November 6, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ :ਨਵੰਬਰ 1984 ਦਿੱਲੀ ਕਤਲੇਆਮ ਦੇ ਸ਼ਿਕਾਰ ਬੇਦੋਸ਼ੇ ਸਿੱਖਾਂ ਨੂੰ ਯਾਦ ਕਰਦਿਆਂ ਦਲ ਖ਼ਾਲਸਾ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਕਿਹਾ ਗਿਆ ਹੈ ਕਿ ਇਹ ਕਤਲੇਆਮ ਭਾਰਤੀ ਸਟੇਟ ਦੀ ਪੁੱਸ਼ਤਪਨਾਹੀ ਹੇਠ ਫਿਰਕੂ ਜਾਨੂੰਨੀ ਸਿਆਸੀ ਲੋਕਾਂ ਵੱਲੋਂ ਸੋਚ ਸਮਝ ਕੇ ਵਿਉਂਤਬੰਦੀ ਨਾਲ ਕਰਵਾਇਆਂ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ, ਸਿੱਖ ਯੂਥ ਆਫ ਪੰਜਾਬ, ਸਟੂਡੈਂਟਸ ਫਾਰ ਸੁਸਾਇਟੀ ਦੇ ਨੁਮਾਇੰਦਿਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਸਰਕਾਰ ਦੇ ਫਾਸੀਵਾਦੀ ਏਜੰਡੇ ਉੱਤੇ ਆਪਣਾ ਤਿੱਖਾ ਰੋਸ ਜਿਤਾਇਆ।
ਬੁਲਾਰਿਆਂ ਨੇ ਕਿਹਾ ਕਿ ਇਕ ਪਾਸੇ ਦਿੱਲੀ ਦੇ ਸਿੱਖ ਕਤਲੇਆਮ ਦੇ ਸਿੱਖ ਅੱਜ ਤੱਕ ਇਨਸਾਫ ਲੈਣ ਲਈ ਲੜ੍ਹ ਰਹੇ ਹਨ, ਪਰ ਦੂਜੇ ਪਾਸੇ ਭਾਰਤੀ ਸਰਕਾਰ ਵਲੋ ਸਿੱਖਾਂ ਨੂੰ ਇਨਸਾਫ ਤਾਂ ਕੀ ਦੇਣਾ ਸੀ, ਸਗੋਂ ਦਿੱਲੀ ਸਿੱਖ ਕਤਲੇਆਮ ਤੋਂ ਬਾਅਦ ਇਸੇ ਤਰਾਂ ਦੇ ਵੱਡੇ ਕਤਲੇਆਮ ਗੁਜਰਾਤ, ਉੜੀਸਾ ਅਤੇ ਕਸ਼ਮੀਰ ਵਿੱਚ ਵੀ ਕੀਤੇ ਗਏ।
ਉਹਨਾਂ ਡਰ ਜ਼ਾਹਿਰ ਕਰਦਿਆਂ ਕਿਹਾ ਅਗਲੇ ਦੋ ਹਫਤੇ ਬਾਅਦ ਸੁਪਰੀਮ ਕੋਰਟ ਤੋਂ ਬਾਬਰੀ ਮਸਜਿਦ ਬਾਰੇ ਆਉਣ ਵਾਲਾ ਫੈਸਲਾ ਇਕ ਮੁਸਲਮਾਨਾਂ ਦੇ ਨਵੇਂ ਕਤਲੇਆਮ ਲਈ ਰਾਹ ਖੋਲ ਸਕਦਾ ਹੈ। ਆਰ. ਐਸ. ਐਸ ਦੇ ਮੁਖੀ ਵੱਲੋਂ ਹਿੰਦੂ-ਰਾਸ਼ਟਰ ਬਣਾਉਣ ਦਾ ਦਾਅਵਾ ਅਤੇ ਮੋਦੀ-ਸ਼ਾਹ ਜੋੜੀ ਦਾ ਹਿੰਦੁਤਵ ਦਾ ਏਜੰਡਾ ਸਿੱਖ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਇਕ ਵੱਡਾ ਖਤਰਾ ਬਣ ਰਿਹਾ ਹੈ।
ਐਡਵੋਕੇਟ ਅਮਰ ਸਿੰਘ, ਪ੍ਰਮਜੀਤ ਸਿੰਘ ਮੰਡ, ਲੇਖਕ ਜਸਪਾਲ ਸਿੰਘ ਸਿੱਧੂ, ਸਟੂਡੈਂਟ ਆਗੂ ਹਰਮਨ ਤੇ ਕਨੂਪਿ੍ਰਆ, ਮਨਧੀਰ ਿਸੰਘ, ਨਰਾਇਣ ਸਿੰਘ ਚੌੜਾ, ਕੇਂਦਰੀ ਸਿੰਘ ਸਭਾ ਸੁਸਾਇਟੀ ਖੁਸ਼ਹਾਲ ਸਿੰਘ, ਖ਼ਾਲਸਾ ਪੰਚਾਇਤ ਤੋਂ ਰਜਿੰਦਰ ਸਿੰਘ ਅਤੇ ਐਡਵੋਕੇਟ ਸਿਮਰਨ ਸਿੰਘ ਨੇ ਮੁਖ ਤੌਰ ਤੇ ਮੀਟਿੰਗ ਵਿੱਚ ਹਿੱਸਾ ਲਿਆ। ਇਹਨਾਂ ਸਭ ਨੇ ਇਕ ਆਵਾਜ਼ ਹੋ ਕਿਹਾ ਕਿ ਜੇਕਰ ਭਾਰਤੀ ਅਦਾਲਤਾਂ ਨੇ ਸਮੇਂ ਸਿਰ ਨਵੰਬਰ ੧੯੮੪ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੁੰਦੀ ਤਾਂ ੨੦੦੨ ਵਿੱਚ ਗੁਜਰਾਤ ਅਤੇ ੨੦੦੮ ਵਿੱਚ ਉੜੀਸਾ ਦਾ ਕਤਲੇਆਮ ਨਾ ਵਾਪਰਦਾ।
ਮੀਟਿੰਗ ਦੀ ਇੱਕਤਰਤਾ ਵਿੱਚ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਐਸ. ਏ. ਆਰ. ਗਿਲਾਨੀ ਸਾਹਿਬ ਦੀ ਅਚਨਚੇਤ ਮੌਤ ਉੱਤੇ ਦੁਖ ਪ੍ਰਗਟ ਕੀਤਾ ਗਿਆ ਅਤੇ ਕਿਹਾ ਕਿ ਉਹ ਕਸ਼ਮੀਰ ਦੇ ਆਜ਼ਾਦੀ ਸੰਘਰਸ਼ ਅਤੇ ਸਿੱਖ ਆਜ਼ਾਦੀ ਸੰਘਰਸ਼ ਵਿਚਾਲੇ ਉਹ ਇਕ ਅਹਿਮ ਕੜੀ ਸਨ।
ਦਲ ਖ਼ਾਲਸਾ ਪ੍ਰਧਾਨ ਸ. ਹਰਪਾਲ ਸਿੰਘ ਚੀਮਾ ਨੇ ੧੯੮੪ ਦੇ ਸਿੱਖ ਕਤਲੇਆਮ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਅੱਜ ਤੱਕ ਕੋਈ ਇਨਸਾਫ ਮਿਲਿਆ ਹੀ ਨਹੀਂ, ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਇ ਰਾਜਨੀਤਕ ਖੇਤਰ ਵਿੱਚ ਕੈਬਨਿਟ ਮੰਤਰੀਆਂ ਵਰਗੇ ਉੱਚੇ ਅਹੁਦਿਆਂ ਨਾਲ ਨਿਵਾਜਿਆ ਜਾਵੇ ਤਾਂ ਫਿਰਕਾਪ੍ਰਸਤੀ ਦਾ ਦੈਂਤ ਹੋਰ ਵੀ ਖਤਰਨਾਕ ਰੂਪ ਅਖਤਿਆਰ ਕਰ ਲੈਂਦਾ ਹੈ।
ਉਹਨਾਂ ਇਸ ਗੱਲ ‘ਤੇ ਜੋਰ ਦਿੰਦਿਆਂ ਕਿਹਾ ਕਿ ਯੂ.ਐਨ. ਓ. ਦੇ ਨਵੇਂ ਸੈਕਰੇਟਰੀ ਜਨਰਲ ਮਿਸਟਰ ਉਨਟਾਰੀਓ ਗੁ… ਨੂੰ ਅਸਲੀਅਤ ਤੋਂ ਜਾਣੂ ਕਰਵਾਉਣਾ ਚਾਹੀਦਾ ਕਿ ਭਾਤਰ, ਗਾਂਧੀ ਦੀ ਧਰਤੀ ਉੱਤੇ ਕਾਬਜ ਬਹੁ-ਗਿਣਤੀ ਵਾਲੀਆਂ ਰਾਜਨੀਤਕ ਪਾਰਟੀਆਂ ਧਰਮ ਅਤੇ ਘੱਟ-ਗਿਣਤੀ ਕੌਮਾਂ ਪ੍ਰਤੀ ਨਫਰਤ ਅਤੇ ਅਸਹਿਣਸ਼ੀਲਤਾ ਨਾਲ ਭਰੀਆਂ ਪਈਆਂ ਹਨ।ਰਾਜਨੀਤਕ ਗੁੰਡਾਗਰਦੀ ਅਤੇ ਪੁਲਿਸ ਦੀ ਤਾਨਾਸ਼ਾਹੀ ੮੦ ਅੱਸੀਆਂ ਦੇ ਦਹਾਕੇ ਤੋਂ ਇੰਝ ਹੀ ਚੱਲੀ ਆ ਰਹੀ ਹੈ।
ਪਾਰਟੀ ਦੇ ਸੀਨੀਅਰ ਲੀਡਰ ਸ. ਹਰਚਰਨਜੀਤ ਸਿੰਘ ਧਾਮੀ ਅਤੇ ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਕਿਹਾ ਕਿ ਭਾਰਤੀ ਮੀਡੀਆ ਅਤੇ ਰਾਜਨੀਤਕ ਸ਼ਰਾਰਤੀ ਲੋਕ ਜਾਣਬੁਝ ਕੇ ਅੱਜ ਤੱਕ ਨਵੰਬਰ ੧੯੮੪ ਦੇ ਵਿਉਂਤਬੰਦ ਸਿੱਖ ਕਤਲੇਆਮ ਨੂੰ ਦਿੱਲੀ ਦੰਗੇ ਕਹਿੰਦੇ ਹਨ। ਉਹਨਾਂ ਕਿਹਾ ਕਿ ਇਹ ਦੰਗੇ ਨਹੀਂ ਸਨ ਸਗੋਂ ਇਹ ਤਾਂ ਪੂਰੀ ਤਰਾਂ ਨਾਲ ਸੋਚ ਸਮਝ ਕੇ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਗਿਆ ਕਤਲੇਆਮ ਹੈ।
ਪਾਰਟੀ ਦੇ ਬੁਲਾਰੇ ਸ. ਕੰਵਰਪਾਲ ਸਿੰਘ ਨੇ ਕਿਹਾ ਕਿ ਨਵੰਬਰ ੮੪ ਦਾ ਦਿੱਲੀ ਸਿੱਖ ਕਤਲੇਆਮ ਭਾਰਤੀ ਲੋਕਤੰਤਰ ਦੇ ਮੂੰਹ ਉੱਤੇ ਕਦੇ ਨਾ ਮਿਟ ਸਕਣ ਵਾਲਾ ਧੱਬਾ ਹੈ। ਉਹਨਾਂ ਕਿਹਾ ਇਕ ਹੋਰ ਇਸੇ ਤਰਾਂ ਦਾਗ ਹੈ ਧਾਰਾ ੩੭੦ ਦਾ ਸੰਵਿਧਾਨਕ ਕਤਲ ਕਰਕੇ ਕਸ਼ਮੀਰ ਵਿੱਚ ਬੰਦੂਕ ਦੀ ਨੋਕ ਉੱਤੇ ਕਬਜ਼ਾ ਕਰਨਾ।
ਉਹਨਾਂ ਕਿਹਾ ਕਿ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਨਾ ਤਾਂ ਯੂਨਾਇਟਿਡ ਨੇਸ਼ਨਜ਼ ਅਤੇ ਨਾ ਹੀ ਇੰਟਰਨੈਸ਼ਨਲ ਕਮਿਊਨਿਟੀ ਤੋਂ ਕੋਈ ਕਸ਼ਮੀਰ ਵਿੱਚ ਹੋ ਰਹੇ ਮਨੁੱਖਤਾ ਦੇ ਘਾਣ ਦੇ ਵਿਰੁੱਧ ਬੋਲਿਆ ਹੈ। ਪੱਛਮੀ ਮੁਲਕ ਭਾਰਤੀ ਲੋਕਾਂ ਨਾਲ ਆਪਣਾ ਵਿਵਹਾਰਿਕ ਅਤੇ ਕਾਰੋਬਾਰੀ ਰਿਸ਼ਤਾ ਖਤਮ ਹੋ ਜਾਣ ਦੇ ਡਰੋਂ ਭਾਰਤ ਨੂੰ ਇਹਨਾਂ ਜ਼ੁਲਮਾਂ ਵਿਰੁੱਧ ਤਾੜਨ ਵਿੱਚ ਪੂਰੀ ਤਰਾਂ ਨਾਕਾਮਯਾਬ ਰਹੇ ਹਨ।
ਇਸੇ ਤਰਾਂ ਪੱਛਮੀ ਮੁਲਕਾਂ ਨੇ ਕਸ਼ਮੀਰੀ ਅਵਾਮ ਦੀ ਦਰਦ ਅਤੇ ਉਹਨਾਂ ‘ਤੇ ਹੋ ਰਹੇ ਜੁਲਮਾਂ ਨੂੰ ਪਿਛਲੇ ਲਗਭਗ ੧੦੦ ਦਿਨਾਂ ਤੋਂ ਪੂਰੀ ਤਰਾਂ ਨਾਲ ਨਜ਼ਰਅੰਦਾਜ ਕੀਤਾ ਹੋਇਆ ਹੈ।ਇਸ ਮੌਕੇ ਪ੍ਰਬੰਧਕਾਂ ਨੇ ਐਲਾਨ ਕਰਦਿਆਂ ਕਿਹਾ ਕਿ ਉਹ ਭਾਰਤ ਵੱਲੋਂ ਕੀਤੇ ਜਾ ਰਹੇ ਅਤਿਆਚਾਰ ਦੇ ਵਿਰੁੱਧ ਆਪਣੇ ਕਸ਼ਮੀਰੀ ਭੈਣ-ਭਰਾਵਾਂ ਨਾਲ ਖੜੇ ਰਹਿਣ ਲਈ ਵਚਨਬੱਧ ਹਨ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਅਮਰੀਕ ਸਿੰਘ ਬਲੋਵਾਲ ਅਤੇ ਯੂਨਾਇਟਿਡ ਅਕਾਲੀ ਦਲ ਤੋਂ ਗੁਰਦੀਪ ਸਿੰਘ ਬਠਿੰਡਾ ਨੇ ਬੋਲਦਿਆਂ ਕਿਹਾ ੩੫ ਸਾਲ ਤੋਂ ਦਿੱਲੀ ਸਿੱਖ ਕਤਲੇਆਮ ਦੇ ਪੀੜਤ ਪਰਿਵਾਰ ਇਨਸਾਫ ਦੀ ਉਡੀਕ ਕਰ ਰਹੇ ਹਨ, ਪਰ ਦੋਸ਼ੀ ਸ਼ਰੇਆਮ ਖੁੱਲੇ ਦਨਦਨਾਉਂਦੇ ਘੁੰਮ ਰਹੇ ਹਨ।
ਪ੍ਰਬੰਧਕਾਂ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਨਵੰਬਰ ੧੯੮੪ ਦੇ ਕਤਲੇਆਮ ਲਈ ਇਨਸਾਫ ਦਾ ਮਤਲਬ ਪੀੜਤਾਂ ਨੂੰ ਕਿਸੇ ਤਰਾਂ ਦੀ ਕੋਈ ਮਾਇਕ ਸਹਾਇਤਾ ਜਾਂ ਸਿਰਫ ਕਿਸੇ ਤਰਾਂ ਦੀ ਕੋਈ ਰਿਆਇਤ ਮੰਗਣਾ ਨਹੀਂ ਹੈ; ਉਹਨਾਂ ਕਿਹਾ ਕਿ ਦੋਸ਼ੀਆਂ ਅਤੇ ਜੋ ਵੀ ਇਸ ਕਤਲੇਆਂਮ ਦੀ ਸਾਜਿਸ਼ ਵਿੱਚ ਸ਼ਾਮਿਲ ਸਨ ਨੂੰ ਜਾਇਜ਼ ਸਜ਼ਾ ਦਿੱਤੀ ਜਾਵੇ ਅਤੇ ਇਹ ਸਾਰਾ ਕੁਝ ਕਿਵੇਂ ਉਲੀਕਿਆ ਗਿਆ ਇਸ ਸਭ ਜਨਤਕ ਕੀਤਾ ਜਾਵੇ।
ਪਾਕਿਸਤਾਨ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਦੇ ਹੱਕ ਵਿੱਚ ਬੋਲਦਿਆਂ ਕਿਹਾ ਗਿਆ ਕਿ ਉਹਨਾਂ ਨੇ ਸਿੱਖਾਂ ਦੀ ਚਿਰਾਂ ਤੋਂ ਅਧੂਰੀ ਪਈ ਇੱਛਾ ਨੂੰ ਪੂਰਾ ਕੀਤਾ ਹੈ। ਕਰਤਾਰਪੁਰ ਲਾਂਘਾ ਜੋ ਅਗਲੇ ੭੨ ਘੰਟਿਆਂ ਤੱਕ ਖੁਲ ਜਾਣਾ ਹੈ, ਇਸ ਦਾ ਸਿਹਰਾ ਇਮਰਾਨ ਸਾਹਿਬ ਨੂੰ ਜਾਂਦਾ ਹੈ।ਉਹਨਾਂ ਕਿਹਾ ਕਿ ਅਸੀਂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੋ ਉਹਨਾਂ ਦੀਆਂ ਕੋਸ਼ਿਸ਼ਾਂ ਅਤੇ ਲਗਾਤਾਰ ਬਣਾਏ ਜਾ ਰਹੇ ਦਬਾਅ ਸਦਕਾ ਮੋਦੀ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਿਆ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਨੂੰ ਪਕਿਸਤਾਨ ਦੀ ਇਕ ਚਾਲ ਕਹਿਣ ‘ਤੇ ਸ. ਕੰਵਰਪਾਲ ਸਿੰਘ ਨੇ ਪੰਜਾਬ ਮੁਖ ਮੰਤਰੀ ਦੇ ਇਸ ਬਿਆਨ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਦੇ ਕਿਹਾ ਕਿ ਉਹਨਾਂ ਦੇ ਜਿਹਨ ਅੰਦਰ ਆਈ. ਐਸ. ਆਈ ਦੇ ਨਾਮ ਦਾ ਬੇਲੋੜਾ ਡਰ ਬੈਠ ਗਿਆ ਹੈ, ਜਿਸਦਾ ਕੋਈ ਇਲਾਜ਼ ਨਹੀਂ ਹੈ। ਉਹਨਾਂ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਤਾਰਪੁਰ ਲਾਂਘੇ ਦਾ ਕਰੈਡਿਟ ਲੈ ਰਹੇ ਹਨ, ਦੂਜੇ ਪਾਸੇ ਪੰਜਾਬ ਮੁਖ ਮੰਤਰੀ ਇਸ ਨੂੰ ਪਾਕਿਸਤਾਨ ਦੀ ਸਾਜਿਸ਼ ਕਹਿ ਰਹੇ ਹਨ। ਕੈਪਟਨ ਸਾਹਿਬ ਦੇ ਬਿਆਨਾਂ ਅਨੁਸਾਰ ਮੋਦੀ ਰਾਜਨੀਤਿਕ ਅਨਾੜੀ ਹਨ ਜੋ ਪਾਕਿਸਤਾਨ ਦੀ ਚਾਲ ਵਿੱਚ ਫਸ ਗਏ ਬਨ। ਉਹਨਾ ਕਰਤਾਰਪੁਰ ਲਾਂਘੇ ਵਿੱਚ ਬਾਰ ਬਾਰ ਅੜਿੱਕਾ ਡਾਹੁਣ ਲਈ ਕੈਪਟਨ ਅੰਮਰਿੰਦਰ ਨੂੰ ਅੜਿੱਕਾ ਸਿੰਘ ਦਾ ਨਾਮ ਦਿੱਤਾ
ਮੀਟਿੰਗ ਦੀ ਇਸ ਇੱਕਤਰਤਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹੋ ਜਿਹੀ ਕਿਹੜੀ ਤਾਕਤ ਹੈ ਜੋ ਉਹਨਾਂ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਤੋਂ ਰੋਕ ਰਹੀ ਹੈ ਜੋ ਆਪਣੀਆਂ ਸਜ਼ਾਵਾਂ ਨੂੰ ਪੂਰੀਆਂ ਕਰ ਚੁੱਕੇ ਹਨ।ਉਹਨਾਂ ਕਿਹਾ ਕਿ ਪੰਦਰਾਂ ਕੁ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਇਕ ਐਲਾਨ ਕੀਤਾ ਗਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ੫੫੦ਵੇਂ ਪ੍ਰਕਾਸ਼ ਦਿਹਾੜੇ ਜਿਹੇ ਪਵਿੱਤਰ ਮੌਕੇ ‘ਤੇ ਸਿੱਖ ਕੈਦੀ ਰਿਹਾਅ ਕਰ ਦਿੱਤੇ ਜਾਣਗੇ ਅਤੇ ਰਿਹਾਅ ਹੋਣ ਵਾਲੇ ਕੁਝ ਸੰਬਾਵਿਤ ਨਾਂ ਵੀ ਸਾਹਮਣੇ ਆਏ ਸਨ। ਪਰ ਅਫਸੋਸ ਅਜੇ ਤੱਕ ਉਹਨਾਂ ਸਿੱਖ ਕੈਦੀਆਂ ਦੇ ਬਾਹਰ ਆਉਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ, ਜੇਲਾਂ ਦੇ ਦਰਵਾਜੇ ਬੰਦ ਹਨ।
ਇਸ ਮੌਕੇ ਬਾਬਾ ਹਰਦੀਪ ਸਿੰਘ ਮਹਿਰਾਜ, ਅਮਰੀਕ ਸਿੰਘ ਈਸੜੂ, ਬਲਦੇਵ ਸਿੰਘ ਸਿਰਸਾ, ਜਸਵੀਰ ਸਿੰਘ ਖੰਡੂਰ, ਰਣਬੀਰ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ ਹਾਜਿਰ ਸਨ.
Related Topics: 1984 Sikh Genocide, Bhai Harcharanjit Singh Dhami, Bhai Harpal Singh Cheema, Bhai Mandhir Singh, Dal Khalsa, Indian Politics, Indian State, Jaspal Singh Sidhu (Senior Journalist), Kanupriya (SFS), Kanwar Pal Singh Bittu, Satnam Singh Paonta Sahib