਦੇ ਇੱਕ ਲੇਖੇ ਵਿੱਚ ਇਹ ਅੰਦਾਜ਼ਾ ਪ੍ਰਗਟ ਕੀਤਾ ਗਿਆ ਹੈ ਕਿ ਵਸਤੂ ਤੇ ਸੇਵਾ ਕਰ (ਜੀ.ਐੱਸ.ਟੀ) ਮੁਆਵਜ਼ਾ ਸਮਾਪਤੀ ਦੀ ਤਰੀਕ ਤੋਂ ਬਾਅਦ ਸੂਬਿਆਂ ਨੂੰ ਮਾਲੀਏ ਦੇ ਵਾਧੇ ਵਿੱਚ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ
• ਲੇਖ ਵਿੱਚ ਕਿਹਾ ਗਿਆ ਹੈ ਕਿ ਸੂਬਿਆਂ ਨੂੰ ਇਕੱਠੇ ਰੂਪ ਵਿੱਚ 1.23 ਲੱਖ ਕਰੋੜ ਰੁਪਏ ਤੱਕ ਮਾਲੀਏ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ
• ਇਸ ਵਿੱਚ ਕਿਹਾ ਗਿਆ ਹੈ ਕਿ 30 ਜੂਨ 2022 ਨੂੰ ਜੀ.ਐੱਸ.ਟੀ. ਦੇ ਤਹਿਤ ਸੂਬਿਆਂ ਲਈ ਉਨ੍ਹਾਂ ਦੇ ਮਾਲੀਏ ਦੇ ਨੁਕਸਾਨ ਦੀ ਪੂਰਤੀ ਕਰਨ ਦੀ ਪੰਜ ਸਾਲ ਦੀ ਮਿਆਦ ਖਤਮ ਹੋ ਜਾਵੇਗੀ
ਅਹੁਦੇ ਦਾ ਮਾਮਲਾ:
• ਟਾਟਾ ਸਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਨੇ ਕਿਹਾ ਕਿ ਉਹ ਟਾਟਾ ਸਨਜ਼ ਦਾ ਚੇਅਰਮੈਨ ਬਣਨ ਦੇ ਇੱਛਕ ਨਹੀਂ ਹਨ
• ਮਿਸਤਰੀ ਨੇ ਕਿਹਾ ਕਿ ਉਹ ਹੋਲਡਿੰਗ ਕੰਪਨੀ ਦੇ ਨਿਰਦੇਸ਼ਕ ਮੰਡਲ ਵਿੱਚ ਥਾਂ ਚਾਹੁੰਦਾ ਹੈ
ਟਰੇਡ ਯੂਨੀਅਨਾਂ ਦੀ ਹੜਤਾਲ 8 ਨੂੰ:
• ਭਾਰਤੀ ਉਪ ਮਹਾਂਦੀਪ ਦੀਆਂ ਟਰੇਡ ਯੂਨੀਅਨਾਂ ਨੇ ਦਾਅਵਾ ਕੀਤਾ ਕਿ 8 ਜਨਵਰੀ ਤੋਂ ਪੂਰੇ ਭਾਰਤ ਵਿੱਚ ਹੋਣ ਜਾ ਰਹੀ ਹੜਤਾਲ ਵਿੱਚ 25 ਕਰੋੜ ਲੋਕ ਹਿੱਸਾ ਲੈਣਗੇ
• 10 ਟਰੇਡ ਯੂਨੀਅਨਾਂ ਦੇ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਸਰਕਾਰ ਅੱਗੇ 14 ਮੰਗਾਂ ਰੱਖੀਆਂ ਸਨ ਪਰ ਸਰਕਾਰ ਨੇ ਸਾਡੀ ਕਿਸੇ ਇੱਕ ਮੰਗ ਨੂੰ ਵੀ ਹੱਲ ਕਰਨ ਦਾ ਭਰੋਸਾ ਨਹੀਂ ਦਿੱਤਾ
• ਆਰ.ਐੱਸ.ਐੱਸ. ਨਾਲ ਜੁੜੇ ਭਾਰਤੀ ਮਜ਼ਦੂਰ ਸੰਘ ਨੇ ਕਿਹਾ ਕਿ ਅਸੀਂ ਇਸ ਹੜਤਾਲ ਵਿੱਚ ਹਿੱਸਾ ਨਹੀਂ ਲਵਾਂਗੇ
ਕੌਮਾਂਤਰੀ ਖਬਰਾਂ:
ਆਸਟ੍ਰੇਲੀਆਂ ਦੇ ਜੰਗਲਾ ਦੀ ਬੇਕਾਬੂ ਅੱਗ:
• ਆਸਟ੍ਰੇਲੀਆ ਦੇ ਜੰਗਲਾਂ ਨੂੰ ਲੱਗੀ ਅੱਗ ਹੁਣ ਵਧਦੀ ਹੋਈ ਸ਼ਹਿਰਾਂ ਤੱਕ ਪਹੁੰਚਣ ਲੱਗੀ
• ਇੱਕ ਲੇਖੇ ਮੁਤਾਬਕ ਹੁਣ ਤੱਕ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1500 ਤੋਂ ਵੱਧ ਘਰ ਬਰਬਾਦ ਹੋ ਗਏ ਹਨ
• ਅੱਗ ਇੰਨੀ ਭਿਆਨਕ ਹੈ ਕਿ ਹੁਣ ਤੱਕ 500 ਮਿਲੀਅਨ ਜਾਨਵਰ ਖਤਮ ਹੋ ਚੁੱਕੇ ਹਨ ਅਤੇ ਚਿੰਤਾ ਇਸ ਗੱਲ ਦੀ ਕੀਤੀ ਜਾ ਰਹੀ ਹੈ ਕਿ ਕਿਤੇ ਆਸਟਰੇਲੀਆ ਦੇ ਸਾਰੇ ਰੁੱਖ ਪੌਦੇ ਅਤੇ ਜਾਨਵਰ ਹੀ ਖਤਮ ਨਾ ਹੋ ਜਾਣ
ਇਰਾਨ ਫੌਜ ਅਮਰੀਕਾ ਵਿਰੁੱਧ ਸਿੱਧੀ ਕਾਰਵਾਈ ਕਰੇਗੀ:
• ਖਬਰਾਂ ਹਨ ਕਿ ਈਰਾਨ ਦੇ ਮੁੱਖ ਧਾਰਮਿਕ ਆਗੂ ਆਇਤੁੱਲਾ ਅਲੀ ਖੁਮੀਨੀ ਨੇ ਈਰਾਨ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਇੱਕ ਬੈਠਕ ਵਿੱਚ ਅਮਰੀਕਾ ਤੋਂ ਵੱਖਰੇ ਤਰੀਕੇ ਨਾਲ ਬਦਲਾ ਲੈਣ ਲਈ ਲਈ ਕਿਹਾ
• ਖੁਮੀਨੀ ਨੇ ਕਿਹਾ ਕਿ ਅਮਰੀਕੀ ਹਿੱਤਾਂ ਤੇ ਸਿੱਧਾ ਅਤੇ ਤੋਲਵਾਂ ਹਮਲਾ ਹੋਣਾ ਚਾਹੀਦਾ ਹੈ ਅਤੇ ਈਰਾਨੀ ਫੌਜ ਖੁਦ ਇਸ ਦੀ ਅਗਵਾਈ ਕਰੇ
ਭਾਰਤ ਨਾਲ ਲੱਗਦੀ ਸਰਹੱਦ ‘ਤੇ ਚੀਨ ਦੀ ਫੌਜੀ ਹਲਚਲ:
• ਚੀਨੀ ਫੌਜ ਨੇ ਭਾਰਤ ਦੀ ਸਰਹੱਦ ਨਾਲ ਲੱਗਦੇ ਉੱਚਾਈ ਵਾਲੇ ਤਿੱਬਤੀ ਖੇਤਰ ਵਿੱਚ ਵੱਡਾ ਫੌਜੀ ਮਸ਼ਕ ਸ਼ੁਰੂ ਕੀਤੀ
• ਚੀਨੀ ਫੌਜ ਦੀ ਮਸ਼ਕ ਦੌਰਾਨ ਹਲਕੇ ਲੜਾਕੂ ਟੈਂਕ ਹੈਲੀਕਾਪਟਰ ਬਖਤਰਬੰਦ ਗੱਡੀਆਂ ਭਾਰੀ ਤੋਪਖਾਨਾ ਅਤੇ ਜਹਾਜ਼ਾਂ ਨੂੰ ਮਾਰਨ ਵਾਲੀਆਂ ਮਿਜ਼ਾਈਲਾਂ ਤੈਨਾਤ ਕੀਤੀਆਂ
4 ਦਿਨ ਕੰਮ ਤੇ ਤਿੰਨ ਦਿਨ ਛੁੱਟੀ:
• ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਰੀਨ ਨੇ ਇੱਕ ਐਸਾ ਕਾਨੂੰਨ ਪੇਸ਼ ਕੀਤਾ ਜਿਸ ਤਹਿਤ ਫਿਨਲੈਂਡ ਦੇ ਲੋਕਾਂ ਨੂੰ ਹਫਤੇ ਵਿੱਚ 4 ਦਿਨ ਸਿਰਫ 6 ਘੰਟੇ ਲਈ ਕੰਮ ਕਰਨਾ ਪਵੇਗਾ ਅਤੇ 3 ਦਿਨ ਦੀ ਛੁੱਟੀ ਮਿਲੇਗੀ
• ਸਨਾ ਮਰੀਨ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਲੋਕਾਂ ਨੂੰ ਆਪਣੇ ਪਰਿਵਾਰ ਤੇ ਦੋਸਤਾਂ ਵਿੱਚ ਰਹਿਣ ਅਤੇ ਸ਼ੌਕ ਤੇ ਸੱਭਿਆਚਾਰ ਲਈ ਵੱਧ ਸਮਾਂ ਮਿਲੇਗਾ
• ਜ਼ਿਕਰਯੋਗ ਹੈ ਕਿ 34 ਸਾਲਾ ਸਨਾ ਮਰੀਨ ਦੁਨੀਆਂ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਹੈ
Related Topics: australia forest fire, China, Iran, Trade union