ਚੋਣਵੀਆਂ ਲਿਖਤਾਂ » ਲੇਖ

ਸ੍ਰੀ ਨਗਰ ਵਿੱਚ ਤਿਰੰਗਾ ਲਹਿਰਾਉਣ ਦੇ ਨਾਂ ਹੇਠ ਹਿੰਦੂਤਵੀਆਂ ਦੀ ਸਿਆਸਤ

January 26, 2011 | By

ਭਾਰਤ ਵਿੱਚ ਇਸ ਵੇਲੇ ਹਿੰਦੂਤਵੀ ਅਤਿਵਾਦ ਤੇ ਦਹਿਸ਼ਤਗਰਦੀ ਦਾ ਪੂਰਾ ਬੋਲਬਾਲਾ ਹੈ। ਜੇ ਕਿਸੇ ਹੋਰ ਲੋਕਤੰਤਰੀ ਦੇਸ਼ ਵਿੱਚ, ਸਵਾਮੀ ਅਸੀਮਾਨੰਦ ਵਰਗੇ ਨੇ ‘ਦਹਿਸ਼ਤਗਰਦੀ’ ਵਿੱਚ ਸ਼ਮੂਲੀਅਤ ਸਬੰਧੀ ‘ਇਕਬਾਲ’ ਕੀਤਾ ਹੁੰਦਾ ਤਾਂ ਉਸ ਦੇਸ਼ ਦੀ ਸਰਕਾਰ ਵਲੋਂ, ਉਸ ਦਹਿਸ਼ਤਗਰਦ ਸੰਗਠਨ ਤੇ ‘ਪਾਬੰਦੀ’ ਲੱਗੀ ਹੁੰਦੀ ਅਤੇ ਬੈਂਕ ਖਾਤੇ ‘ਸੀਲ’ ਕੀਤੇ ਹੁੰਦੇ। ਕੀ ਇਹ ਹੈਰਾਨ ਕਰਨ ਵਾਲੀ ਗੱਲ ਨਹੀਂ ਕਿ ਜਿਉਂ ਹੀ ਅਸੀਮਾਨੰਦ ਨੇ, ਸਮਝੌਤਾ ਐਕਸਪ੍ਰੈਸ, ਮਾਲੇਗਾਓਂ, ਅਜਮੇਰ ਸ਼ਰੀਫ ਤੇ ਹੈਦਰਾਬਾਦ ਦੀ ਮੱਕਾ ਮਸਜਿਦ ਵਿਚਲੇ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਕਬੂਲੀ, ਹਿੰਦੂਤਵੀਆਂ ਨੇ ਸ਼ਰਮਸਾਰ ਹੋਣ ਦੀ ਥਾਂ ਹੋਰ ਜ਼ਹਿਰੀਲੀ ਸਿਆਸਤ ਕਰਨ ਨੂੰ ਆਪਣੇ ਬਚਾਅ ਦੇ ਹਥਿਆਰ ਵਜੋਂ ਅਪਣਾਇਆ। ਆਰ. ਐਸ. ਐਸ. ਦੇ ਸਿਆਸੀ ਵਿੰਗ ਬੀ. ਜੇ. ਪੀ. ਨੇ ਐਲਾਨ ਕਰ ਦਿੱਤਾ ਕਿ ਉਹ 26 ਜਨਵਰੀ, ਗਣਤੰਤਰ ਦਿਵਸ ਦੇ ਮੌਕੇ, ਸ੍ਰੀਨਗਰ ਦੇ ਲਾਲ ਚੌਂਕ ਵਿੱਚ ਤਿਰੰਗਾ ਲਹਿਰਾਉਣਗੇ। ਜਿਵੇਂ ਦੇਸ਼ ਦੇ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਏ ਨੇ ਇਸ ‘ਸ਼ਰਾਰਤ’ ਨੂੰ, ਪਿਛਲੇ ਕੁਝ ਦਿਨਾਂ ਤੋਂ ਆਪਣੀ ‘ਮੁੱਖ ਸਟੋਰੀ’ ਬਣਾਇਆ ਹੋਇਆ ਹੈ, ਇਹ ਸਾਬਤ ਕਰਦਾ ਹੈ ਕਿ ਕਿਵੇਂ ਸਮੁੱਚਾ ਮੀਡੀਆ ਹਿੰਦੂਤਵੀਆਂ ਦੇ ਕੰਟਰੋਲ ਹੇਠਾਂ ਹੈ।

ਛੇਕੜਲੀਆਂ ਖਬਰਾਂ ਅਨੁਸਾਰ, ਬੀ. ਜੇ. ਪੀ. ਦੇ ਪ੍ਰਮੁੱਖ ਆਗੂਆਂ ਸ਼ੁਸ਼ਮਾ ਸਵਰਾਜ, ਅਰੁਣ ਜੇਤਲੀ ਸਮੇਤ ਬੀ. ਜੇ. ਪੀ. ਦੇ ਸੈਂਕੜਿਆਂ ਵਰਕਰਾਂ ਨੂੰ ਪੰਜਾਬ-ਜੰਮੂ ਕਸ਼ਮੀਰ ਸਰਹੱਦ ’ਤੇ ਦਫਾ 144 ਦੀ ਉ¦ਘਣਾ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸਤੋਂ ਪਹਿਲਾਂ ਭਾਜਪਾ ਯੁਵਾ ਮੋਰਚਾ ਨਾਲ ਸਬੰਧਿਤ ਅਨੁਰਾਗ ਠਾਕੁਰ ਨੇ ਏਕਤਾ ਮਾਰਚ ਦੇ ਨਾਂ ਹੇਠਾਂ ‘ਜ਼ਹਿਰ ਵੰਡ ਯਾਤਰਾ’ ਕੀਤੀ ਅਤੇ ਹੁਣ ਉਹ ਵੀ ਉਪਰੋਕਤ ਬੀ. ਜੇ. ਪੀ. ਗਰੁੱਪ ਨਾਲ ਆ ਰਲਿਆ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਧਾਈ ਦਾ ਪਾਤਰ ਹੈ ਕਿ ਉਨ੍ਹਾਂ ਨੇ ਇਸ ਅਖੌਤੀ ਏਕਤਾ ਯਾਤਰਾ ਦੇ ਰੱਥ ਨੂੰ, ਪੰਜਾਬ ਵਿੱਚ ਦੋ-ਤਿੰਨ ਥਾਵਾਂ ’ਤੇ ਸਫਲਤਾ ਨਾਲ ਰੋਕ ਕੇ, ਇਹ ਸੁਨੇਹਾ ਦਿੱਤਾ ਕਿ ਪੰਜਾਬ ਵਿੱਚ ਅਜੇ ਜਾਗਦੀਆਂ ਜ਼ਮੀਰਾਂ ਵਾਲੀ ਸਿੱਖ ਕੌਮ ਵਸਦੀ ਹੈ। ਬਾਦਲ-ਲਾਣਾ ਕਿਸੇ ਬੇਹਯਾਈ ਤੇ ਬੇਸ਼ਰਮੀਂ ਨਾਲ ਹਿੰਦੂਤਵੀ ਰੱਥ ’ਤੇ ਸਵਾਰ ਹੈ, ਇਸ ਦਾ ਸਬੂਤ ਸੁਖਬੀਰ ਬਾਦਲ ਵਲੋਂ ਦਿੱਤਾ ਗਿਆ ਉਹ ਬਿਆਨ ਹੈ, ਜਿਸ ਵਿੱਚ ਉਸ ਨੇ ਬੀ. ਜੇ. ਪੀ. ਵਲੋਂ ਲਾਲ ਚੌਂਕ, ਸ੍ਰੀਨਗਰ ਵਿੱਚ ਤਿਰੰਗਾ ਲਹਿਰਾਉਣ ਦੇ ਪ੍ਰੋਗਰਾਮ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ। ਇਹੋ ਜਿਹੇ ਬਿਆਨ ਦਿੰਦਿਆਂ, ਬਾਦਲਾਂ ਨੂੰ ਕਸ਼ਮੀਰ ਘਾਟੀ ਵਿੱਚ ਵਸਦੇ ਸਿੱਖ ਵੀ ਭੁੱਲ ਜਾਂਦੇ ਹਨ, ਜਿਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ, ਪਿੱਛੇ ਜਿਹੇ ਹਰਸਿਮਰਤ ਬਾਦਲ ਨੇ, ਬਾਕੀ ਅਕਾਲੀ ਐਮ. ਪੀਆਂ ਨਾਲ ਪੂਰਾ ‘ਸਰਕਸ ਸ਼ੋਅ’ ਕੀਤਾ ਸੀ। ਅਕਾਲੀਆਂ ਦੀ ਇਹ ਪਹੁੰਚ, ਕੀ ਕਸ਼ਮੀਰ ਦੇ ਸਿੱਖਾਂ ਨੂੰ ‘ਬਲਦੀ ਭੱਠੀ’ ਵਿੱਚ ਸੁੱਟਣ ਵਾਂਗ ਨਹੀਂ ਹੈ?

ਹਿੰਦੂਤਵੀਆਂ ਨੇ ਵੀ ‘ਪੱਗਾਂ ਵਾਲੇ ਸਿੱਖਾਂ’ ਦੀਆਂ ਸੇਵਾਵਾਂ ਦਾ ਪੂਰਾ ਲਾਹਾ ਲੈਣਾ ਸ਼ੁਰੂ ਕੀਤਾ ਹੋਇਆ ਹੈ। ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਨ ਕਿ ਹਰ ਵਫਦ, ਪ੍ਰੋਟੈਸਟ, ਪੂਜਾ, ਜਗਰਾਤਾ, ਮੰਦਰ ਆਦਿ ਦੇ ਸਮਾਗਮ ਵਿੱਚ, ਕੁਝ ਪੱਗਾਂ ਵਾਲੇ ਮੋਹਰਲੀਆਂ ਸਫਾਂ ਵਿੱਚ ਜ਼ਰੂਰ ਹੋਣ। ਪਟਿਆਲੇ ਦੇ ਇੱਕ ਕਤਲ ਕਾਂਡ ਵਿੱਚ ਸ਼ਾਮਲ, ਮਸਖਰੇ ਨਵਜੋਤ ਸਿੱਧੂ ਨੂੰ, ਅੰਮ੍ਰਿਤਸਰ ਤੋਂ ਐਮ. ਪੀ. ਬਣਵਾ ਕੇ, ਬੀ. ਜੇ. ਪੀ. ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਕੀਤੇ ਹਨ। ਬਹੁਤ ਸਾਰੇ ਇਨ੍ਹਾਂ ਹਿੰਦੂਤਵੀ ਸਮਾਗਮਾਂ ’ਤੇ ਇਹ ਮਸਖਰਾ ਸਭ ਤੋਂ ‘ਮੂਹਰੇ’ ਹੁੰਦਾ ਹੈ। ਅਨੁਰਾਗ ਠਾਕੁਰ ਦੇ ਰੱਥ ’ਤੇ ਵੀ ਨਵਜੋਤ ਸਿੱਧੂ, ਕੁਝ ਜ਼ਮੀਰਫਰੋਸ਼ ਪੱਗੜੀਧਾਰੀਆਂ ਸਮੇਤ ਚੜ੍ਹਿਆ ਹੋਇਆ ਸੀ। ਸਿੱਖ ਧਰਮ, ਸਿੱਖ ਮਾਨਤਾਵਾਂ ਤੇ ਸਿੱਖ ਪ੍ਰੰਪਰਾਵਾਂ ਨੂੰ ਮਜ਼ਾਕ ਬਣਾਉਣ ਵਾਲੇ ਇਨ੍ਹਾਂ ‘ਗਿਰਗਿਟਾਂ’ ਦਾ, ਪੰਥ ਕਦੋਂ ਨੋਟਿਸ ਲਵੇਗਾ?

ਕੁਝ ਸਮਾਂ ਪਹਿਲਾਂ, ਜਦੋਂ ਇੱਕ ਖੱਬੇਪੱਖੀਆਂ ਦੀ ਜਥੇਬੰਦੀ ਦੇ ਸੱਦੇ ’ਤੇ ਕਸ਼ਮੀਰ ਦੀ ਹੁਰੀਅਤ ਕਾਨਫਰੰਸ ਜਥੇਬੰਦੀ ਦੇ ਆਗੂ ਮੀਰਵਾਇਜ਼ ਉਮਰ ਫਾਰੂਖ, ਚੰਡਗੀੜ੍ਹ ਵਿੱਚ ਇੱਕ ਸੈਮਨਾਰ ਵਿੱਚ ਹਿੱਸਾ ਲੈਣ ਆਏ ਤਾਂ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਨ੍ਹਾਂ ਕਾਰਕੁੰਨਾਂ ਨੇ ਮੀਰਵਾਇਜ਼ ’ਤੇ ਹਮਲਾ ਕੀਤਾ ਉਨ੍ਹਾਂ ਵਿੱਚ ਵੀ ਕੁਝ ਪੱਗੜੀਧਾਰੀ ਤੇ ਕ੍ਰਿਪਾਨਧਾਰੀ ਸ਼ਾਮਲ ਸਨ। 6 ਦਸਬੰਰ, 1992 ਨੂੰ ਬਾਬਰੀ ਮਸੀਤ ਢਾਹੁਣ ਵਾਲੇ ਹਿੰਦੂਤਵੀਆਂ ਵਿੱਚ, ਦਿੱਲੀ ਵਿਚਲੇ ਬਾਦਲ ਅਕਾਲੀ ਦਲ ਦੇ ਕਰਤਾ-ਧਰਤਾ ਅਵਤਾਰ ਸਿੰਘ ਹਿਤ ਵੀ ਇੱਕ ਵੱਡੇ ‘ਪੱਗੜੀਧਾਰੀ ਜਥੇ’ ਸਮੇਤ ਸ਼ਾਮਲ ਸਨ।

ਹਿੰਦੂਤਵੀ ਦਹਿਸ਼ਤਗਰਦ ਇਸ ਵੇਲੇ ਪੂਰੀ ਗੁੰਡਾਗਰਦੀ ’ਤੇ ਉਤਰੇ ਹੋਏ ਹਨ। ਜਿਸ ਤਰ੍ਹਾਂ ਇਨ੍ਹਾਂ ਨੇ ਸੱਚ ਦੀ ਆਵਾਜ਼ ਬੁ¦ਦ ਕਰਨ ਵਾਲੀ, ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਲੇਖਿਕਾ ਅਰੁੰਧਤੀ ਰਾਏ ਦੇ ਘਰ ’ਤੇ ਦਿੱਲੀ ਵਿੱਚ ਹਮਲਾ ਕਰਕੇ, ਤੋੜ ਫੋੜ ਕੀਤੀ, ਦਿੱਲੀ ਵਿੱਚ ਕਸ਼ਮੀਰ ਦੀ ਆਜ਼ਾਦੀ ਸਬੰਧੀ ਸੈਮੀਨਾਰ ਵਿੱਚ ਸ਼ਾਮਲ ਕਸ਼ਮੀਰੀ ਨੇਤਾ ਸਯੀਅਦ ਅਲੀ ਸ਼ਾਹ ਗਿਲਾਨੀ ਅਤੇ ਅਰੁੰਧਤੀ ਰਾਏ ਦੇ ਖਿਲਾਫ ਕੇਸ ਰਜਿਸਟਰ ਕਰਵਾਇਆ, ਸਮਝੌਤਾ ਐਕਸਪ੍ਰੈਸ, ਮਾਲੇਗਾਓਂ, ਅਜਮੇਰ ਸ਼ਰੀਫ ਅਤੇ ਮੱਕਾ ਮਸਜਿਦ (ਹੈਦਰਾਬਾਦ) ਵਿੱਚ ਬੰਬ ਧਮਾਕੇ ਕਰਵਾਏ ਅਤੇ ਇਨ੍ਹਾਂ ਧਮਾਕਿਆਂ ਦੀ ਸਾਜ਼ਿਸ਼ ਵਿੱਚ ਸ਼ਾਮਲ, ਆਪਣੇ ਕਾਰਕੁੰਨ ਸੁਨੀਲ ਕੁਮਾਰ ਦਾ ਕਤਲ ਕਰਵਾਇਆ (ਤਾਂਕਿ ਉਹ ਅੰਦਰੂਨੀ ਭੇਦ ਨਾ ਉਗਲ ਦੇਵੇ) – ਇਹ ਸਭ ਘਟਨਾਵਾਂ, 1930ਵਿਆਂ ਵਿੱਚ ਜਰਮਨੀ ਵਿਚਲੀ ਹਿਟਲਰ ਦੀ ਨਾਜ਼ੀ-ਪਾਰਟੀ ਦੀ ਕਾਰਗੁਜ਼ਾਰੀ ਦਾ ਦੋਹਰਾਅ ਹੀ ਹੈ। ਭਾਰਤੀ ਪਾਰਲੀਮੈਂਟ ਦੇ ਪਿਛਲੇ ਸੈਸ਼ਨ ਨੂੰ, ਜਿਵੇਂ ਬੀ. ਜੇ. ਪੀ. ਨੇ ਜੀ-2 ਸਕੈਂਡਲ ਦੀ ਆੜ ਵਿੱਚ ਚੱਲਣ ਨਹੀਂ ਦਿੱਤਾ, ਇਸ ਨੂੰ ਵੀ ‘ਪਾਰਲੀਮਾਨੀ ਗੁੰਡਾਗਰਦੀ’ ਦੀ ਸੰਗਿਆ ਦਿੱਤੀ ਜਾ ਸਕਦੀ ਹੈ।

ਸ੍ਰੀਨਗਰ ਵਿੱਚ ਤਿਰੰਗਾ ਲਹਿਰਾਉਣ ਦਾ ਮਕਸਦ, ਫਿਰਕੂ ਤਨਾਅ ਪੈਦਾ ਕਰਨਾ ਹੈ, ਜਿਸ ਦੀ ਆੜ ਵਿੱਚ ਹਿੰਦੂਤਵੀ, ਭਾਰਤ ਭਰ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰਨਗੇ ਅਤੇ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੀ ਖੇਡ ਮੁੜ ਦੋਹਰਾਈ ਜਾਵੇਗੀ। ‘ਅਖੰਡ ਭਾਰਤ’ ਦੇ ਇਨ੍ਹਾਂ ਮੁਦੱਈਆਂ ਨੇ ਨਾ ਕਦੀ ਪਾਕਿਸਤਾਨ ਨੂੰ ਮਨੋਂ ਮਨਜ਼ੂਰ ਕੀਤਾ ਹੈ ਅਤੇ ਨਾ ਹੀ ਇਹ ਭਾਰਤ ਵਿਚਲੇ ਮੁਸਲਮਾਨਾਂ ਅਤੇ ਇਸਾਈਆਂ ਦੀ ਅੱਡਰੀ ਹੋਂਦ ਨੂੰ ਬਰਦਾਸ਼ਤ ਕਰਦੇ ਹਨ। ਸਿੱਖਾਂ, ਬੋਧੀਆਂ, ਜੈਨੀਆਂ ਨੂੰ ਤਾਂ ਇਹ ਆਪਣੇ ਸੰਵਿਧਾਨ ਵਿੱਚ ‘ਹਿੰਦੂ ਸਮਾਜ ਦਾ ਅੰਗ’ ਦੱਸਦਿਆਂ, ਉਨ੍ਹਾਂ ਨੂੰ ਘੱਟਗਿਣਤੀ ਕੌਮ ਕਬੂਲਣ ਤੋਂ ਹੀ ਇਨਕਾਰੀ ਹਨ। ਜੰਮੂ-ਕਸ਼ਮੀਰ ਸਬੰਧੀ, ਬੀ. ਜੇ. ਪੀ. ਦਾ ਮੈਨੀਫੈਸਟੋ ਹੈ ਕਿ ਜੰਮੂ-ਕਸ਼ਮੀਰ ਵਿੱਚੋਂ ਧਾਰਾ-370 ਖਤਮ ਕੀਤੀ ਜਾਵੇ ਤਾਂਕਿ ਉਥੇ ਹੋਰ ਥਾਵਾਂ ਤੋਂ ਹਿੰਦੂ ਵਸੋਂ ਆ ਸਕੇ ਤੇ ਇਸ ਤਰ੍ਹਾਂ ਕਸਮੀਰ ਵਿੱਚ ਮੁਸਲਮਾਨ ਘੱਟਗਿਣਤੀ ਹੋ ਜਾਣ ਅਤੇ ਕਸ਼ਮੀਰੀ ਅਜ਼ਾਦੀ ਦਾ ਰੇੜਕਾ ਹੀ ਮੁੱਕ ਜਾਵੇ।

ਅਸੀਂ ਸਮਝਦੇ ਹਾਂ ਕਿ ਬੀ. ਜੇ. ਪੀ. ਦੀ ਸ੍ਰੀਨਗਰ ਵਿੱਚ ਤਿਰੰਗਾ ਸਿਆਸਤ ਸਬੰਧੀ ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਸਰਕਾਰ ਨੇ ਠੀਕ ਸਟੈਂਡ ਲਿਆ ਹੈ। ਕਸ਼ਮੀਰ ਵਿਚਲੇ ਅਜ਼ਾਦੀ-ਪਸੰਦਾਂ ਨੇ ਵੀ ਅਜੇ ਤੱਕ ਬਿਨਾਂ ਕਿਸੇ ਭੜਕਾਹਟ ਤੋਂ ਕੰਮ ਲੈਂਦਿਆਂ, ਚੁੱਪ ਰਹਿਣ ਨੂੰ ਹੀ ਤਰਜੀਹ ਦਿੱਤੀ ਹੈ ਅਤੇ ਸਥਿਤੀ ’ਤੇ ਪੂਰੀ ਪੈਨੀ ਅੱਖ ਰੱਖੀ ਹੋਈ ਹੈ। ਅਸੀਂ ਸਮਝਦੇ ਹਾਂ ਕਿ ਉਨ੍ਹਾਂ ਵਲੋਂ ਕੋਈ ਵੀ ਹਿੰਸਕ ਪ੍ਰਤੀਕ੍ਰਿਆ, ਹਿੰਦੂਤਵੀਆਂ ਦੀ ਭਖਦੀ ਅੱਗ ਵਿੱਚ ਤੇਲ ਪਾਉਣਾ ਸਾਬਤ ਹੋਵੇਗੀ। ਅਜੇ ਤੱਕ ਕਸ਼ਮੀਰੀਆਂ ਨੇ ਬੜੀ ਪ੍ਰੋੜ ਤੇ ਸਿਆਣੀ ਪਹੁੰਚ ਅਪਣਾਈ ਹੋਈ ਹੈ।

ਹਿੰਦੂਤਵੀਆਂ ’ਚ ਜੇ ਸਚਮੁੱਚ ਇੰਨਾ ਹੀ ਭਾਰਤ ਮਾਤਾ ਦਾ ਪ੍ਰੇਮ ਜਾਗਿਆ ਹੋਇਆ ਹੈ ਤਾਂ ਚੰਗਾ ਹੋਵੇ ਕਿ ਉਹ ਤਿਰੰਗਾ, ਭਾਰਤ ਦੇ ਚੀਨ ਦੇ ਕਬਜ਼ੇ ਹੇਠਲੇ ਇਲਾਕੇ ਵਿੱਚ ਜਾ ਕੇ ਲਹਿਰਾਉਣ। ਚੀਨੀਆਂ ਦੇ ਪੈਰਾਂ ਹੇਠਾਂ, ਪਿਛਲੇ 49 ਸਾਲਾਂ (1962 ਦੀ ਚੀਨ-ਭਾਰਤ ਲੜਾਈ ਦੇ ਦੌਰਾਨ, ਚੀਨ ਨੇ ਭਾਰਤ ਦਾ 40 ਹਜ਼ਾਰ ਵਰਗ ਮੀਲ ਤੋਂ ਜ਼ਿਆਦਾ ਇਲਾਕੇ ’ਤੇ ਕਬਜ਼ਾ ਕਰ ਲਿਆ ਸੀ, ਜਿਸ ਨੂੰ ‘ਮੁਕਤ’ ਕਰਵਾਉਣ ਲਈ ਭਾਰਤੀ ਪਾਰਲੀਮੈਂਟ ਨੇ ਮਤਾ ਪਾਸ ਕੀਤਾ ਹੋਇਆ ਹੈ) ਤੋਂ ਦਰੜੀ ਜਾ ਰਹੀ ਭਾਰਤ ਮਾਤਾ ਦੀ ਆਬਰੂ ਦਾ ਖਿਆਲ, ਜੇ ‘ਹਿੰਦੂਤਵੀ ਪੁੱਤਰ’ ਨਹੀਂ ਕਰਨਗੇ ਤਾਂ ਕੌਣ ਕਰੇਗਾ? ਕੀ ਹਿੰਦੂਤਵੀ ‘ਭਾਰਤ ਮਾਤਾ’ ਦੇ ਸਪੁੱਤਰ ਨਹੀਂ ਬਣਨਾ ਚਾਹੁੰਣਗੇ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,