ਸਿੱਖ ਖਬਰਾਂ

ਗੱਤਕਾ ਫੈਡਰੇਸ਼ਨ ਵੱਲੋਂ ਜੰਮੂ-ਕਸ਼ਮੀਰ ਗੱਤਕਾ ਐਸੋਸੀਏਸ਼ਨ ਦਾ ਗਠਨ, ਜੰਮੂ ਵਿਖੇ 2 ਰੋਜਾ ਗੱਤਕਾ ਸਿਖਲਾਈ ਕੈਂਪ 25 ਅਕਤੂਬਰ ਤੋਂ

October 3, 2014 | By

ਚੰਡੀਗੜ•/ਜੰਮੂ, (3 ਅਕਤੂਬਰ,2014): ਜੰਮੂ ਅਤੇ ਕਸ਼ਮੀਰ ਸਿੰਘ ਵਿਚ ਇਤਿਹਾਸਕ ਜੰਗਜੂ ਕਲਾ ਗੱਤਕਾ ਨੂੰ ਪ੍ਰਫੁੱਲਤ ਕਰਨ ਲਈ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਜੰਮੂ ਅਤੇ ਕਸ਼ਮੀਰ ਗੱਤਕਾ ਐਸੋਸੀਏਸ਼ਨ ਦਾ ਗਠਨ ਕਰ ਦਿੱਤਾ ਗਿਆ ਹੈ।

Gattkaਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਅਤੇ ਸੰਯੁਕਤ ਸਕੱਤਰ ਡਾ: ਦੀਪ ਸਿੰਘ ਨੇ ਦੱਸਿਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਇਸ ਵਿਰਾਸਤੀ ਖੇਡ ਨੂੰ ਉਲੰਪਿਕ ਖੇਡਾਂ ਵਿਚ ਸ਼ਾਮਲ ਕਰਵਾਉਣ ਦਾ ਅਹਿਦ ਕੀਤਾ ਹੋਇਆ ਹੈ ਅਤੇ ਇਸ ਮਕ’ਦ ਦੀ ਪੂਰਤੀ ਲਈ ਹੁਣ ਤੱਕ 32 ਮੁਲਕਾਂ ਵਿਚ ਗੱਤਕਾ ਖੇਡ ਫੈਡਰੇਸ਼ਨਾਂ ਗਠਿਤ ਕੀਤੀਆਂ ਜਾ ਚੁੱਕੀਆਂ ਹਨ।

ਉਨ੍ਹਾਂ ਦੱਸਿਆ ਕਿ ਏਸ਼ੀਅਨ ਗੱਤਕਾ ਫੈਡਰੇਸ਼ਨ ਵੱਲੋਂ ਅਗਲੇ ਸਾਲ ਮਾਰਚ ਮਹੀਨੇ ਮਲੇਸ਼ੀਆਂ ਵਿਚ ਪਹਿਲਾ ਏਸ਼ੀਆ ਗੱਤਕਾ ਕੱਪ ਅਤੇ ਅਗਲੇ ਸਾਲ ਦੇ ਅਖੀਰ ਵਿਚ ਵਿਸ਼ਵ ਗੱਤਕਾ ਕੱਪ ਦਾ ਆਯੋਜਨ ਕੀਤਾ ਜਾਵੇਗਾ।

ਹਰਜੀਤ ਸਿੰਘ ਗਰੇਵਾਲ ਨੇ ਇਹ ਵੀ ਦੱਸਿਆ ਕਿ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ (ਐਸ.ਜੀ.ਐਫ.ਆਈ.) ਨੇ ਗੱਤਕਾ ਖੇਡ ਨੂੰ 60ਵੀਂਆਂ ਰਾਸ਼ਟਰੀ ਸਕੂਲ ਖੇਡਾਂ ਵਿਚ ਸ਼ਾਮਲ ਕਰ ਲਿਆ ਹੈ। ਪੰਜਾਬੀ ਯੂਨਿਵਰਸਿਟੀ ਪਟਿਆਲਾ ਸਾਲ 2012 ਤੋਂ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ ਟੂਰਨਾਮੈਂਟ ਦੀ ਮੇਜ਼ਬਾਨੀ ਕਰਦੀ ਆ ਰਹੀ ਹੈ ਅਤੇ ਹੁਣ ਤੀਸਰੇ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ ਟੂਰਨਾਮੈਂਟ ਦਾ ਆਯੋਜਨ ਅਗਲੇ ਸਾਲ ਫਰਵਰੀ ਮਹੀਨੇ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਕਿ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਵੀ ਗੱਤਕਾ ਖੇਡ ਨੂੰ ਮਾਨਤਾ ਦੇ ਦਿੱਤੀ ਹੈ ਅਤੇ ਉਸ ਵੱਲੋਂ ਫਤਹਿ ਗੱਤਕਾ ਟਰੇਨਿੰਗ ਅਕੈਡਮੀ ਅੰਮ੍ਰਿਤਸਰ ਨੂੰ ਪੂਰੀ ਮੱਦਦ ਦਿੱਤੀ ਜਾ ਰਹੀ ਹੈ।

Gattka1ਇਸ ਮੌਕੇ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਗਰੇਵਾਲ ਨੇ ਨਵੀਂ ਚੁਣੀ ਗਈ ਸੂਬਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਕਿਹਾ ਮਨਮੀਤ ਸਿੰਘ ਅਮਨ ਨੂੰ ਚੇਅਰਮੈਨ ਅਤੇ ਹਰਦੀਪ ਸਿੰਘ ਗਿੱਲ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ ਹੈ। ਇਸੇ ਤਰਾਂ ਰਵਿੰਦਰ ਸਿੰਘ ਨੂੰ ਪ੍ਰਧਾਨ, ਰਵਿੰਦਰ ਸਿੰਘ ਓ.ਪੀ. ਨੂੰ ਜਨਰਲ ਸਕੱਤਰ, ਰਾਜਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਜੋਨ, ਮਨਜੀਤ ਸਿੰਘ ਮੀਤ ਪ੍ਰਧਾਨ ਕਸ਼ਮੀਰ ਜੋਨ, ਤੇਜਿੰਦਰ ਸਿੰਘ ਸੰਯੁਕਤ ਸਕੱਤਰ, ਅਮਰਜੀਤ ਸਿੰਘ ਵਿੱਤ ਸਕੱਤਰ ਅਤੇ ਰਣਜੀਤ ਸਿੰਘ ਨੂੰ ਤਕਨੀਕੀ ਡਾਇਰੈਕਟਰ ਬਣਾਇਆ ਗਿਆ ਹੈ।

ਇਸ ਮੌਕੇ ਬੋਲਦਿਆਂ ਚੇਅਰਮੈਨ ਮਨਮੀਤ ਸਿੰਘ ਅਮਨ ਨੇ ਕਿਹਾ ਕਿ ਗੱਤਕਾ ਐਸੋਸੀਏਸ਼ਨ ਜੰਮੂ ਅਤੇ ਕਸ਼ਮੀਰ ਨੂੰ ਸਟੇਟ ਸਪੋਰਟਸ ਕੌਂਸਲ ਨਾਲ ਰਜਿਸਟਰੇਸ਼ਨ ਕਰਵਾਈ ਜਾਵੇਗੀ।ਉਨ੍ਹਾਂ ਨੇ ਇਸ ਮੌਕੇ ਸਟੇਟ ਟੂਰਨਾਮੈਂਟ ਤਾਲਮੇਲ ਕਮੇਟੀ ਦਾ ਵੀ ਗਠਨ ਕੀਤਾ ਅਤੇ ਕਿਹਾ ਕਿ ਅਗਲੇ ਮਹੀਨੇ ਤੱਕ ਜ਼ਿਲ•ਾ ਪੱਧਰ ’ਤੇ ਗੱਤਕਾ ਐਸੋਸੀਏਸ਼ਨਾਂ ਦਾ ਗਠਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਸੂਬਾ ਅਤੇ ਜਿਲ•ਾ ਪੱਧਰ ’ਤੇ ਟੂਰਨਾਮੈਂਟ ਕਰਵਾਉਣ ਲਈ ਖੇਡ ਕੈਲੰਡਰ ਜਲਦ ਹੀ ਜਾਰੀ ਕੀਤਾ ਜਾਵੇਗਾ।

ਉਨ੍ਹਾਂ ਇਸ ਮੌਕੇ ਰਾਜ ਦੇ ਖਿਡਾਰੀਆਂ ਅਤੇ ਕੋਚਾਂ ਨੂੰ ਟਰੇਨਿੰਗ ਦੇਣ ਲਈ 25 ਅਤੇ 26 ਅਕਤੂਬਰ ਨੂੰ ਸਿਖਲਾਈ ਕੈਂਪ ਲਗਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਗੱਤਕਾ ਐਸੋਸੀਏਸ਼ਨ ਜੰਮੂ ਅਤੇ ਕਸ਼ਮੀਰ ਵੱਲੋਂ ਸੂਬੇ ਵਿਚ ਪਹਿਲਾਂ ਤੋਂ ਚੱਲ ਰਹੇ ਗੱਤਕਾ ਅਖਾੜਿਆ ਨੂੰ ਵੀ ਮਾਨਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੱਤਕਾ ਫ਼ੈਡਰੇਸ਼ਨ ਵੱਲੋਂ ਆਯੋਜਿਤ ਹੋਣ ਵਾਲੇ ਕੌਮੀ ਗੱਤਕਾ ਮੁਕਾਬਲਿਆਂ ਵਿਚ ਜੰਮੂ ਅਤੇ ਕਸ਼ਮੀਰ ਐਸੋਸੀਏਸ਼ਨ ਵੀ ਸ਼ਿਰਕਤ ਕਰੇਗੀ। ਜਿਕਰਯੋਗ ਹੈ ਕਿ ਗੱਤਕਾ ਸਿੱਖ ਇਤਿਹਾਸ ਨਾਲ ਸਬੰਧਿਤ ਇਤਿਹਾਸਕ ਮਾਰਸ਼ਲ ਆਰਟ ਹੈ ਅਤੇ ਸਿੱਖ ਸ਼ਾਸਤਰ ਵਿਦਿਆ ਦਾ ਅਹਿਮ ਹਿੱਸਾ ਹੈ।

ਇਸ ਮੌਕੇ ਗਰੇਵਾਲ ਨੇ ਇਹ ਵੀ ਦੱਸਿਆ ਕਿ ਗੱਤਕਾ ਫੈਡਰੇਸ਼ਨ ਇਸ ਇਤਿਹਾਸਕ ਮਹੱਤਵ ਵਾਲੀ ਇਸ ਖੇਡ ਨੂੰ ਪ੍ਰਫੁੱਲਤ ਅਤੇ ਨਿਯਮਬੱਧ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਤਾਂ ਜੋ ਆਤਮ ਰੱਖਿਆ ਵਾਲੀ ਇਸ ਵਿਰਾਸਤੀ ਖੇਡ ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਗੱਤਕਾ ਕੇਵਲ ਧਾਰਮਿਕ ਸਮਾਗਮਾਂ ਮੌਕੇ ਪ੍ਰਦਰਸ਼ਨੀ ਦੌਰਾਨ ਹੀ ਖੇਡਿਆ ਜਾਂਦਾ ਸੀ ਪਰ ਹੁਣ ਇਸ ਨੂੰ ਇਕ ਖੇਡ ਦੇ ਰੂਪ ਵਿਚ ਪ੍ਰੋਮੋਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਗੱਤਕਾ ਨੂੰ ਰਾਜ ਦੀਆਂ ਸਕੂਲ ਖੇਡਾਂ ਵਿਚ ਸ਼ਾਮਿਲ ਕਰ ਚੁੱਕੀ ਹੈ ਅਤੇ ਸਾਰੇ ਕਾਲਜਾਂ ਅਤੇ ਯੂੁਨੀਵਰਸਿਟੀਆਂ ਨੇ ਵੀ ਇਸ ਖੇਡ ਨੂੰ ਆਪਣੇ ਖੇਡ ਕੈਲੰਡਰ ਦਾ ਹਿੱਸਾ ਬਣਾਇਆ ਹੋਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: