September 15, 2010 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ, 15 ਸਤੰਬਰ (ਬਿਊਰੋ) : ਉੱਜਲ ਦੁਸਾਂਝ ਵਲੋਂ ਕੈਨਡਾ ਵਸਦੀ ਸਿੱਖ ਕੌਮ ਦੀ ਪੜ੍ਹੀ ਲਿਖੀ ਸਮੁੱਚੀ ਨਵੀਂ ਪੀੜ੍ਹੀ ’ਤੇ ਅੱਤਵਾਦ ਦਾ ਠੱਪਾ ਲਗਾ ਕੇ ਕੈਨੇਡਾ ਸਰਕਾਰ ਤੋਂ ਸਖ਼ਤੀ ਵਰਤਣ ਦੀ ਮੰਗ ਪਿੱਛੇ ਜਿੱਥੇ ਕੈਨੇਡਾ ਦੀ ਸਿੱਖ ਨੌਜਵਾਨੀ ਨੂੰ ਖੱਜਲ ਕਰਨ ਦੇ ਮਨਸੂਬੇ ਛਿਪੇ ਹਨ ਉੱਥੇ ਹੀ ਭਾਰਤੀ ਖੁਫੀਆ ਏਜੰਸੀਆਂ ਨੇ ਸਿੱਖ ਕੌਮ ਦੇ ਦੁਸ਼ਮਣ ਉੱਜਲ ਦੁਸ਼ਾਂਝ ਰਾਹੀਂ ਕੈਨੇਡਾ ਸਰਕਾਰ ਨੂੰ ਖਾੜਕੂਵਾਦ ਦਾ ਹਊਆ ਦੇ ਕੇ ਕਨਿਸ਼ਕ ਕਾਂਡ ਦੀ ਦੁਬਾਰਾ ਭਖੀ ਚਰਚਾ ਨੂੰ ਮੋੜਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਨੇ ਕਿਹਾ ਸਿੱਖ ਕੌਮ ਇਨ੍ਹਾਂ ਬੁੱਕਲ ਦੇ ਸੱਪਾਂ ਨੂੰ ਪਹਿਚਾਣੇ ਤੇ ਇਨ੍ਹਾਂ ਦਾ ਸਮੱਚੇ ਤੌਰ ’ਤੇ ਸਮਾਜਿਕ ਬਾਈਕਾਰ ਕਰੇ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਸਿੱਖ ਨਹੀਂ ਸਗੋਂ ਕਾਮਰੇਡ ਹੈ ਤੇ ਸਿੱਖ ਹੋਣ ਦਾ ਸੂਚਕ ਸ਼ਬਦ ‘ਸਿੰਘ’ ਵੀ ਇਸਨੇ ਅਪਣੇ ਨਾਮ ਨਾਲੋਂ ਹਟਾ ਰੱਖਿਆ ਹੈ। ਉਨ੍ਹਾਂ ਕੈਨੇਡਾ ਵਸਦੇ ਸਿੱਖਾਂ ਨੂੰ ਸੱਦਾ ਦਿੱਤਾ ਕਿ ਸਿੱਖੀ ਨੂੰ ਡਾਹ ਲਗਾਉਣ ਵਾਲੇ ਅਜਿਹੇ ਲੋਕਾ ਨੂੰ ਗੁਰਧਾਮਾਂ ਵਿਚ ਦਾਖ਼ਲ ਨਾ ਹੋਣ ਦੇਣ ਤੇ ਨਾ ਹੀ ਅਪਣੇ ਧਾਰਮਿਕ ਤੇ ਸਮਾਜਿਕ ਸਮਾਗਮਾਂ ਵਿਚ ਹੀ ਬਲਾਉਣ।
ਉਕਤ ਆਗੂਆਂ ਨੇ ਕਿਹਾ ਕਿ ਸਿਖਾਂ ਪ੍ਰਤੀ ਨਫ਼ਰਤ ਨਾਲ ਨੱਕੋ-ਨੱਕ ਭਰੇ ਹੋਏ ਇਹ ਲੋਕ ਅਪਣੇ ਆਪ ਨੂੰ ਸਿੱਖ ਅਖਵਾ ਕੇ ਹੀ ਤਾਕਤ ਵਿਚ ਆਏ ਹਨ।ਸਮੁੱਚੀ ਸਿੱਖ ਕੌਮ ਰੋਜ਼ਾਨਾਂ ਦੀ ਅਰਦਾਸ ਵਿਚ ‘ਰਾਜ ਕਰੇਗਾ ਖ਼ਾਲਸਾ’ ਦਾ ਦੋਹਰਾ ਪੜ੍ਹਦੀ ਹੈ ਤੇ ਇਸ ਸੰਕਲਪ ਪ੍ਰਤੀ ਵਚਨਬੱਧ ਵੀ ਹੈ। ਅਪਣੇ ਰਾਜਨੀਤਿਕ ਉਦੇਸ਼ਾਂ ਲਈ ਉਜਲ ਦੁਸਾਂਝ ਵਰਗੇ ਲੋਕ ਵੀ ਸਿੱਖ ਗੁਰਧਾਮਾਂ ਅਤੇ ਸਿੱਖ ਸਮਾਗਮਾਂ ਵਿਚ ਹੁੰਦੀ ਅਰਦਾਸ ਵਿਚ ਸ਼ਾਮਿਲ ਹੁੰਦੇ ਹਨ ਪਰ ਗੁਰਬਾਣੀ, ਸਿੱਖ ਸੋਚ ਤੇ ਰਾਜ ਦੇ ਸੰਕਲਪ ਨੂੰ ਲਗਾਤਾਰ ਛੁਟਿਆਉਂਦੇ ਆ ਰਹੇ ਹਨ। ਇਨ੍ਹਾਂ ਦੀ ਅਜਿਹੀ ਕਾਰਗੁਜ਼ਾਰੀ ਇਨ੍ਹਾਂ ਲੋਕਾਂ ਦੀ ਅਕ੍ਰਿਘਣਤਾ ਦਾ ਸਬੂਤ ਹੈ। ਸਿੱਖ ਕੌਮ ਦੇ ਸਿਰ ’ਤੇ ਹੀ ਤਾਕਤ ਵਿਚ ਆਉਣ ਵਾਲੇ ਤੇ ਸਿੱਖਾਂ ਦੇ ਅਹਿਸਾਨਾਂ ਦਾ ਖਾਣ ਵਾਲੇ ਇਹ ਲੋਕ ਬੜੇ ਚਿਰ ਤੋਂ ਨਮਕ ਹਲਾਲ ਕਰਦੇ ਆ ਰਹੇ ਹਨ।
ਉਕਤ ਆਗੂਆਂ ਨੇ ਕਿਹਾ ਕਿ ਭਾਰਤੀ ਏਜੰਸੀਆਂ ਦੇ ਇਸ਼ਾਰੇ ’ਤੇ ਹੀ ਉਜਲ ਦੁਸ਼ਾਂਝ ਕੈਨੇਡਾ ਦੇ ਸਿੱਖਾਂ ਦੀ ਨੌਜਵਾਨ ਪੀੜ੍ਹੀ ਨੂੰ ਨਿਸਨੇ ’ਤੇ ਰੱਖ ਕੇ ਕੈਨੇਡਾ ਸਰਕਾਰ ਤੋਂ ਸਖ਼ਤੀ ਦੀ ਮੰਗ ਕੀਤੀ ਹੈ ਤਾਂ ਜੋ ਇਸ ਪੀੜ੍ਹੀ ਨੂੰ ਉੱਥੇ ਸਥਾਪਿਤ ਹੋਣ ਤੇ ਸਫ਼ਲ ਦੇ ਰਾਹ ਵਿਚ ਰੋੜੇ ਅਟਕਾਏ ਜਾ ਸਕਣ। ਪੰਜਾਬ ਵਿਚ ਤਾਂ ਸਿੱਖ ਨੌਜਵਾਨੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਹਰ ਹਰਬਾ ਵਰਿਤਆ ਹੀ ਜਾ ਰਿਹਾ ਹੈ ਪਰ ਹੁਣ ਵਿਦੇਸ਼ਾਂ ’ਚ ਵਸਦੀ ਸਿੱਖ ਨੌਜਵਾਨੀ ਨੂੰ ਵੀ ਖੱਜਲ ਖੁਆਰ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ ਤੇ ਇਨਾਂ ਮਨਸੂਬਿਆਂ ਲਈ ਉੱਜਲ ਦੁਸ਼ਾਂਝ ਵਰਗੇ ਦੁਮਛੱਲਿਆਂ ਦੀ ਵਰਤੋਂ ਹਮੇਸਾਂ ਤੋਂ ਹੁੰਦੀ ਆਈ ਹੈ.