ਖਾਸ ਖਬਰਾਂ

ਸਿੱਖ ਨਸਲਕੁਸ਼ੀ ਦੇ ਗਵਾਹ ਪਿੰਡ ਹੋਂਦ ਚਿੱਲੜ ਦਾ ਸੱਚ: ਪਾਕਿ ਤੋਂ ਉੱਜੜ ਕੇ ਆਏ ਪਰਿਵਾਰਾਂ ਨੇ ਸੁਣਾਈ ਜ਼ੁਲਮ ਜਬਰ ਦੀ ਦਾਸਤਾਨ

February 23, 2011 | By

ਪਿੰਡ ਹੋਂਦ ਚਿੱਲੜ (ਹਰਿਆਣਾ) ਦੇ ਸਿੱਖਾਂ ਦੀ ਨਸਲਕੁਸ਼ੀ ਦੀ ਹੇਠਾਂ ਛਾਪੀ ਜਾ ਰਹੀ ਐੱਚ. ਐੱਸ. ਬਾਵਾ ਦੀ ਵਿਸ਼ੇਸ਼ ਰਿਪੋਰਟ ਰੋਜਾਨਾ ਅਜੀਤ, ਜਲੰਧਰ (ਮਿਤੀ: 23 ਫਰਵਰੀ, 2011)ਵਿਚੋਂ ਧੰਨਵਾਦ ਸਹਿਤ ਹੇਠਾਂ ਛਾਪੀ ਜਾ ਰਹੀ ਹੈ: ਸੰਪਾਦਕ (ਵਧੀਕ ਮਾਮਲੇ)

ਹੋਂਦ ਚਿੱਲੜ, ਹਰਿਆਣਾ (23 ਫਰਵਰੀ, 2011): ਦੇ ਖ਼ੇਤਾਂ ਵਿਚ ਖੜ੍ਹੀ ਇਕ ਗੁਰਦੁਆਰੇ ਦੀ ਇਮਾਰਤ ਦੀ ਹਾਲਤ ਅਤੇ ਦੋ ਮਕਾਨਾਂ ਦੇ ਅੰਤਾਂ ਨੂੰ ਢੁੱਕੇ ਢਾਂਚੇ ਇਸ ਦੇਸ਼ ਦੇ ਲੋਕਤੰਤਰ ਦੇ ਖੋਖਲੇਪਣ, ਇਸ ਦੇ ਮਨੁੱਖੀ ਅਧਿਕਾਰਾਂ ਸਬੰਧੀ ਦਾਅਵਿਆਂ ਅਤੇ ਇਸ ਦੀ ਇਨਸਾਫ਼ ਵਿਵਸਥਾ ਦੀ ਬੇਇਨਸਾਫ਼ੀ ਦੇ ਗਵਾਹਾਂ ਵਜੋਂ ਉਨ੍ਹਾਂ ਲੋਕਾਂ ਦਾ ਮੂੰਹ ਚਿੜ੍ਹਾ ਰਹੇ ਹਨ ਜਿਹੜੇ ਇਸ ਦੇਸ਼ ਦੇ ਲੋਕਤੰਤਰ, ਇਸ ਦੇਸ਼ ਦੇ ਮਨੁੱਖੀ ਅਧਿਕਾਰਾਂ ਦੇ ਅ¦ਬਰਦਾਰ ਹੋਣ ’ਤੇ ਮਾਣ ਕਰਦੇ ਨੇ ਅਤੇ ਜਿਹੜੇ ਇਸ ਦੀ ਨਿਆਂ ਵਿਵਸਥਾ ਦਾ ਦਮ ਭਰਦੇ ਨੇ।

ਸਾੜੇ ਅਤੇ ਲੁੱਟੇ ਗਏ ਜਿਹੜੇ ਘਰਾਂ ਦੀਆਂ ਨੀਂਹਾਂ ਵੀ ਪੁੱਟੀਆਂ ਗਈਆਂ ਉਨ੍ਹਾਂ ਘਰਾਂ ਦੇ ਫਰਸ਼ ਅੱਜ ਵੀ ਇਸ ਪਿੰਡ ਜਾਣ ਵਾਲਿਆਂ ਨੂੰ ਖਲੋਣ ਦੀ ਜਗ੍ਹਾ ਦਿੰਦੇ ਨੇ ਤਾਂ ਜੋ ਆਏ ਲੋਕ ਵੇਖ ਸਕਣ ਕਿ ਨਸਲਕੁਸ਼ੀਆਂ ਦੀਆਂ ਸਾਜ਼ਿਸ਼ਾਂ ਦੇ ਮਗਰੋਂ ਸਬੂਤ ਮਿਟਾਉਣ ਲਈ ਕੀ-ਕੀ ਕੀਤਾ ਜਾ ਸਕਦਾ ਹੈ। ਕਹਿੰਦੇ ਨੇ ਖੂਨ ਸਿਰ ਚੜ੍ਹ ਕੇ ਬੋਲਦਾ ਹੈ ਤੇ ਖੂਨ ਤਾਂ ਇਕ ਬੰਦੇ ਦਾ ਵੀ ਸਿਰ ਚੜ੍ਹ ਕੇ ਬੋਲਦਾ ਹੈ ਪਰ ਇਹ ਤਾਂ 32 ਸਿੱਖ ਸਨ। ਇਹ ਤਾਂ ਬੱਚੇ ਸਨ, ਬੱਚੀਆਂ ਸਨ, ਔਰਤਾਂ ਸਨ, ਜਵਾਨ ਸਨ, ਬਜ਼ੁਰਗ ਸਨ। ਇਨ੍ਹਾਂ ਸਾਰਿਆਂ ਦੇ ਖੂਨ ਦੇ ਨਿਸ਼ਾਨ ਤਾਂ ਸਮੇਂ ਨੇ ਭਾਵੇਂ ਮਿਟਾ ਦਿੱਤੇ ਹੋਣ ਪਰ ਇਨ੍ਹਾਂ ਕਤਲਾਂ ਦਾ ਸੇਕ ਇਕ ਵਾਰ ਫ਼ਿਰ ਇਤਿਹਾਸ ਦੇ ਪੰਨਿਆਂ ਨੂੰ ਪੈਣ ਲੱਗਾ ਹੈ।

ਹੋਂਦ ਚਿੱਲੜ ਆਪਣੇ ਆਪ ਵਿਚ ਇਕ ਇਤਿਹਾਸਕ ਪਿੰਡ ਹੋ ਨਿੱਬੜੇਗਾ। ਇਕ ਪਿੰਡ ਜਿਥੇ ਪਾਕਿਸਤਾਨ ਵਿਚ ਮੀਆਂਵਾਲੀ ਤੋਂ ਆ ਕੇ ਵੱਸੇ ਸਨ ਇਕ ਹੀ ਪਰਿਵਾਰ ਵਿਚੋਂ ਨਿਕਲੇ ਕਈ ਪਰਿਵਾਰ। ਇਨ੍ਹਾਂ ਪਰਿਵਾਰਾਂ ਨੇ ਪਹਿਲਾਂ 1947 ਵਿਚ ਦੇਸ਼ ਦੀ ਵੰਡ ਦਾ ਦਰਦ ਹੰਢਾਇਆ ਤੇ ਕਿਸਮਤ ਇਨ੍ਹਾਂ ਨੂੰ ਮੀਆਂਵਾਲੀ ਤੋਂ ਧੂਹ ਕੇ ਲੈ ਗਈ ਅੱਜ ਦੇ ਹਰਿਆਣੇ ਦੇ ਜ਼ਿਲ੍ਹਾ ਰਿਵਾੜੀ ਦੇ ਪਿੰਡ ਹੋਂਦ ਵਿਚ। ਮੀਆਂਵਾਲੀ ਦੇ ਮੱਕੜ ਪਰਿਵਾਰ ਦੀਆਂ ਸ਼ਾਖਾਵਾਂ ਇਨ੍ਹਾਂ ਪਰਿਵਾਰਾਂ ਨੂੰ ਹੋਂਦ ਪਿੰਡ ਵਿਚ ਜ਼ਮੀਨਾਂ ਅਲਾਟ ਹੋਈਆਂ ਅਤੇ ਇਹ ਇਥੇ ਹੀ ਘਰ ਬਣਾ ਕੇ ਰਹਿਣ ਲੱਗੇ।
ਸਭ ਦੇ ਹਿੱਸੇ ਦੋ-ਦੋ ਤਿੰਨ-ਤਿੰਨ ਕਿੱਲੇ ਜ਼ਮੀਨ ਆਈ ਤਾਂ ਨਾ ਬੇਜ਼ਮੀਨੇ ਰਹੇ ਤੇ ਨਾ ਹੀ ਜ਼ਿਮੀਂਦਾਰ ਬਣ ਸਕੇ। ਸੋ ਜ਼ਮੀਨ ਦੇ ਨਾਲ-ਨਾਲ ਕਿਸੇ ਦੁਕਾਨ ਸ਼ੁਰੂ ਕੀਤੀ, ਕਿਸੇ ਫੇਰੀ ਲਾਉਣੀ ਤੇ ਕਿਸੇ ਕੋਈ ਹੋਰ ਕਾਰੋਬਾਰ। ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਨਾਲ ਉਹ ਲੋਕ ਆਏ ਨੇ ਜਿਨ੍ਹਾਂ ਨੇ ਪਿੰਡ ਹੋਂਦ ਚਿੱਲੜ ਦੇ ਸੱਚ ਨੂੰ ਆਪਣੇ ਪਰਿਵਾਰਾਂ ਦੇ ਸਰੀਰਾਂ ’ਤੇ ਅੰਕਿਤ ਹੁੰਦੇ ਵੇਖਿਆ ਹੈ। ਜਿਨ੍ਹਾਂ ਦਾ ਕਦੇ ਇਹ ਆਪਣਾ ਪਿੰਡ ਸੀ ਤੇ ਜਿਨ੍ਹਾਂ ਦੇ ਮਨਾਂ ਵਿਚ 2 ਨਵੰਬਰ, 1984 ਨੇ ਐਸੀ ਦਹਿਸ਼ਤ ਪੈਦਾ ਕੀਤੀ ਕਿ ਇਹ ਸਾਰੇ 26 ਵਰ੍ਹਿਆਂ ਬਾਅਦ ਆਪਣੇ ਪਿੰਡ ਪਰਤੇ ਨੇ, ਉਹ ਵੀ ਰਹਿਣ ਲਈ ਨਹੀਂ ਸਿਰਫ਼ ਆਪਣੀ ਦਰਦ ਕਹਾਣੀ ਬਿਆਨ ਕਰਨ ਲਈ। ਬਠਿੰਡਾ ਤੋਂ ਉੱਤਮ ਸਿੰਘ ਆਏ ਨੇ ਤੇ ਲੁਧਿਆਣੇ ਤੋਂ ਜੋਗਿੰਦਰ ਸਿੰਘ ਪੁੱਤਰ ਹਰਨਾਮ ਸਿੰਘ, ਹਰਭਜਨ ਸਿਘ ਪੁੱਤਰ ਬਲਰਾਮ ਸਿੰਘ, ਜਸਬੀਰ ਸਿੰਘ ਪੁੱਤਰ ਸਾਵਣ ਸਿੰਘ, ਦਲੀਪ ਸਿੰਘ ਪੁੱਤਰ ਹਰਦੇਵ ਸਿੰਘ, ਕੇਸਰ ਸਿੰਘ ਪੁੱਤਰ ਕਰਮ ਸਿੰਘ ਅਤੇ ਪ੍ਰੇਮ ਸਿੰਘ ਪੁੱਤਰ ਇੰਦਰ ਸਿੰਘ ਸ਼ਾਮਿਲ ਨੇ।

ਉੱਤਮ ਸਿੰਘ ਪਹਿਲਾਂ ਸਾਨੂੰ ਪਿੰਡ ਦੇ ਗੁਰਦੁਆਰੇ ਮੁਹਰੇ ਲਿਜਾ ਖੜ੍ਹੇ ਕਰਦਾ ਹੈ। ਗੁਰਦੁਆਰਾ ਸਾਹਿਬ ਦੇ ਮੱਥੇ ’ਤੇ ਲਿਖਿਆ ਹੈ, ‘ਸਭਨਾਂ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ’ ਤੇ ਨਾਲ ਹੀ ਹੇਠਾਂ ਲਿਖਿਆ ਹੈ ‘ਜੀ ਆਇਆਂ ਨੂੰ’।

ਪਰ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਤਾਂ ਕਿਸੇ ਨੇ ਆਪਣੀ ਤੂੜੀ ਰੱਖਣ ਵਾਲੀ ਥਾਂ ਬਣਾ ਰੱਖਿਆ ਹੈ। ਅੰਦਰ ਹਾਲ ਵਿਚ ਵੜਦਿਆਂ ਸਾਹਮਣੇ ਸੀਮੈਂਟ ਦਾ ਬਣਿਆ ਥੜ੍ਹਾ ਹੈ ਜਿਥੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹੁੰਦੇ ਸਨ। ਪਿੰਡ ਵਿਚ 16 ਘਰ ਸਨ ਜਿਨ੍ਹਾਂ ਵਿਚੋਂ ਕੇਵਲ ਦੋ ਅੱਜ ਵੀ ਇਨ੍ਹਾਂ ਪਰਿਵਾਰਾਂ ਦੇ ਇਥੇ ਵੱਸਦੇ ਹੋਣ ਦੇ ਗਵਾਹ ਵਜੋਂ ਸ਼ਾਇਦ ਗਵਾਹੀ ਦੇਣ ਲਈ ਹੀ ਬਚੇ ਹੋਏ ਹਨ। ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨੇੜਲੇ ਖੂਹ ਬਾਰੇ ਦੱਸਿਆ ਗਿਆ ਹੈ ਕਿ ਇਸੇ ਖੂਹ ਵਿਚ ਸੁੱਟੀਆਂ ਗਈਆਂ ਸਨ ਕਈ ਲਾਸ਼ਾਂ, ਵੱਢੀਆਂ-ਟੁੱਕੀਆਂ ਤੇ ਸਾੜੀਆਂ ਹੋਈਆਂ।

ਹੋਂਦ ਚਿੱਲੜ ਚਾਰ ਪਿੰਡਾਂ, ਹੋਂਦ, ਚਿੱਲੜ, ਧਨੌਰ ਅਤੇ ਠੇਠਰ ਭੁਰਥਲ ਦੀ ਸਾਂਝੀ ਪੰਚਾਇਤ ਹੈ। ਹੋਂਦ ਪਿੰਡ ਚਿੱਲੜ ਤੋਂ ਲਗਭਗ ਇਕ ਕਿਲੋਮੀਟਰ ਦੀ ਦੂਰੀ ’ਤੇ ਸੀ ਜਿਸ ਵਿਚ ਕੇਵਲ ਸਿੱਖਾਂ ਦੇ 16 ਘਰ ਹੀ ਰਹਿੰਦੇ ਸਨ। 2 ਨਵੰਬਰ ਨੂੰ ਵੀ ਆਪਣੀ ਜ਼ਿੰਦਗੀ ਦੇ ਆਮ ਦਿਨਾਂ ਵਿਚੋਂ ਇਕ ਦਿਨ ਸਮਝਦੇ ਹੋਏ ਪਿੰਡ ਵਿਚ ਰਹਿੰਦੇ ਲਗਭਗ 100 ਤੋਂ 150 ਸਿੱਖਾਂ ਵਿਚੋਂ ਵਧੇਰੇ ਆਪੋ ਆਪਣੇ ਕੰਮਾਂ ਕਾਰਾਂ ’ਤੇ ਜਾ ਚੁੱਕੇ ਸਨ ਜਦ ਸਵੇਰੇ ਲਗਭਗ 11 ਵਜੇ ਹਮਲਾਵਰਾਂ ਨੇ ਹਮਲਾ ਬੋਲਿਆ। ਕਹਿਰ ਸ਼ਾਮ 6, 7 ਵਜੇ ਤਕ ਵਰਤਿਆ। ਜਿਸ ਦੇ ਨਤੀਜੇ ਵਜੋਂ ਘਰ ਲੁੱਟੇ ਗਏ, ਬੇਪੱਤੀਆਂ ਹੋਈਆਂ ਅਤੇ 32 ਸਿੱਖ ਮਾਰ ਮੁਕਾ ਦਿੱਤੇ ਗਏ। ਦ੍ਰਿਸ਼ ਇੰਨਾ ਹੌਲਨਾਕ ਸੀ ਕਿ ਅੱਜ ਪਿੰਡ ਪਰਤੇ ਉਕਤ ਸਿੱਖਾਂ ਦੱਸਿਆ ਕਿ ਦੀਵਾਰਾਂ ’ਤੇ ਖੂਨ ਇਉਂ ਲੱਗਾ ਸੀ ਜਿਵੇਂ ਲੋਕਾਂ ਨੂੰ ਕੰਧਾਂ ਨਾਲ ਪਟਕਾ-ਪਟਕਾ ਕੇ ਮਾਰਿਆ ਗਿਆ ਹੋਵੇ। ਉਥੇ ਪਏ ਸੱਬਲ ਅਤੇ ਰਾਡ ਹੀ ਨਹੀਂ ਸਗੋਂ ਨੇੜੇ ਪਏ ਪੱਥਰ ਵੀ ਖੂਨ ਵਿਚ ਲੱਥਪੱਥ ਸਨ। ਕੋਲ ਪਏ ਡੰਡਿਆਂ ਵਿਚ ਵਾਲਾਂ ਦੇ ਗੁੱਛੇ ਲਿਪਟੇ ਹੋਏ ਸਨ। ਵੱਢੇ-ਟੁੱਕੇ ਅਤੇ ਸਾੜੇ ਸਿੱਖਾਂ ਦੀਆਂ ਲਾਸ਼ਾਂ ਥਾਂ-ਥਾਂ ਖਿੱਲਰੀਆਂ ਸਨ। ਪਹਿਲਾ ਹੱਲਾ ਚਿੱਲੜ ਪਟੌਦੀ ਵੱਲੋਂ ਚਿੱਲੜ ਹੁੰਦੇ ਹੋਏ ਆਈ ਭੀੜ ਵੱਲੋਂ ਗੁਲਾਬ ਸਿੰਘ ਦੇ ਘਰ ਕੀਤਾ ਗਿਆ ਤੇ ਫਿਰ ਤਾਂ ਵਾਰੀਆਂ ਬੰਨ੍ਹੀਆਂ ਗਈਆਂ। ਪਿੰਡ ਨੂੰ ਘੇਰਾ ਪਾ ਲਿਆ ਗਿਆ। ਹਮਲਾਵਰਾਂ ਦੀ ਗਿਣਤੀ ਵੱਡੀ ਸੀ, ਸਾਰਾ ਕੁਝ ਯੋਜਨਾਬੱਧ ਸੀ ਤੇ ਜ਼ੁਲਮ ਦੀ ਅਖ਼ੀਰ ਸੀ।

ਗੁਲਾਬ ਸਿੰਘ ਆਪਣੇ ਪਰਿਵਾਰ ਦੇ 16 ਹੋਰ ਜੀਆਂ ਸਣੇ ਮਾਰਿਆ ਗਿਆ। ਉਸ ਦੇ ਦੋ ਬੇਟਿਆਂ ਕਰਤਾਰ ਸਿੰਘ ਅਤੇ ਸਰਦਾਰ ਸਿੰਘ ਦੇ ਪਰਿਵਾਰ ਮਾਰੇ ਗਏ। ਕਰਤਾਰ ਸਿੰਘ ਦੇ ਪਰਿਵਾਰ ਦੇ 9 ਜੀਅ ਅਤੇ ਸਰਦਾਰ ਸਿੰਘ ਦੇ ਪਰਵਿਾਰ ਦੇ 7 ਜੀਅ ਮਾਰੇ ਗਏ। ਗੁਰਦਿਆਲ ਸਿੰਘ ਦੇ ਪਰਿਵਾਰ ਦੇ 12 ਜੀਅ ਮਾਰੇ ਗਏ। ਹਰਨਾਮ ਸਿੰਘ ਦੀ ਪਤਨੀ ਬੀਬੀ ਅੰਮ੍ਰਿਤ ਕੌਰ ਮਾਰੀ ਗਈ। ਤੱਖਰ ਸਿਘ ਨਾਂਅ ਦਾ ਇਕ ਹੋਰ ਸਿੱਖ ਮਾਰਿਆ ਗਿਆ ਅਤੇ ਮਾਰਿਆ ਗਿਆ ਇਕ ਅਣਪਛਾਤਾ ਸਿੱਖ ਫੌਜੀ ਜਿਹੜਾ ਕਿਤੋਂ ਜਾਨ ਬਚਾਉਂਦਾ ਇਸ ਪਿੰਡ ਨੂੰ ਸਿੱਖਾਂ ਦਾ ਪਿੰਡ ਸਮਝ ਕੇ ਆਪਣੇ ਆਪ ਨੂੰ ਮਹਿਫੂਜ਼ ਰੱਖਣ ਲਈ ਇਥੇ ਰਹਿ ਗਿਆ।

ਅੱਜ ਲੁਧਿਆਣਾ ਤੋਂ ਆਏ ਹਰਭਜਨ ਸਿੰਘ ਪੁੱਤਰ ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਕਿਰਪਾਨ ਨਾਲ ਆਪਣੇ ਪਰਿਵਾਰ ਨੂੰ ਬਚਾਉਣ ਲਈ ਭੀੜ ਦਾ 7 ਘੰਟੇ ਮੁਕਾਬਲਾ ਕੀਤਾ। ਉਨ੍ਹਾਂ ਦੱਸਿਆ ਕਿ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਹਮਲੇ ਮੌਕੇ ਇਕੱਤਰ ਹੋ ਗਏ ਪਰ ਕੋਈ ਬਚਾਉਣ ਲਈ ਅੱਗੇ ਨਹੀਂ ਆਇਆ ਹਾਲਾਂਕਿ ਸਿੱਖ ਪਰਿਵਾਰਾਂ ਨੇ ਉਨ੍ਹਾਂ ਨੂੰ ਇਸ ਲਈ ਬੇਨਤੀਆਂ ਵੀ ਕੀਤੀਆਂ। ਲਾਗਲੇ ਪਿੰਡਾਂ ਦੇ ਲੋਕ ਤਮਾਸ਼ਬੀਨ ਬਣੇ ਖੜ੍ਹੇ ਰਹੇ ਅਤੇ ਉਨ੍ਹਾਂ ਉਹ ਸਭ ਕੁਝ ਵੇਖਿਆ ਜੋ ਵਾਪਰਿਆ। ਜਦ ਹਰਭਜਨ ਸਿੰਘ ਆਪਣੇ ਪਰਿਵਾਰ ਨੂੰ ਬਚਾਉਣ ਵਿਚ ਕਾਮਯਾਬ ਹੋ ਗਿਆ ਤਾਂ ਨੇੜਲੇ ਪਿੰਡ ਨੂਰਪੁਰ ਦੇ ਇਕ ਸਰਦਾਰ ਨਿਹਾਲ ਸਿਘ ਨੇ ਆਪਣੇ ‘ਹਿੰਦ ਟਰੈਕਟਰ’ ’ਤੇ ਬਿਠਾ ਕੇ ਪਰਿਵਾਰ ਨੂੰ ਧਨੌਰ ਪਿੰਡ ਵਿਖੇ ਛੱਡ ਦਿੱਤਾ। ਧਨੌਰ ਪਿੰਡ ਦੇ ਦੋ ਭਰਾਵਾਂ ਰਿਸਾਲ ਸਿੰਘ ਅਤੇ ਮੁਖ਼ਤਿਆਰ ਸਿੰਘ ਨੇ ਉਨ੍ਹਾਂ ਨੂੰ ਆਸਰਾ ਦਿੱਤਾ। ਹਰਭਜਨ ਸਿੰਘ ਨੇ ਦੱਸਿਆ ਕਿ ਜਦ ਪਰਿਵਾਰ ਪਿੰਡ ਵਿਚੋਂ ਨਿਕਲਿਆ ਤਾਂ ਸਭ ਕੁਝ ਲੁੱਟਿਆ ਜਾ ਚੁੱਕਾ ਸੀ, ਹਾਲ ਇਹ ਸੀ ਕਿ ਬਚ ਨਿਕਲਣ ਵਾਲੇ ਜੀਆਂ ਦੇ ਸਿਰਾਂ ’ਤੇ ਪਰਨੇ ਜਾਂ ਚੁੰਨੀਆਂ ਨਹੀਂ ਸਨ ਤੇ ਪੈਰੀਂ ਜੁੱਤੀ ਨਹੀਂ ਸੀ।

ਇਹ ਪਿੰਡ ਪਹਿਲਾਂ ਜਾਦੂ ਥਾਣਾ ਹੇਠ ਪੈਂਦਾ ਸੀ ਜਿਸ ਥਾਣੇ ਦਾ ਨਾਂਅ ਬਦਲ ਕੇ ਹੁਣ ਰੋੜ੍ਹਾਈ ਥਾਣਾ ਹੋ ਗਿਆ ਹੈ। ਇਥੇ ਦਰਜ ਐਫ. ਆਈ. ਆਰ. ਵਿਚ ਪਿੰਡ ਦੇ ਸਰਪੰਚ ਵੱਲੋਂ 20 ਅਣਪਛਾਤੇ ਸਿੱਖਾਂ ਦੇ ਅਣਪਛਾਤੇ ਲੋਕਾਂ ਵੱਲੋਂ ਮਾਰੇ ਜਾਣ ਬਾਰੇ ਦਰਜ ਹੋਣ ਦੀ ਗੱਲ ਅੱਜ ਕੀਤੇ ਜਾਣ ’ਤੇ ਸਥਾਨਕ ਪੱਤਰਕਾਰਾਂ ਨੇ ਦੱਸਿਆ ਕਿ ਇਹ ਤਾਂ ਐਫ. ਆਈ. ਆਰ. ਵੀ ਨਹੀਂ ਹੈ, ਸਗੋਂ ਸ਼ਿਕਾਇਤ ਮਾਤਰ ਹੈ। ਇਸ ਤੋਂ ਵੱਧ ਅਸੰਵੇਦਨਸ਼ੀਲ ਗੱਲ ਕੀ ਹੋਵੇਗੀ ਕਿ 32 ਸਿੱਖਾਂ ਦੇ ਮਾਰੇ ਜਾਣ ਦੇ ਮਾਮਲੇ ਨੂੰ ਹਰਿਆਣਾ ਪੁਲਿਸ ਨੇ, ਹਰਿਆਣਾ ਸਰਕਾਰ ਨੇ ਇੰਨੇ ਹਲਕੇ ਤਰੀਕੇ ਨਾਲ ਲਿਆ ਕਿ ਪਹਿਲਾਂ ਤਾਂ ਉਨ੍ਹਾਂ ਦੀ ਗਿਣਤੀ 20 ਲਿਖੀ, ਫ਼ਿਰ ਉਨ੍ਹਾਂ ਦੀ ਪਛਾਣ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਅਣਪਛਾਤੇ ਲਿਖਿਆ, ਫ਼ਿਰ ਉਸ ਅਧੂਰੀ ਸ਼ਿਕਾਇਤ ਨੂੰ ਵੀ ਐਫ. ਆਈ. ਆਰ. ਵਿਚ ਤਬਦੀਲ ਨਹੀਂ ਕੀਤਾ ਅਤੇ ਫ਼ਿਰ ਉਸ ਐਫ. ਆਈ. ਆਰ. ਜਾਂ ਸ਼ਿਕਾਇਤ ਦੇ ਆਧਾਰ ’ਤੇ ਅੱਜ ਤਾਈਂ ਕੋਈ ਕਾਰਵਾਈ ਨਹੀਂ ਕੀਤੀ। ਇਥੇ ਦਰਜ ਐਫ. ਆਈ. ਆਰ. ਵਿਚ ਪਿੰਡ ਦੇ ਸਰਪੰਚ ਵੱਲੋਂ 20 ਅਣਪਛਾਤੇ ਸਿੱਖਾਂ ਦੇ ਅਣਪਛਾਤੇ ਲੋਕਾਂ ਵੱਲੋਂ ਮਾਰੇ ਜਾਣ ਬਾਰੇ ਦਰਜ ਹੋਣ ਦੀ ਗੱਲ ਅੱਜ ਕੀਤੇ ਜਾਣ ’ਤੇ ਸਥਾਨਕ ਪੱਤਰਕਾਰਾਂ ਨੇ ਦੱਸਿਆ ਕਿ ਇਹ ਤਾਂ ਐਫ. ਆਈ. ਆਰ. ਵੀ ਨਹੀਂ ਹੈ, ਸਗੋਂ ਸ਼ਿਕਾਇਤ ਮਾਤਰ ਹੈ। ਇਨ੍ਹਾਂ ਪੱਤਰਕਾਰਾਂ ਸਾਹਮਣੇ ਜਦ ਇਹ ਗੱਲ ਕੀਤੀ ਗਈ ਕਿ ਕੀ ਇਹ ਸਰਕਾਰ ਦੀ ਸਾਜਿਸ਼ ਸੀ ਅਤੇ ਹਮਲਾਵਰਾਂ ਨੂੰ ਟਰੱਕਾਂ ਵਿਚ ਭਰ ਕੇ, ਹਥਿਆਰਾਂ ਅਤੇ ਪੈਟਰੋਲ ਤੇਲ ਆਦਿ ਨਾਲ ਲੈਸ ਕਰਕੇ ਭੇਜਿਆ ਗਿਆ ਸੀ ਤਾਂ ਸਥਾਨਕ ਪੱਤਰਕਾਰਾਂ ਨੇ ਆਪ ਹੀ ਸੱਚ ਨੂੰ ਸਾਹਮਣੇ ਰੱਖਦਿਆਂ ਆਖਿਆ ਕਿ ਕੇਵਲ ਟਰੱਕਾਂ ਵਿਚ ਹੀ ਨਹੀਂ ਸਗੋਂ ਹਰਿਆਣਾ ਰੋਡਵੇਜ਼ ਦੀ ਇਕ ਬੱਸ ਵੀ ਹਮਲਾਵਰਾਂ ਨੂੰ ਮੌਕੇ ’ਤੇ ਲੈ ਕੇ ਆਈ ਸੀ। ਅੱਜ ਪਿੰਡ ਦੇ ਰਹਿਣ ਵਾਲੇ ਸਿੱਖਾਂ ਦੇ ਪਿੰਡ ਪੁੱਜਣ ਦੀ ਖ਼ਬਰ ਮਿਲਣ ’ਤੇ ਪਿੰਡ ਧਨੌਰਾ ਤੋਂ ਆਏ ਇਕ ਹਿੰਦੂ ਵਿਅਕਤੀ ਹੁਸ਼ਿਆਰ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅੱਜ ਪਿੰਡ ਆਏ ਉੱਤਮ ਸਿੰਘ ਦਾ ਜਮਾਤੀ ਰਿਹਾ ਹੈ। ਉਸ ਨੇ ਦੱਸਿਆ ਕਿ ਜਦ ਹਮਲਾ ਹੋਇਆ ਤਾਂ ਉਨ੍ਹਾਂ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦੀ ਗਿਣਤੀ ਅਤੇ ਇਰਾਦੇ ਵੇਖ ਕੇ ਉਹ ਪਿੱਛੇ ਹਟ ਗਏ ਸਨ ਅਤੇ ਫ਼ਿਰ ਜੋ ਵਾਪਰਿਆ ਉਹ ਤਾਂ ਹੁਣ ਸਭ ਜਾਣਦੇ ਹੀ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,