ਖਾਸ ਖਬਰਾਂ

ਹੜ੍ਹਾਂ ਵੇਲੇ ਪੰਜਾਬ ਨੂੰ ਡੋਬਣ ਲਈ ਪੰਜਾਬ ਤੇ ਕੇਂਦਰ ਸਰਕਾਰਾਂ ਜ਼ਿੰਮੇਵਾਰ – ਮਿਸਲ ਸਤਲੁਜ

July 27, 2023 | By

ਚੰਡੀਗੜ੍ਹ –  ਬੀਤੇ ਦਿਨੀਂ ਫਿਰੋਜ਼ਪੁਰ ਵਿਖੇ ਮਿਸਲ ਸਤਲੁਜ ਦੇ ਆਗੂਆਂ ਵੱਲੋਂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਹਰੀਕੇ ਹੈਡ ਤੋਂ ਦਰਿਆ ਦੇ ਸਾਰੇ ਗੇਟ ਖੋਲਕੇ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਜਿਸ ਨਾਲ ਫਿਰੋਜ਼ਪੁਰ ਦੇ ਦਰਿਆ ਲਾਗਲੇ ਪਿੰਡਾਂ ਬੰਡਾਲਾ, ਧੀਰਾ ਘਾਰਾ, ਜੱਲੋਕੇ, ਮੁੱਠਿਆਂਵਾਲਾ, ਕਾਮਲਵਾਲਾ, ਗਗੜਾ, ਆਲੇਵਾਲਾ, ਫੱਤੇਵਾਲਾ, ਨਿਹਾਲਾ ਲਵੇਰਾ ਤੇ ਹਾਮਦਵਾਲਾ, ਟਿੰਡੀ ਵਾਲਾ, ਰਾਜੋ ਗੱਟੀ, ਨਵੀਂ ਗੱਟੀ ਆਦਿ ਦਰਜਨਾਂ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਜਿੱਥੇ ਬਹੁਤ ਵੱਡੇ ਪੱਧਰ ਤੇ ਜਾਨ ਮਾਲ ਦਾ ਨੁਕਸਾਨ ਹੋਇਆ ਅਤੇ ਖਦਸ਼ਾ ਹੈ ਕਿ ਆਉਣ ਵਾਲੇ ਦਿਨਾਂ 1988 ਵਾਂਗ ਇਹ ਪਾਣੀ ਫਿਰੋਜ਼ਪੁਰ ਸ਼ਹਿਰ ਵਿੱਚ ਵੀ ਵੜ ਸਕਦਾ ਪਰ ਦੂਜੇ ਪਾਸੇ ਹਰੀਕੇ ਤੋਂ ਰਾਜਸਥਾਨ ਨੂੰ ਪਾਣੀ ਲਿਜਾਣ ਵਾਲੀ ਨਹਿਰ ਰਾਜਸਥਾਨ ਫੀਡਰ ਦੇ ਗੇਟ ਬੰਦ ਹਨ।

ਇਸ ਮੌਕੇ ਦਵਿੰਦਰ ਸਿੰਘ ਸੇਖੋਂ ਜਨਰਲ ਸਕੱਤਰ ਮਿਸਲ ਸਤਲੁਜ ਨੇ ਕਿਹਾ ਅਗਰ ਰਾਜਸਥਾਨ ਨਹਿਰ ਪੂਰੀ ਸਮਰੱਥਾ ਤੇ ਚਾਲੂ ਰੱਖੀ ਜਾਂਦੀ ਤਾਂ ਫਿਰੋਜ਼ਪੁਰ ਦੇ ਇਹਨਾਂ ਇਲਾਕਿਆਂ ਦਾ ਬਚਾਓ ਹੋ ਸਕਦਾ ਸੀ, ਸਰਕਾਰ ਵੱਲੋਂ ਗਾਰ (silt) ਦੇ ਬਹਾਨੇ ਨੂੰ ਰੱਦ ਕਰਦਿਆਂ ਉਹਨਾਂ ਨੇ ਵੱਡੀ ਸਾਜਿਸ਼ ਤੋਂ ਪਰਦਾ ਚੁੱਕਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜੁੰਮੇਵਾਰ ਠਹਿਰਾਉਂਦਿਆਂ ਦੱਸਿਆ ਕਿ ਅਸਲ ਵਿੱਚ ਰਾਜਸਥਾਨ ਫੀਡਰ ਵਿੱਚ ਪਾੜ ਪਾਕੇ ਘੱਗਰ ਦਾ ਪਾਣੀ ਮਸੀਤਾਂ ਵਾਲਾ ਹੈਡ ਨੇੜੇ ਪਿੰਡ ਬਨੀ ਵਿਖੇ ਰਾਜਸਥਾਨ ਨਹਿਰ ਵਿੱਚ ਪਾਇਆ ਜਾ ਰਿਹਾ ਜਿੱਥੇ ਮਿਸਲ ਸਤਲੁਜ ਦੀ ਟੀਮ ਪਿਛਲੇ ਦਿਨੀ ਸਾਰਾ ਮੁਆਇਨਾ ਕਰਕੇ ਆਈ ਹੈ। ੳਹਨਾਂ ਤਸਵੀਰਾਂ ਜਾਰੀ ਕਰਦਿਆਂ ਪੁੱਛਿਆ ਕਿ ਕੀ ਘੱਗਰ ਦੇ ਪਾਣੀ ਵਿੱਚ ਗਾਰ ਜਾਂ ਸਿਲਟ ਨਹੀਂ, ਜਦੋਂ ਪੰਜਾਬ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੀ ਲੋੜ ਹੁੰਦੀ ਉਦੋਂ ਰਾਜਸਥਾਨ ਕਨਾਲ ਨੱਕੋ ਨੱਕ ਵਗਦੀ ਤਾਂ ਕੀ ਹੜਾਂ ਵੇਲੇ ਪੰਜਾਬ ਸਿਰਫ ਡੋਬਣ ਨੂੰ ਰੱਖਿਆ। ਉਹਨਾਂ ਮੰਗ ਕੀਤੀ ਉੱਚ ਪੱਧਰੀ ਜਾਂਚ ਕਮੇਟੀ ਬਣੇ ਤੇ ਦੋਸ਼ੀ ਅਧਿਕਾਰੀਆਂ ਅਤੇ ਸੰਬੰਧਿਤ ਮੰਤਰੀ ਤੇ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਤੇ ਮਿਸਲ ਸਤਲੁਜ ਦੇ ਮੀਤ ਪ੍ਰਧਾਨ ਦਲੇਰ ਸਿੰਘ ਡੋਡ ਨੇ ਚਿਤਾਵਨੀ ਦਿੱਤੀ ਕਿ ਜੇ ਹੜ੍ਹਾਂ ਦਾ ਪਾਣੀ ਰਾਜਸਥਾਨ ਨਹੀਂ ਲੈਂਦਾ ਤਾਂ ਆਮ ਹਾਲਾਤਾਂ ਵਿੱਚ ਵੀ ਅਸੀਂ ਪਾਣੀ ਨਹੀਂ ਦੇਣ ਦੇਵਾਂਗੇ ।

ਇਸ ਮੌਕੇ ਤੇ ਮਿਸਲ ਸਤਲੁਜ ਤੋਂ ਖਜਾਨਚੀ ਅਮਰ ਸਿੰਘ ਝੋਕ, ਰਵਿੰਦਰ ਸਿੰਘ ਮਿਸ਼ਰੀਵਾਲਾ, ਮਨਦੀਪ ਸਿੰਘ, ਗੁਰਵਿੰਦਰ ਸਿੰਘ, ਸਤਨਾਮ ਸਿੰਘ, ਜੁਗਰਾਜ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,