June 17, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ, (17 ਜੂਨ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਆਰ ਆਗੂਆਂ ਭਾਈ ਹਰਪਾਲ ਸਿੰਘ ਚੀਮਾ ਤੇ ਕਮਿੱਕਰ ਸਿੰਘ ਮੁਕੰਦਪੁਰ ਨੇ ਕਿਹਾ ਕਿ ਦਰਿਆਵਾਂ ਤੇ ਨਦੀਆਂ ਦੇ ਰੇਤੇ ਨੂੰ ਮੁਫ਼ਤ ਵਿੱਚ ਪ੍ਰਾਪਤ ਕਰਕੇ ਸੋਨੇ ਦੇ ਭਾਅ ਵੇਚਣ ਤੋਂ ਬਾਅਦ, ਹੁਣ ਜਦੋਂ ਸਰਕਾਰ ਦੇ ਕਾਰਜਕਾਲ ਦੇ 6 ਮਹੀਨੇ ਬਾਕੀ ਰਹਿ ਗਏ ਹਨ ਤਾਂ ਰੇਤੇ ਬਜਰੀ ਦੇ ਭਾਅ ਘਟਾ ਕੇ ਬਾਦਲ-ਭਾਜਪਾ ਸਰਕਾਰ ਲੋਕ ਹਿਤੈਸ਼ੀ ਹੋਣ ਦੇ ਡਰਾਮੇ ਕਰ ਰਹੀ ਹੈ।ਉਨ੍ਹਾਂ ਕਿਹਾ ਕਿ 2007 ਵਿੱਚ ਜਦੋਂ ਇਹ ਸਰਕਾਰ ਹੋਂਦ ਵਿਚ ਆਈ ਉਸ ਸਮੇਂ ਕੁਦਰਤੀ ਸ਼੍ਰੋਤਾਂ ਅਤੇ ਖਾਨਾਂ ਬਾਰੇ ਉਸ ਸਮੇਂ ਇਹ ਨੀਤੀ ਇਸੇ ਲਈ ਲਾਗੂ ਨਹੀਂ ਕੀਤੀ ਕਿਉਂਕਿ ਸਾਢੇ ਚਾਰ ਸਾਲ ਇਨ੍ਹਾ ਲੋਕਾਂ ਨੇ ਰੇਤੇ ਤੇ ਬਜਰੀ ਦੀ ਲੁੱਟ ਕਰਨੀ ਸੀ। ਉਨ੍ਹਾਂ ਕਿਹਾ ਕਿ ਅਪਣੇ ਸਰਕਾਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਤੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਬਿਕਰਮ ਸਿੰਘ ਮਜੀਠੀਆਂ ਅਤੇ ਉਸਦੇ ਟੋਲੇ ਨੇ ਰੇਤੇ ਦੀਆਂ ਖਾਨਾਂ ’ਤੇ ਕਬਜ਼ੇ ਕਰਕੇ ਗਰੀਬ ਲੋਕਾਂ ਨੂੰ ਰੱਜ ਕੇ ਲੁੱਟਿਆ। ਬਹੁਤ ਸਾਰੇ ਗਰੀਬ ਲੋਕ ਤਾਂ ਇਸ ਰੇਤਾ ਮਾਫ਼ੀਏ ਵਲੋਂ ਮਚਾਈ ਲੁੱਟ ਕਾਰਨ ਇਸ ਸਮੇਂ ਦੌਰਾਨ ਅਪਣੇ ਮਕਾਨਾਂ ਦੀ ਉਸਾਰੀ ਵੀ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਬਾਦਲ-ਭਾਜਪਾ ਵਲੋਂ ਪੰਜਾਬ ਦੀ ਕੀਤੀ ਅੰਨ੍ਹੀ ਲੁੱਟ ਤੋਂ ਬਾਅਦ ਹੁਣ ਲੋਕ ‘ਨਾਦਰਸ਼ਾਹੀ-ਲੁੱਟ’ ਦੀ ਥਾਂ ‘ਬਾਦਲੀ-ਲੁੱਟ’ ਦੀਆ ਉਦਾਹਰਣਾ ਦਿਆ ਕਰਨਗੇ।ਇਨ੍ਹਾਂ ਲੋਕਾਂ ਨੇ ਇਕੱਲਾ ਪੰਜਾਬ ਦਾ ਖ਼ਜਾਨਾ ਹੀ ਨਹੀਂ ਸਗੋਂ ਗੁਰੂ ਦੀ ਗੋਲਕ ਦੀ ਵੀ ਅੰਨ੍ਹੀ ਲੁੱਟ ਕੀਤੀ ਹੈ ਜਿਸਦਾ ਖਮਿਆਜ਼ਾ ਇਨ੍ਹਾਂ ਨੂੰ ਆਗਾਮੀ ਸ਼੍ਰੋਮਣੀ ਕਮੇਟੀ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ।
ਉਨ੍ਹਾਂ ਕਿਹਾ ਕਿ ਅੱਜ ਭ੍ਰਿਸ਼ਟਾਚਾਰ ਦੇ ਖਿਲਾਫ ਧਰਨੇ ਦੇਣ ਵਾਲੇ ਬਾਦਲ-ਭਾਜਪਾ ਦੇ ਆਗੂ ਆਪ ਗਲਤ ਤਰੀਕਿਆਂ ਨਾਲ ਕਮਾਏ ਕਾਲੇ ਧਨ ਨਾਲ ਜ਼ਿੰਦਗੀ ਦਾ ਹਰ ਸੁੱਖ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਜਾਰੀ ਕੀਤੀ ਗਈ ਨਵੀਂ ਜ਼ਮੀਨ ਐਗਰੀਗੇਟਰ ਨੀਤੀ ਵੀ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਮੁਫਤ ਦੇ ਭਾਅ ਹਥਿਆਉਣ ਦੇ ਉਦੇਸ਼ ਨਾਲ ਹੀ ਬਣਾਈ ਗਈ ਹੈ ਬਾਦਲ-ਭਾਜਪਾ ਦੇ ਆਗੂ, ਐੈਗਰੀਗੇਟਰਾਂ ਦੇ ਰੂਪ ਵਿੱਚ ਅਪਣੇ ਚਹੇਤਿਆਂ ਤੋਂ ਲੋਕਾਂ ਦੀ ਲੁੱਟ ਕਰਵਾਉਣਗੇ।
Related Topics: Akali Dal Panch Pardhani