April 29, 2010 | By ਪਰਦੀਪ ਸਿੰਘ
ਚੰਡੀਗੜ੍ਹ, 28 ਅਪ੍ਰੈਲ, 2010 : ਸਿੱਖਾਂ ਦੇ ਹੱਕਾਂ ਲਈ ਲੜਨ ਵਾਲੀ ਨੀਊਯਾਰਕ ਦੀ ਜਥੇਬੰਦੀ ਸਿੱਖਜ਼ ਫ਼ਾਰ ਜਸਟਿਸ ਨੇ ਦੋਸ਼ ਲਾਇਆ ਹੈ ਕਿ ਜਗਦੀਸ਼ ਟਾਈਟਲਰ ਦੇ ਮਾਮਲੇ ਵਿਚ ਸੀ.ਬੀ.ਆਈ ਨੇ ਗਵਾਹਾਂ ਦੇ ਬਿਆਨਾਂ ਨੂੰ ਅਣਦੇਖਿਆ ਕੀਤਾ। ਜਥੇਬੰਦੀ ਨੇ ਕਿਹਾ ਕਿ ਅਮਰੀਕਾ ਵਿਚ ਕਈ ਅਜਿਹੇ ਗਵਾਹ ਮੌਜੂਦ ਹਨ ਜਿਨ੍ਹਾਂ ਨੇ ਜਗਦੀਸ਼ ਟਾਈਟਲਰ ਨੂੰ ਕਾਤਲ ਭੀੜਾਂ ਦੀ ਅਗਵਾਈ ਕਰਦੇ ਵੇਖਿਆ। ਸਿੱਖਜ਼ ਫ਼ਾਰ ਜਸਟਿਸ ਹੁਣ ਟਾਈਟਲਰ ਸਬੰਧੀ ਫ਼ੈਸਲੇ ਨੂੰ ਉਨ੍ਹਾਂ ਗਵਾਹਾਂ ਦੇ ਆਧਾਰ ’ਤੇ ਚੁਨੌਤੀ ਦੇਣ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ ਨੂੰ ਹਾਲੇ ਤਕ ਸੁਣਿਆ ਨਹੀਂ ਗਿਆ। ਸਿੱਖਜ਼ ਫ਼ਾਰ ਜਸਟਿਸ ਦੇ ਵਕੀਲ ਸ. ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਸੀ.ਬੀ.ਆਈ ਨੂੰ ਵਾਪਸ ਆ ਕੇ ਇਨ੍ਹਾਂ ਗਵਾਹਾਂ ਨੂੰ ਸੁਣਨਾ ਚਾਹੀਦਾ ਹੈ। ਰੇਸ਼ਮ ਸਿੰਘ ਜਿਸ ਨੇ ਦਾਅਵਾ ਕੀਤਾ ਕਿ ਉਸ ਨੇ ਟਾਈਟਲਰ ਨੂੰ ਕਾਤਲ ਭੀੜਾਂ ਦੀ ਅਗਵਾਈ ਕਰਦੇ ਵੇਖਿਆ, ਨੇ ਕਿਹਾ ਕਿ ਜਦੋਂ ਸੀ.ਬੀ.ਆਈ. ਟੀਮ ਸਾਨਫ਼ਰਾਂਸਿਸਕੋ ਆਈ ਸੀ ਤਾਂ ਉਸ ਨੇ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿਤਾ। ਸ. ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਗਵਾਹ ਜਸਬੀਰ ਸਿੰਘ ਇਸ ਫ਼ੈਸਲੇ ਤੋਂ ਨਿਰਾਸ਼ ਹੈ। ਉਸ ਨੇ ਦੋਸ਼ ਲਾਇਆ ਕਿ ਸੀ.ਬੀ.ਆਈ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ। ਆਉਂਦੇ ਦਿਨਾਂ ਵਿਚ ਜਸਬੀਰ ਸਿੰਘ ਇਸ ਮਾਮਲੇ ਵਿਚ ਅਪੀਲ ਦਾਇਰ ਕਰੇਗਾ ਤੇ ਜੇ ਲੋੜ ਪਈ ਤਾਂ ਭਾਰਤ ਆ ਕੇ ਗਵਾਹੀ ਦਵੇਗਾ। ਜਸਬੀਰ ਸਿੰਘ ਨੇ ਕਿਹਾ, ‘‘ਮੈਂ ਇਨਸਾਫ਼ ਪ੍ਰਾਪਤ ਕਰਨ ਲਈ ਕਿਤੇ ਵੀ ਜਾਵਾਂਗਾ ਪਰ ਮੈਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ।’’ ਇਸ ਦੌਰਾਨ ਕੈਨੇਡਾ ਦੇ ਸਿੱਖਾਂ ਨੇ ਵੀ ਜਗਦੀਸ਼ ਟਾਈਟਲਰ ਸਬੰਧੀ ਫ਼ੈਸਲੇ ’ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਵਰਲਡ ਸਿੱਖ ਆਰਗਨਾਈਜੇਸ਼ਨ ਆਫ਼ ਕੈਨੇਡਾ ਨੇ ਫ਼ੈਸਲੇ ’ਤੇ ਨਿਰਾਸ਼ਾ ਦਾ ਪ੍ਰਗਟਾਵਾ ਕਰਦਿਆਂ ਕਿ ਭਾਰਤ ਦਾ ਕਾਨੂੰਨ ਇਕ ਵਾਰ ਫਿਰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਨਾਕਾਮ ਰਿਹਾ। 1993 ਵਿਚ ਜੈਨ ਅਗਰਵਾਲ ਕਮੇਟੀ ਨੇ ਸੱਭ ਤੋਂ ਪਹਿਲਾਂ ਜਗਦੀਸ਼ ਟਾਈਟਲਰ ਵਿਰੁਧ ਮੁਕੱਦਮਾ ਚਲਾਉਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਤਰ੍ਹਾਂ ਦੀ ਸਿਫ਼ਾਰਸ਼ ਨਰੂਲਾ ਕਮਿਸ਼ਨ ਵਲੋਂ ਕੀਤੀ ਗਈ ਸੀ। ਸਿੱਖਾਂ ਨੇ ਦੋਸ਼ ਲਾਇਆ ਕਿ ਭਾਰਤੀ ਨਿਆਂਪਾਲਿਕਾ ਦੋਸ਼ੀਆਂ ਦਾ ਪੱਖ ਪੂਰ ਰਹੀ ਹੈ ਕਿਉਂਕਿ ਉਹ ਸੱਤਾਧਾਰੀ ਕਾਂਗਰਸ ਦੇ ਸੀਨੀਅਰ ਆਗੂ ਹਨ। ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੇ 25 ਅਪ੍ਰੈਲ ਨੂੰ ਨੀਊਯਾਰਕ ਟਾਈਮਜ਼ ਵਿਚ ਪੋਲਗਰੀਨ ਦੇ ਲਿਖੇ ਉਸ ਲੇਖ ਦੀ ਪੁਸ਼ਟੀ ਕਰ ਦਿਤੀ ਜਿਸ ਵਿਚ ਕਿਹਾ ਗਿਆ ਸੀ ਕਿ ਇਨਸਾਫ਼ ਦਾ ਦਰ ਬੰਦ ਹੋਣ ਵਿਚ ਕੁੱਝ ਹੀ ਪਲ ਬਾਕੀ ਹਨ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਸਲਾਹਕਾਰ ਗਿਆਨ ਸਿੰਘ ਸੰਧੂ ਨੇ ਕਿਹਾ ਕਿ ਇਸ ਫ਼ੈਸਲੇ ਤੋਂ ਪਤਾ ਲਗਦਾ ਹੈ ਕਿ ਭਾਰਤੀ ਨਿਆਂਪਾਲਿਕਾ ਘੱਟ–ਗਿਣਤੀਆਂ ਦੇ ਹੱਕਾਂ ਦੀ ਰਾਖੀ ਨਹੀਂ ਕਰਦੀ।
Related Topics: ਸਿੱਖ ਨਸਲਕੁਸ਼ੀ 1984 (Sikh Genocide 1984)