October 26, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਸੀਬੀਆਈ ਨੇ ਮੰਗਲਵਾਰ ਦਿੱਲੀ ਦੀ ਅਦਾਲਤ ਨੂੰ ਕਿਹਾ ਕਿ 1984 ਦੇ ਸਿੱਖ ਕਤਲੇਆਮ ਕੇਸ ਦੀ ਅਗਲੀ ਪੜਤਾਲ ਪੂਰੀ ਕਰਨ ਲਈ ਘੱਟੋ-ਘੱਟ ਚਾਰ ਮਹੀਨਿਆਂ ਦਾ ਸਮਾਂ ਚਾਹੀਦਾ ਹੈ। ਇਸ ਮਾਮਲੇ ਵਿੱਚ ਕਾਂਗਰਸ ਆਗੂ ਜਗਦੀਸ਼ ਟਾਇਟਲਰ ਨੂੰ ਕਲੀਨ ਚਿੱਟ ਦਿੱਤੀ ਗਈ ਸੀ।
ਜਾਂਚ ਏਜੰਸੀ ਨੇ ਅਡੀਸ਼ਨਲ ਚੀਫ ਮੈਟੋਰਪਾਲਿਟਨ ਮੈਜਿਸਟਰੇਟ ਸ਼ਿਵਾਲੀ ਸ਼ਰਮਾ ਅੱਗੇ ਦਲੀਲ ਦਿੱਤੀ, ਜਿਨ੍ਹਾਂ ਨੇ ਇਸ ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਆਖ਼ਰੀ ਰਿਪੋਰਟ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਸੀ। ਮੈਜਿਸਟਰੇਟ ਨੇ ਸੀਬੀਆਈ ਨੂੰ ਕਿਹਾ ਕਿ ਉਹ ਆਖ਼ਰੀ ਰਿਪੋਰਟ ਦਾਖ਼ਲ ਕਰੇ। ਮੈਜਿਸਟਰੇਟ ਨੇ ਜਾਂਚ ਏਜੰਸੀ ਨੂੰ ਪੁੱਛਿਆ ਕਿ ਜਾਂਚ ਪੂਰੀ ਕਰਨ ਲਈ ਕਿੰਨਾ ਸਮਾਂ ਚਾਹੀਦਾ ਹੈ? ਸੀਬੀਆਈ ਅਧਿਕਾਰੀਆਂ ਨੇ ਕਿਹਾ ਕਿ ਉਹ ਕੁਝ ਏਜੰਸੀਆਂ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ, ਜਿਸ ਵਿੱਚ ਕੁਝ ਸਮਾਂ ਲੱਗੇਗਾ।

ਕਾਂਗਰਸੀ ਆਗੂ ਜਗਦੀਸ਼ ਟਾਈਟਲਰ
ਪੜਤਾਲ ਪੂਰੀ ਕਰਨ ਲਈ ਘੱਟੋ-ਘੱਟ ਚਾਰ ਮਹੀਨੇ ਦਾ ਸਮਾਂ ਲੱਗੇਗਾ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 16 ਫਰਵਰੀ ’ਤੇ ਪਾ ਦਿੱਤੀ ਹੈ। ਇਸੇ ਦੌਰਾਨ ਕਤਲੇਆਮ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਐਚ. ਐਸ. ਫੂਲਕਾ ਨੇ ਦੋਸ਼ ਲਾਇਆ ਕਿ ਸੀਬੀਆਈ ਇਸ ਮਾਮਲੇ ਵਿੱਚ ਟਾਇਟਲਰ ਨੂੰ ਤਿੰਨ ਵਾਰ ਕਲੀਨ ਚਿੱਟ ਦੇ ਕੇ ਉਸ ਦਾ ਬਚਾਅ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਕਰਨ ਵਿੱਚ ਉਹ ਏਜੰਸੀ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਨੂੰ ਤਿਆਰ ਹਨ।
ਇਸ ਦੌਰਾਨ ਅਦਾਲਤ ਨੇ ਜਦੋਂ ਪੱਛਿਆ ਕਿ ਉਹ ਨਰਿੰਦਰ ਸਿੰਘ ਨੂੰ ਮਨਾ ਸਕਦੇ ਹਨ ਤੇ ਜਾਂਚ ਵਿੱਚ ਸ਼ਾਮਲ ਕਰਨ ਲਈ ਭਾਰਤ ਲਿਆ ਸਕਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਕਾਬੂ ਵਿੱਚ ਨਹੀਂ ਹਨ। ਦੱਸਣਯੋਗ ਹੈ ਕਿ ਨਰਿੰਦਰ ਸਿੰਘ ਕੈਨੇਡਾ ਟਾਇਟਲਰ ਖ਼ਿਲਾਫ਼ ਇੱਕ ਮੁੱਖ ਗਵਾਹ ਦਾ ਬੇਟਾ ਹੈ। ਸੀਬੀਆਈ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਨਰਿੰਦਰ ਸਿੰਘ ਨੇ ਭਾਰਤ ਆਉਣ ਅਤੇ ਜਾਂਚ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
Related Topics: Advocate Harwinder Singh Phoolka, CBI, Indian Judicial System, Indian Judiciary, Jagdish Tytler, ਸਿੱਖ ਨਸਲਕੁਸ਼ੀ 1984 (Sikh Genocide 1984)