December 15, 2011 | By ਪਰਦੀਪ ਸਿੰਘ
- ਮੱਕੜ ਵਲੋਂ ਵੀ.ਸੀ. ਦੇ ਸਵਾਗਤ ’ਚ ਲਗਾਇਆ ਬੈਨਰ ਚਰਚਾ ਦਾ ਵਿਸ਼ਾ ਬਣਿਆ ਰਿਹਾ
ਫਤਹਿਗੜ੍ਹ ਸਾਹਿਬ, 15 ਦਸੰਬਰ (ਪਰਦੀਪ ਸਿੰਘ) : ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਡਾ. ਜਸਬੀਰ ਸਿੰਘ ਆਹਲੂਵਾਲੀਆ ਵਲੋਂ ਵੀਸੀ ਦੇ ਅਹੁਦੇ ਦਾ ਅੱਜ ਚਾਰਜ਼ ਸੰਭਾਲਿਆ ਜਾਣਾ ਸੀ ਤੇ ਇਸ ਸਬੰਧੀ ਯੂਨੀਵਰਸਿਟੀ ਵਲੋਂ ਉਨ੍ਹਾਂ ਦੀ ਆਮਦ ਨੂੰ ਮੁੱਖ ਰੱਖਕੇ ਭਰਭੂਰ ਤਿਆਰੀਆਂ ਕੀਤੀਆਂ ਗਈਆਂ ਸਨ, ਪਰ ਆਹਲੂਵਾਲੀਆ ਯੂਨੀਵਰਸਿਟੀ ਦੇ ਵੀ.ਸੀ. ਵਜੋਂ ਮੁੜ ਚਾਰਜ਼ ਸੰਭਾਲਣ ਲਈ ਯੂਨੀਵਰਸਿਟੀ ਨਾ ਪੁੱਜੇ। ਇੱਥੇ ਵਰਨਣਯੋਗ ਹੈ ਕਿ ਡਾ ਆਹਲੂਵਾਲੀਆ ਦੇ ਇਸ ਯੂਨੀਵਰਸਿਟੀ ਦਾ ਵੀ.ਸੀ. ਨਿਯੁਕਤ ਹੋਣ ਦੇ ਪਹਿਲੇ ਦਿਨ ਤੋਂ ਹੀ ਉਹ ਵਿਵਾਦਾਂ ’ਚ ਘਿਰੇ ਆ ਰਹੇ ਹਨ ਤੇ ਪੰਥਕ ਜਥੇਬੰਦੀਆਂ ਉਨ੍ਹਾਂ ਦੀ ਨਿਯੁਕਤੀ ਦਾ ਲਗਾਤਾਰ ਵਿਰੋਧ ਕਰਦੀਆ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਖਨੌਰੀ ਨਿਵਾਸੀ ਨੋਜਵਾਨ ਜ਼ੋਰਾ ਸਿੰਘ ਉੱਪਲ ਨੇ ਡਾ. ਜਸਵੀਰ ਸਿੰਘ ਆਹਲੂਵਾਲੀਆ ਨਾਲ ਯੂਨੀ. ’ਚ ਦਾਖਲੇ ਦੇ ਮਾਮਲੇ ਤੇ ਤਲਖ-ਕਲਾਮੀ ਹੋਣ ਕਾਰਨ ਯੂਨੀਵਰਸਿਟੀ ਕੈਂਪਸ ’ਚ ਹੀ ਗੋਲੀ ਮਾਰ ਕੇ ਸਖਤ ਜਖ਼ਮੀ ਕਰ ਦਿੱਤਾ ਸੀ ਤੇ ਉਹ ਕਾਫੀ ਸਮਾਂ ਜ਼ੇਰੇ ਇਲਾਜ਼ ਰਹੇ ਹਨ। ਡਾ. ਆਹਲੂਵਾਲੀਆ ਵਲੋਂ ਹੁਣ 15 ਦਸੰਬਰ ਨੂੰ ਮੁੜ ਵੀ.ਸੀ. ਦਾ ਅਹੁੱਦਾ ਸੰਭਾਲਣ ਦੇ ਆਏ ਬਿਆਨ ਤੋਂ ਬਾਅਦ ਉਕਤ ਵਰਸਿਟੀ ਉਦੋਂ ਮੁੜ ਸੁਰਖੀਆਂ ’ਚ ਆ ਗਈ ਜਦੋਂ ਸਮਾਜ ਸੇਵਕ ਤੇ ਪੰਜਾਬ ਯੂਨੀ ਦੇ ਸਾਬਕਾ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕਰਕੇ ਡਾ. ਆਹਲੂਵਾਲੀਆ ਦੀ ਨਿਯੁਕਤੀ ਯੂ.ਜੀ.ਸੀ ਦੇ ਨਿਯਮਾਂ ਅਨੁਸਾਰ ਨਾ ਹੋਣ ਕਾਰਨ ਚੁਣੋਤੀ ਦੇ ਦਿੱਤੀ ਤੇ ਹਾਈ ਕੋਰਟ ਨੇ ਸਬੰਧਤ ਧਿਰਾ ਨੂੰ ਨੋਟਿਸ ਜਾਰੀ ਕਰਕੇ 14 ਫਰਵਰੀ 2012 ਨੂੰ ਜਵਾਬ ਮੰਗਿਆ ਹੈ। ਜਦ ਕਿ ਗਰਮ ਖਿਆਲੀ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਤੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਆਲ ਸਿੱਖ ਸਟੂਡੈਂਟਸ ਫੈਡਰੇਸਨ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰਮਹੁੰਮਦ, ਦਲ ਖਾਲਸਾ ਦੇ ਜਨ. ਸਕੱਤਰ ਭਾਈ ਕੰਵਰਪਾਲ ਸਿੰਘ ਨੇ ਆਹਲੂਵਾਲੀਆ ਵਲੋਂ ਵਰਸਿਟੀ ਦੇ ਮੁੜ ਵੀ.ਸੀ. ਦਾ ਚਾਰਜ਼ ਸੰਭਾਲਣ ਦਾ ਜ਼ਬਰਦਸ਼ਤ ਵਿਰੋਧ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਮਾੜੇ ਕਿਰਦਾਰ ਵਾਲੇ ਸਖ਼ਸ ਨੂੰ ਮੁੜ ਯੂਨੀਵਰਸਿਟੀ ਦਾ ਚਾਰਜ਼ ਦਿੱਤਾ ਗਿਆ ਤਾਂ ਪੰਥਕ ਜਥੇਬੰਦੀਆਂ ਇੱਕਠੀਆ ਹੋ ਕੇ ਇਸ ਮੁੱਦੇ ਨੂੰ ਲੈ ਕੇ ਰੋਸ ਮੁਜ਼ਾਹਰੇ ਕਰਦੀਆਂ ਹੋਈਆਂ ਆਗਮੀ ਵਿਧਾਨ ਸਭਾ ਚੋਣਾਂ ਵਿਚ ਵੀ ਉਠਾਉਣਗੀਆਂ । ਉਨ੍ਹਾਂ ਕਿਹਾ ਕਿ ਬੀਜੇਪੀ ਅਤੇ ਆਰ.ਐਸ. ਐੱਸ ਦੀ ਹਿੰਦੂਤਵ ਅਤੇ ਫਿਰਕੂ ਸੋਚ ਦੇ ਗੁਲਾਮ ਬਣੇ ਸ. ਪ੍ਰਕਾਸ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਡਾ. ਆਹਲੂਵਾਲੀਆਂ ਵਰਗੇ ਕਥਿਤ ਅਯਾਸ ਕਿਸਮ ਦੇ ਇਨਸਾਨ ਨੂੰ ਸਿੱਖ ਕੌਮ ਦੀ ਇਸ ਮਹਾਨ ਯੂਨੀਵਰਸਿਟੀ ਦਾ ਵੀ ਸੀ ਲਗਾਉਣ ਦੀ ਕਾਰਵਾਈ ਕਰਕੇ ਉਹ ਸਿੱਖ ਸਮਾਜ ਤੇ ਦੂਸਰੀਆਂ ਕੌਮਾਂ ਨੂੰ ਕੀ ਸੰਦੇਸ ਦੇਣਾ ਚਾਹੁੰਦੇ ਹਨ ਅਤੇ ਸਿੱਖ ਧਰਮ ਦੀ ਕਿਹੜੀ ਸੇਵਾ ਕਰ ਰਹੇ ਹਨ? ਸ. ਮਾਨ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਦੇ ਇਸ ਇਤਿਹਾਸਿਕ ਅਸਥਾਨ ਤੇ ਕਿਸੇ ਤਰਾਂ ਦੀ ਅਜਿਹੀ ਕਾਰਵਾਈ ਨੂੰ ਕਦਾਚਿੱਤ ਬਰਦਾਸਤ ਨਹੀ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੌਜਵਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਖੁਸ਼ ਕਰਨ ਲਈ ਵਾਰ ਵਾਰ ਡਾ. ਆਹਲੂਵਾਲੀਆਂ ਨੂੰ ਪੰਥਕ ਜਥੇਬੰਦੀਆਂ ਦੇ ਸਖ਼ਤ ਵਿਰੋਧ ਨੂੰ ਦਰਕਿਨਾਰ ਕਰਕੇ ਮੁੜ ਵਰਸਿਟੀ ਦਾ ਚਾਰਜ਼ ਸੰਭਾਲਣ ਲਈ ਦਬਾਅ ਬਣਾ ਰਹੇ ਹਨ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਸਪਸ਼ਟ ਕਰੇ ਕਿ ਡਾ. ਆਹਲੂਵਾਲੀਆ ਦੀ ਸਿੱਖ ਕੌਮ ਨੂੰ ਕੀ ਦੇਣ ਹੈ? ਅੱਜ ਜਦੋਂ ਯੂਨੀਵਰਸਿਟੀ ਦਾ ਪੱਤਰਕਾਰਾਂ ਨੇ 10 ਵਜੇ ਦੇ ਕਰੀਬ ਪੱਤਰਕਾਰਾਂ ਦੀ ਟੀਮ ਵਲੋਂ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ ਤਾਂ ਵੀਸੀ. ਆਹਲੂਵਾਲੀਆਂ ਨੂੰ ਮੁੱਖ ਰੱਖਦੇ ਹੋਏ ਯੂਨੀਵਰਸਿਟੀ ਦੇ ਮੁੱਖ ਗੇਟ ਤੋਂ ਲੈ ਕੇ ਅੰਦਰਲੀ ਇਮਾਰਤ ਤੱਕ ਝੰਡੇ ਲਗਾਏ ਹੋਏ ਸਨ ਤੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਯੂਨੀਵਰਸਿਟੀ ਅੰਦਰ ਤਾਇਨਾਤ ਸੀ। ਪਰ ਪੱਤਰਕਾਰਾਂ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਯੂਨੀਵਰਸਿਟੀ ਦੇ ਮੁੱਖ ਦੁਆਰ ਨੂੰ ਜਿੱਥੇ ਹਾਰਾਂ ਨਾਲ ਸਜਾਇਆ ਗਿਆ ਸੀ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਵੀ.ਸੀ. ਆਹਲੂਵਾਲੀਆ ਦੀ ਆਮਦ ਨੂੰ ਮੁੱਖ ਰਖਦੇ ਹੋਏ ‘‘ਜੀ ਆਇਆਂ ਨੂੰ’’ ਦਾ ਸਵਾਗਤੀ ਬੈਨਰ ਲੱਗਿਆ ਹੋਇਆ ਸੀ, ਜਿਸ ਉਪਰ ਖੱਬੇ ਹੱਥ ਵੀ.ਸੀ. ਆਹਲੂਵਾਲੀਆ ਦੀ ਤਸਵੀਰ ਵੀ ਛਪੀ ਸੀ ਤੇ ਹੇਠਾਂ ਜਾਰੀ ਕਰਤਾ ਜਥੇਦਾਰ ਅਵਤਾਰ ਸਿੰਘ ਮੱਕੜ ਚਾਂਸਲਰ ਯੂਨੀਵਰਸਿਟੀ ਛਪਿਆ ਹੋਇਆ ਸੀ। ਦੇਖਣ ਵਾਲਾ ਹਰ ਕੋਈ ਇਸ ਗੱਲ ਤੋਂ ਹੈਰਾਨ ਸੀ ਕਿ ਸ਼੍ਰੋਮਣੀ ਕਮੇਟੀ ਤੇ ਜਿਸ ਦਾ ਕਿ ਵੀ.ਸੀ. ਆਹਲੂਵਾਲੀਆ ਇਕ ਮੁਲਾਜ਼ਮ ਹੈ, ਉਸ ਦੀ ਆਮਦ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ‘‘ਵਰਸਿਟੀ ਦਾ ਚਾਂਲਸਰ ਇਕ ਸਵਾਗਤੀ ਬੈਨਰ ਕਿਵੇ ਲਗਾ ਸਕਦਾ ਹੈ। ਲਗਦਾ ਹੈ ਕਿ ਯੂਨੀਵਰਸਿਟੀ ਦੇ ਕਿਸੇ ਬੇਸਮਝ ਅਧਿਕਾਰੀ ਨੇ ਅਜਿਹਾ ਬੈਨਰ ਲਗਾਕੇ ਜਿੱਥੇ ਅਵਤਾਰ ਸਿੰਘ ਮੱਕੜ ਦੀ ਹੇਠੀ ਕੀਤੀ ਹੈ, ਉੱਥੇ ਸ਼੍ਰੋਮਣੀ ਕਮੇਟੀ ਨੂੰ ਵੀ ਨੀਵਾਂ ਦਿਖਾਇਆ ਹੈ। ਵੀ.ਸੀ. ਆਹਲੂਵਾਲੀਆ ਵਲੋਂ ਅੱਜ ਯੂਨੀਵਰਸਿਟੀ ਦਾ ਅੱਜ ਮੁੜ ਚਾਰਜ਼ ਨਾ ਸੰਭਾਲਣ ਦੇ ਕਾਰਨਾ ਬਾਰੇ ਪਤਾ ਨਹੀਂ ਲੱਗ ਸਕਿਆ ਤੇ ਇਹ ਇਕ ਗੁੱਝਾ ਭੇਦ ਬਣਿਆ ਹੋਇਆ ਹੈ, ਕਿ ਕੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਮਾਨਯੋਗ ਹਾਈਕੋਰਟ ਵਲੋਂ ਜਾਰੀ ਨੌਟਿਸ ਨੂੰ ਮੁੱਖ ਰੱਖ ਕੇ ਅਦਾਲਤ ਦਾ ਸਨਮਾਨ ਕਰਦੇ ਹੋਏ ਆਹਲੂਵਾਲੀਆਂ ਨੂੰ ਦੁਬਾਰਾ ਚਾਰਜ਼ ਨਹੀਂ ਸੰਭਾਲਿਆ ਕਿ ਜਾਂ ਪੰਥਕ ਜਥੇਬੰਦੀਆ ਦੇ ਜ਼ਬਰਦਸ਼ਤ ਵਿਰੋਧ ਦੀ ਚਿਤਾਵਨੀ ਨੂੰ ਮੁੱਖ ਰੱਖਦਿਆਂ ਹੋਇਆ ਅਜਿਹਾ ਕੀਤਾ ਹੈ।