March 14, 2020 | By ਸਿੱਖ ਸਿਆਸਤ ਬਿਊਰੋ
ਓਂਟਾਰੀਓ, ਕਨੇਡਾ: ਬਰੈਂਪਟਨ ਪੂਰਬੀ ਤੋਂ ਓਂਟਾਰੀਓ ਸੂਬਾਈ ਪਾਲੀਮੈਂਟ ਦੇ ਮੈਂਬਰ (ਐਮ.ਪੀ.ਪੀ.) ਗੁਰਰਤਨ ਸਿੰਘ ਵਲੋਂ ਓਂਟਾਰੀਓ ਦੀ ਅਸੈਬਲੀ ਵਿੱਚ ‘ਬਿੱਲ 177, ਸਿੱਖ ਨਸਲਕੁਸ਼ੀ ਅਵੇਅਰਨੈਸ ਵੀਕ 2020’ ਜੋ ਕਿ ਇਸੇ ਸਾਲ ਜਨਵਰੀ ਮਹੀਨੇ ਵਿਚ ਵਿਚਾਰ ਲਈ ਪੇਸ਼ ਕੀਤਾ ਗਿਆ ਸੀ, 12 ਮਾਰਚ ਨੂੰ ਦੂਜੇ ਗੇੜ ਵਿਚ ਵੀ ਪ੍ਰਵਾਣ ਕਰ ਲਿਆ ਗਿਆ। ਹੁਣ ਇਸ ਕਾਨੂੰਨੀ ਖਰੜੇ ਦੇ ਪ੍ਰਵਾਣ ਹੋਣ ਦਾ ਆਖਰੀ ਗੇੜ ਬਾਕੀ ਰਹਿ ਗਿਆ ਹੈ ਜਿਸ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ।
ਇਸ ਮੌਕੇ ਓਂਟਾਰੀਓ ਪਾਰਲੀਮੈਂਟ ਦੇ ਗਲਿਆਰੇ ਵਿੱਚ ਕਈ ਦਰਜਨ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਗੁਰਦੁਆਰਿਆਂ ਦੇ ਪ੍ਰਬੰਧਕ ਮੌਜੂਦ ਸਨ।
ਬਿੱਲ ਪੇਸ਼ ਕਰਨ ਵਾਲੇ ਸਿੱਖ ਐਮ.ਪੀ.ਪੀ. ਗੁਰਰਤਨ ਸਿੰਘ ਨੇ ਇਸ ਬਿੱਲ ਦੀ ਭੂਮਿਕਾ ਬਿਆਨਦਿਆਂ ਦੱਸਿਆ ਕਿ ਦਿੱਲੀ ਵਿੱਚ ਸਿੱਖ ਨਸਲਕੁਸ਼ੀ ਦੀ ਮਾਰ ਹੇਠ ਆਏ ਪਰਿਵਾਰ ਓਂਟਾਰੀਓ ਵਿੱਚ ਵੀ ਰਹਿੰਦੇ ਹਨ ਜੋ ਅੱਜ ਵੀ ਓਸ ਭਿਆਨਕ ਖੂਨੀ ਕਾਂਡ ਦੀਆਂ ਯਾਦਾਂ ਨੂੰ ਭੁਲਾ ਨਹੀਂ ਸਕੇ। ਗੁਰਰਤਨ ਸਿੰਘ ਨੇ ਦੱਸਿਆ ਕਿ ਇਸੇ ਕਰਕੇ ਇਹ ਕੋਈ ਭਾਰਤ ਦਾ ਮੁੱਦਾ ਨਹੀਂ ਬਲਕਿ ਇਹ ਹੁਣ ਕਨੇਡਾ ਦਾ ਵੀ ਮਸਲਾ ਹੈ ਅਤੇ ਇਸੇ ਕਰਕੇ ਇਹ ਬਿੱਲ ਲਿਆਂਦਾ ਗਿਆ ਹੈ ਤਾਂ ਕਿ ਇਸ ਨਸਲਕੁਸ਼ੀ ਦਾ ਨਿਸ਼ਾਨਾ ਬਣੇ ਲੋਕ ਆਪਣੀ ਕਹਾਣੀ ਸਾਂਝੀ ਕਰ ਸਕਣ।
ਓਂਟਾਰੀਓ ਦੀ ਹਾਕਮ ਪੀ.ਸੀ. ਪਾਰਟੀ ਦੇ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੇ ਇਸ ਮੌਕੇ ਸੂਬਾਈ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਕਿ ਇਹ ਨਸਲਕੁਸ਼ੀ ਭਾਰਤ ਸਰਕਾਰ ਦਾ ਯੋਜਨਾਵੱਧ ਢੰਗ ਨਾਲ ਕੀਤਾ ਕਾਰਾ ਸੀ। ਉਨ੍ਹਾਂ ਭਾਰਤ ਸਰਕਾਰ ਦੇ ਮੰਤਰੀ ਰਾਜਨਾਥ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਕੋਈ ਦੰਗੇ ਨਹੀਂ ਬਲਕਿ ਨਸਲਕੁਸ਼ੀ ਸੀ।
ਐਮ.ਪੀ.ਪੀ. ਅਮਰਜੋਤ ਸਿੰਘ ਸੰਧੂ ਨੇ ਭਾਰਤ ਸਰਕਾਰ ਵਲੋਂ ਕੀਤੀ ਸਿੱਖਾਂ ਦੀ ਨਸਲਕੁਸ਼ੀ ਦਾ ਜਿਕਰ ਕੀਤਾ। ਉਨ੍ਹਾਂ ਕਾਲੀ ਸੂਚੀ ਨੂੰ ਵੀ ਆਪਣੇ ਵਿਚਾਰਾਂ ਵਿੱਚ ਸ਼ਾਮਿਲ ਕੀਤਾ।
ਓਂਟਾਰੀਓ ਦੀ ਵਿਰੋਧੀ ਧਿਰ ਐਨ.ਡੀ.ਪੀ. ਦੀ ਆਗੂ ਐਂਡਰੀਆ ਹੋਰਵੈਥ ਨੇ ਸਿੱਖ ਨਸਲਕੁਸ਼ੀ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਉਨ੍ਹਾਂ ਲੋਕਾਂ ਨੂੰ ਨਕਾਰਨਾ ਚਾਹੀਦਾ ਹੈ ਜੋ ਸਾਨੂੰ ਵੰਡਣਾ ਚਾਹੁੰਦੇ ਹਨ।
ਐਮ.ਪੀ.ਪੀ. ਨੀਨਾ ਤਾਂਗੜੀ ਨੇ ਕਿਹਾ ਕਿ ਇੱਕ ਹਿੰਦੂ ਮੈਂਬਰ ਹੋਣ ਦੇ ਨਾਤੇ ਮੈਂ ਸਿੱਖ ਵਿਰੋਧੀ ਕਤਲੇਆਮ ਦੀ ਨਿਖੇਧੀ ਕਰਦੀ ਹਾਂ। ਉਨ੍ਹਾਂ ਨਸਲਕੁਸ਼ੀ ਲਫਜ਼ ਵਰਤਣ ਤੋਂ ਗੁਰੇਜ ਕੀਤਾ, ਪਰ ਉਨ੍ਹਾਂ ਗਲਿਆਰੇ ਵਿੱਚ ਬੈਠੇ ਕਈ ਦਰਜਨਾਂ ਸਿੱਖਾਂ ਨੂੰ ਫਤਹਿ ਬੁਲਾ ਕੇ ਆਪਣੇ ਵਿਚਾਰ ਸ਼ੁਰੂ ਕੀਤੇ।
ਇਸ ਤੋਂ ਇਲਾਵਾ ਐਮ.ਪੀ.ਪੀ. ਪਰਮ ਗਿੱਲ ਅਤੇ ਐਨ.ਡੀ.ਪੀ. ਦੀ ਮੀਤ-ਆਗੂ ਅਤੇ ਐਮ.ਪੀ.ਪੀ. ਸਾਰਾ ਸਿੰਘ ਨੇ ਸਿੱਖ ਨਸਲਕੁਸ਼ੀ ਬਾਰੇ ਸੂਬਾਈ ਪਾਰਲੀਮੈਂਟ ਵਿੱਚ ਖੜੇ ਹੋ ਕੇ ਵਿਚਾਰ ਪੇਸ਼ ਕੀਤੇ ਅਤੇ ਬਿੱਲ ਦੀ ਹਿਮਾਇਤ ਕੀਤੀ।
ਬਿਪਰਵਾਦੀਆਂ ਦੀ ਸ਼ਿਕਸਤ:
ਜਿਕਰਯੋਗ ਹੈ ਕਿ ਬਿਪਰਵਾਦੀ ਦਿੱਲੀ ਸਾਮਰਾਜ ਦੇ ਹਿਮਾਇਤੀਆਂ ਇਸ ਬਿੱਲ ਨੂੰ ਰੋਕਣ ਲਈ ਕਈ ਹਠਕੰਡੇ ਵਰਤੇ ਜਾ ਰਹੇ ਹਨ ਪਰ 12 ਮਾਰਚ ਦਾ ਦਿਨ ਉਹਨਾਂ ਲਈ ਨਕਾਮੀ ਅਤੇ ਸ਼ਿਕਸਤ ਭਰਿਆ ਹੀ ਰਿਹਾ।
Related Topics: 1984 Sikh Genocide, Gurratan Singh NDP, Jagmeet Singh NDP, Sikh Diaspora, Sikh News Ontario, Sikhs in Canada, Sikhs in Ontario