ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਨਵਜੋਤ ਸਿੱਧੂ ਨਾਲ ਹੀ ਰਹਾਂਗੇ; 5 ਨਵੰਬਰ ਤਕ ਫੈਸਲਾ ਕਰ ਲਵਾਂਗੇ ਕਿ ਕਿਸ ਨਾਲ ਰਲ ਕੇ ਚੱਲਣਾ ਹੈ: ਬੈਂਸ ਭਰਾ

October 30, 2016 | By

ਲੁਧਿਆਣਾ: ਆਵਾਜ਼-ਏ-ਪੰਜਾਬ ਦੇ ਆਗੂ ਵਿਧਾਇਕ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਬਾਰੇ ਚੱਲ ਰਹੀਆਂ ਚਰਚਾਵਾਂ ’ਤੇ ਦੋਵਾਂ ਭਰਾਵਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਵਾਜ਼-ਏ-ਪੰਜਾਬ ਦੇ ਝੰਡੇ ਹੇਠ ਹੀ ਚੋਣ ਲੜਨਗੇ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਆਵਾਜ਼-ਏ-ਪੰਜਾਬ ਦੇ ਆਗੂ ਵਿਧਾਇਕ ਬੈਂਸ ਭਰਾਵਾਂ ਨੇ ਆਪਣੀ ਅਲੱਗ ਪਾਰਟੀ ਬਣਾ ਲਈ ਹੈ।

ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸਿਮਰਜੀਤ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਸਪੱਸ਼ਟ ਕੀਤਾ ਕਿ ਉਹ ਵਿਧਾਨ ਸਭਾ ਚੋਣਾਂ 2017 ਆਵਾਜ਼-ਏ-ਪੰਜਾਬ ਦੇ ਬੈਨਰ ਥੱਲ੍ਹੇ ਹੀ ਲੜਨਗੇ। ਉਨ੍ਹਾਂ ਕਿਹਾ ਕਿ ਕੁਝ ਲੋਕ ਸੱਤਾਧਾਰੀਆਂ ਨਾਲ ਮਿਲ ਕੇ ਅਲੱਗ ਤੋਂ ਚੋਣਾਂ ਲੜਨ ਦੀ ਅਫਵਾਹ ਫੈਲਾ ਰਹੇ ਹਨ, ਜਿਸ ਵਿੱਚ ਕੋਈ ਸੱਚਾਈ ਨਹੀਂ ਹੈ। ਉਹ ਨਵਜੋਤ ਸਿੱਧੂ ਦੇ ਨਾਲ ਹਨ ਭਾਵੇਂ ਕਿਸੇ ਵੀ ਪਾਰਟੀ ਨਾਲ ਚੋਣਾਂ ਲਈ ਸਮਝੌਤਾ ਹੋਵੇ।

ਲੁਧਿਆਣਾ ਵਿਖੇ ਆਪਣੇ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੈਂਸ ਭਰਾ (ਫਾਈਲ ਫੋਟੋ)

ਲੁਧਿਆਣਾ ਵਿਖੇ ਆਪਣੇ ਦਫਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੈਂਸ ਭਰਾ (ਫਾਈਲ ਫੋਟੋ)

ਆਜ਼ਾਦ ਵਿਧਾਇਕ ਸਿਮਰਜੀਤ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਜੂਨ-ਜੁਲਾਈ ਵਿੱਚ ਆਪਣੀ ਰਾਜਸੀ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਚੋਣ ਕਮਿਸ਼ਨ ਨੂੰ ਅਰਜ਼ੀ ਦਿੱਤੀ ਸੀ ਅਤੇ ਪਿਛਲੇ ਦਿਨੀਂ ਉਨ੍ਹਾਂ ਨੇ ਪਾਰਟੀ ਦੀ ਰਜਿਸਟਰੇਸ਼ਨ ਸਬੰਧੀ ਇਤਰਾਜ਼ਾਂ ਲਈ ਇਸ਼ਤਿਹਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਆਵਾਜ਼-ਏ-ਪੰਜਾਬ ਏਕਾ ਦਾ ਪ੍ਰਤੀਕ ਹੈ ਅਤੇ ਅੱਗੇ ਚੋਣਾਂ ਵਿੱਚ ਵੀ ਰਹੇਗਾ। ਉਨ੍ਹਾਂ ਨੇ ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ, ਨਸ਼ੇ, ਨਿਰਾਸ਼ਾ ਤੇ ਮਾਫ਼ੀਏ ਨੂੰ ਜੜ੍ਹੋਂ ਖ਼ਤਮ ਕਰਨ ਲਈ ਹਮਖਿਆਲੀ ਆਗੂਆਂ ਨਾਲ ਮਿਲ ਕੇ ਇਸ ਫਰੰਟ ਦਾ ਗਠਨ ਕੀਤਾ ਸੀ, ਜਿਸ ਨੂੰ ਹਰ ਹਾਲ ਵਿੱਚ ਉਹ ਪੂਰਾ ਕਰਨਗੇ।

ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਕਿ 4-5 ਨਵੰਬਰ ਨੂੰ ਹਰ ਹਾਲ ਵਿੱਚ ਆਵਾਜ਼-ਏ-ਪੰਜਾਬ ਫ਼ੈਸਲਾ ਕਰ ਲਵੇਗਾ ਕਿ ਉਹ ਕਿਸ ਪਾਰਟੀ ਨੂੰ ਸਮਰਥਨ ਕਰੇਗਾ। ਇਸਦੇ ਲਈ ਉਹ ਜਨਤਾ ਅਤੇ ਸਾਥੀ ਆਗੂਆਂ ਦੀ ਰਾਇ ਵੀ ਲੈ ਰਹੇ ਹਨ। ਅਗਲੇ ਦਿਨਾਂ ਵਿੱਚ ਉਹ ਨਵਜੋਤ ਸਿੱਧੂ ਅਤੇ ਵਿਧਾਇਕ ਪ੍ਰਗਟ ਸਿੰਘ ਨਾਲ ਮਿਲ ਕੇ ਆਪਣੇ ਫ਼ੈਸਲੇ ਦਾ ਐਲਾਨ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,