ਸਿੱਖ ਖਬਰਾਂ

ਸੌਦਾ ਸਾਧ ਦੀ ਫਿਲਮ ਦੇ ਪ੍ਰਚਾਰ ਲਈ ਪੰਜਾਬ ਵਿੱਚ ਦੋ ਲੱਖ ਟੀ ਸ਼ਰਟਾਂ ਪੰਜਾਬ ਭੇਜੀਆਂ

December 30, 2014 | By

ਪਿੰਡ ਅਕਲੀਆ ਦੇ ਡੇਰਾ ਪੈਰੋਕਾਰ ਮਸ਼ਹੂਰੀ ਵਾਲੀਆਂ ਟੀ-ਸ਼ਰਟਾਂ ਵਿਚ

ਪਿੰਡ ਅਕਲੀਆ ਦੇ ਡੇਰਾ ਪੈਰੋਕਾਰ ਮਸ਼ਹੂਰੀ ਵਾਲੀਆਂ ਟੀ-ਸ਼ਰਟਾਂ ਵਿਚ

ਮਾਨਸਾ (29 ਦਸੰਬਰ, 2014):ਵਿਵਾਦਤ ਡੇਰਾ ਸੌਦਾ ਸਿਰਸਾ ਦੇ ਸਾਧ ਗੁਰਮਤਿ ਰਾਮ ਰਹੀਮ ਵੱਲੋਂ ਬਣਾਈ ਗਈ ਫਿਲਮ ਦੇ ਪ੍ਰਚਾਰ ਲਈ ਪੰਜਾਬ ਵਿੱਵ ਡੇਰੇ ਵੱਲੋਂ ਵੱਡੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਸਦੇ ਪ੍ਰਚਾਰ ਲਈ ਦੋ ਲੱਖ ਟੀ ਸ਼ਰਟਾਂ ਪੰਜਾਬ ਦੇ ਡੇਰਿਆਂ ਵਿੱਚ ਪਹੁੰਚ ਚੁੱਕੀਆਂ ਹਨ।

ਜ਼ਿਲ੍ਹਾ ਮਾਨਸਾ ਦੇ ਇਸ ਪਿੰਡ ਵਿਚ ਦਰਜਨਾਂ ਨੌਜਵਾਨ ਪੈਰੋਕਾਰ ਠੰਢ ਦੇ ਬਾਵਜੂਦ ਟੀ-ਸ਼ਰਟਾਂ ਪਹਿਨ ਕੇ ਡੇਰਾ ਸਿਰਸਾ ਦੇ ਮੁਖੀ ਦੀ ਨਵੀਂ ਫਿਲਮ ਦੇ ਪ੍ਰਚਾਰ ਵਿਚ ਜੁਟੇ ਹੋਏ ਸਨ। ਇਨ੍ਹਾਂ ਪੈਰੋਕਾਰਾਂ ਨੇ ਪਹਿਲਾਂ ਪਿੰਡ ਦੇ ਭੰਗੀਦਾਸ ਭੋਲਾ ਸਿੰਘ ਦੇ ਘਰ ਤੇ ਫਿਲਮ ਮੈਸੈਂਜਰ ਆਫ਼ ਗੌਡ ਦਾ ਵੱਡਾ ਫਲੈਕਸ ਲਾਇਆ। ਉਸ ਮਗਰੋਂ ਉਹ ਪਿੰਡ ਵਿਚ ਫਿਲਮ ਦੇ ਪ੍ਰਚਾਰ ਲਈ ਨਿਕਲ ਪਏ।

ਮਾਲਵਾ ਖ਼ਿੱਤੇ ਦੇ ਹਰ ਪਿੰਡ ਡੇਰਾ ਮੁਖੀ ਦੀ ਫਿਲਮ ਦੇ ਪ੍ਰਚਾਰ ਵਾਲੀਆਂ ਟੀ-ਸ਼ਰਟਾਂ ਪੁੱਜੀਆਂ ਹਨ।
ਮਾਲਵੇ ਖ਼ਿੱਤੇ ਵਿਚ ਤਾਂ ਨਾਮ ਚਰਚਾ ਘਰਾਂ ਦੇ ਅੱਗੇ ਫਿਲਮ ਦੇ ਫਲੈਕਸ ਵੀ ਲੱਗ ਚੁੱਕੇ ਹਨ। ਡੇਰਾ ਸਿਰਸਾ ਦੇ ਪੰਜਾਬ ਵਿਚਲੇ ਮੁੱਖ ਡੇਰੇ ਸਲਾਬਤਪੁਰਾ ਦੇ ਅੱਗੇ ਦੋ ਵੱਡੀਆਂ ਫਲੈਕਸਾਂ ਲਗਾ ਦਿੱਤੀਆਂ ਗਈਆਂ ਹਨ। ਪਿੰਡ ਅਕਲੀਆ ਦੇ ਭੰਗੀਦਾਸ ਭੋਲਾ ਸਿੰਘ ਨੇ ਦੱਸਿਆ ਕਿ ਪਿੰਡ ਰੱਲਾ, ਜੋਗਾ, ਪੱਖੋ ਅਤੇ ਜਵਾਹਕੇ ਵਿਚ ਫਿਲਮ ਦੇ ਫਲੈਕਸ ਲੱਗ ਚੁੱਕੇ ਹਨ।

ਡੇਰਾ ਸਲਾਬਤਪੁਰਾ ਦੇ ਇੰਚਾਰਜ ਜੋਰਾ ਸਿੰਘ ਨੇ ਦੱਸਿਆ ਕਿ ਡੇਰਾ ਸਲਾਬਤਪੁਰਾ ’ਚੋਂ ਵੀ ਸੰਗਤ ਟੀ-ਸ਼ਰਟਾਂ ਲਿਜਾ ਰਹੀ ਹੈ ਅਤੇ ਡੇਰਾ ਸਿਰਸਾ ਤੋਂ ਵੀ ਟੀ ਸ਼ਰਟਾਂ ਆ ਰਹੀਆਂ ਹਨ।

ਇਹ ਫਿਲਮ 16 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਜਿਸ ਕਰਕੇ ਬਠਿੰਡਾ ਜ਼ੋਨ ਵਿਚ ਵਾਧੂ ਪੁਲੀਸ ਫੋਰਸ ਵੀ ਭੇਜ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਹਰਿਆਣਾ ਦੇ ਟੋਹਾਣਾ ਖੇਤਰ ਵਿਚ ਡੇਰੇ ਦੀ ਸੰਗਤ ਐਲ.ਸੀ.ਡੀ. ਰਾਹੀਂ ਪਿੰਡਾਂ ਵਿਚ ਫਿਲਮ ਦਾ ਟ੍ਰੇਲਰ ਵੀ ਦਿਖਾ ਰਹੀ ਹੈ।

ਡੇਰੇ ਤਰਫੋਂ ਪੰਜਾਬ ਵਿਚ ਵੀ ਫਿਲਮ ਦੀ ਟ੍ਰੇਲਰ ਦੀਆਂ ਸੀ.ਡੀਜ਼ ਭੇਜੀਆਂ ਗਈਆਂ ਹਨ। ਪਤਾ ਲੱਗਾ ਹੈ ਕਿ ਫਿਲਮ ਦੇ ਪ੍ਰਚਾਰ ਲਈ ਹਰ ਪਿੰਡ ਦੇ ਭੰਗੀਦਾਸ ਦੀ ਡਿਊਟੀ ਲਗਾਈ ਹੈ ਕਿ ਉਹ ਫਿਲਮ ਦੇ ਪ੍ਰਚਾਰ ਨੂੰ ਵੱਧ ਤੋਂ ਵੱਧ ਘਰਾਂ ਤੱਕ ਲੈ ਕੇ ਜਾਵੇ।

ਡੇਰਾ ਸਿਰਸਾ ਦੇ ਬੁਲਾਰੇ ਡਾ.ਅਦਿੱਤਿਆ ਇੰਸਾਂ ਦਾ ਕਹਿਣਾ ਸੀ ਕਿ ਸੋਸ਼ਲ ਮੀਡੀਆ ਵਿਚ ਫਿਲਮ ਨੂੰ ਰਿਕਾਰਡ ਹੁੰਗਾਰਾ ਮਿਲ ਰਿਹਾ ਹੈ। ਜਦੋਂ ਪੰਜਾਬ ਵਿਚ ਫਿਲਮ ਤੇ ਪਾਬੰਦੀ ਲਗਾਏ ਜਾਣ ਦੀ ਚਰਚਾ ਦੀ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਹ ਫਿਲਮ ਕਿਸੇ ਵੀ ਧਰਮ ਦੇ ਖ਼ਿਲਾਫ਼ ਨਹੀਂ ਹੈ ਬਲਕਿ ਇਹ ਸਮਾਜਿਕ ਬੁਰਾਈਆਂ ਖ਼ਿਲਾਫ਼ ਇੱਕ ਸੁਨੇਹਾ ਹੈ। ਉਨ੍ਹਾਂ ਆਖਿਆ ਕਿ ਇਹ ਫਿਲਮ ਡਰੱਗ ਮਾਫੀਆ ਦੇ ਖ਼ਿਲਾਫ਼ ਹੈ ਜਿਸ ਕਰਕੇ ਪੰਜਾਬ ਵਿਚ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੇ ਡੇਰਾ ਮੁਖੀ ਦੀ ਫਿਲਮ ’ਤੇ ਪਾਬੰਦੀ ਦੀ ਮੰਗ ਕੀਤੀ ਹੈ। ਮੋਗਾ ਜ਼ਿਲ੍ਹੇ ਸਮੇਤ ਕਈ ਥਾਂਵਾਂ ਤੇ ਫਿਲਮ ਦੇ ਪੋਸਟਰ ਪਾੜੇ ਜਾਣ ਤੋਂ ਮਾਹੌਲ ਵੀ ਤਣਾਓ ਵਾਲਾ ਬਣ ਚੁੱਕਾ ਹੈ। ਜਦੋਂ ਪੰਜਾਬ ਵਿਚ ਇਸ ਫਿਲਮ ਨੂੰ ਵਿਵਾਦਤ ਫਿਲਮ ਵਜੋਂ ਵੇਖਿਆ ਜਾ ਰਿਹਾ ਹੈ ਤਾਂ ਠੀਕ ਉਸ ਸਮੇਂ ਡੇਰਾ ਸਿਰਸਾ ਨੇ ਫਿਲਮ ਦੇ ਪ੍ਰਚਾਰ ਨੂੰ ਪੰਜਾਬ ’ਤੇ ਜ਼ਿਆਦਾ ਫੋਕਸ ਕਰ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: