ਸਿੱਖ ਖਬਰਾਂ

ਅਮਰੀਕੀਆਂ ਦੀ ਸਿੱਖ ਧਰਮ ਬਾਰੇ ਸਮਝ ਸਿੱਖਾਂ ‘ਚ ਚਿੰਤਾਂ ਦਾ ਵਿਸ਼ਾ ਬਣੀ

January 31, 2015 | By

ਅੰਮ੍ਰਿਤਸਰ (30 ਜਨਵਰੀ, 2015): ਅਮਰੀਕਾ ਵਿੱਚ ਨੈਸ਼ਨਲ ਸਿੱਖ ਕੰਪੇਨ ਵਲੋਂ ਅਮਰੀਕਾ ਵਿਚ ਕਰਵਾਏ ਗਏ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਮੂਲ ਵਾਸੀਆਂ ਨੂੰ ਸਿੱਖਾਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ ਜਦੋਂਕਿ ਸਿੱਖ ਭਾਈਚਾਰਾ ਇਸ ਮੁਲਕ ਵਿਚ ਲਗਪਗ ਇਕ ਸਦੀ ਤੋਂ ਵੱਸਿਆ ਹੋਇਆ ਹੈ ਅਤੇ ਇਸ ਵੇਲੇ ਸਿੱਖ ਕਈ ਅਹਿਮ ਸਰਕਾਰੀ ਅਹੁਦਿਆਂ ’ਤੇ ਵੀ ਹਨ ਤੇ ਕਈ ਧਨਾਢ ਸਿੱਖ ਸ਼ਖਸੀਅਤਾਂ ਵੀ ਉਥੇ ਵਸਦੀਆਂ ਹਨ।

ਅਮਰੀਕਾ ਵਿੱਚ ਨੈਸ਼ਨਲ ਸਿੱਖ ਕੰਪੇਨ ਵੱਲੋਂ ਕਰਵਾਏ ਗਏ ਸਰਵੇਖਣ ਦੀ ਰਿਪੋਰਟ ਤੋਂ ਬਾਅਦ ਸਮੁੱਚਾ ਸਿੱਖ ਭਾਈਚਾਰਾ ਚਿੰਤਾ ਵਿੱਚ ਹੈ ਕਿ ਵਿਦੇਸ਼ਾਂ ਵਿੱਚ ਸਿੱਖ ਪਛਾਣ ਨੂੰ ਮਕਬੂਲ ਕਰਨ ਲਈ ਵਧੇਰੇ ਯਤਨ ਹੋਣੇ ਚਾਹੀਦੇ ਹਨ।

Sikhism-in-the-United-States

ਨੈਸ਼ਨਲ ਸਿੱਖ ਕੰਪੇਨ

ਇਸ ਮਾਮਲੇ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਬੀਤੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਉਨ੍ਹਾਂ ਨੇ ਅਮਰੀਕਾ ਵਿਚਲੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਤੌਰ ’ਤੇ ਵੀ ਸਿੱਖ ਪਛਾਣ ਨੂੰ ਮਕਬੂਲ ਬਣਾਉਣ ਲਈ ਯਤਨਸ਼ੀਲ ਹੋਣ। ਇਸ ਵੇਲੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਲਗਪਗ ਸੌ ਗੁਰਦੁਆਰੇ ਹਨ, ਜਿਨ੍ਹਾਂ ਵਿਚੋਂ 70 ਤੋਂ ਵੱਧ ਗੁਰਦੁਆਰੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਹਨ।

ਏ.ਜੀ.ਪੀ.ਸੀ. ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਆਖਿਆ ਕਿ ਸਿੱਖ ਪਛਾਣ ਦੇ ਘੇਰੇ ਨੂੰ ਵਧਾਉਣ ਲਈ ਸਿੱਖ ਜਥੇਬੰਦੀਆਂ ਯਤਨਸ਼ੀਲ ਹਨ ਅਤੇ ਖਾਸ ਕਰਕੇ 9/11 ਦੇ ਹਮਲੇ ਤੋਂ ਬਾਅਦ ਇਸ ਵਿਸ਼ੇ ’ਤੇ ਵਧੇਰੇ ਕੰਮ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਹੌਲੀ ਹੌਲੀ ਵਧਾਉਣ ਦੇ ਯਤਨ ਜਾਰੀ ਹਨ।

ਇਸੇ ਦੌਰਾਨ ਨੈਸ਼ਨਲ ਸਿੱਖ ਕੰਪੇਨ ਦੇ ਆਗੂ ਰਾਜਵੰਤ ਸਿੰਘ ਨੇ ਆਖਿਆ ਕਿ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਸਰਵੇਖਣ ਦੀ ਰਿਪੋਰਟ ਨੇ ਸਮੁੱਚੇ ਸਿੱਖ ਭਾਈਚਾਰੇ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪਰ ਇਹ ਸਥਿਤੀ ਸੁਚੇਤ ਕਰਨ ਵਾਲੀ ਵੀ ਹੈ, ਜਿਸ ਲਈ ਸਿੱਖ ਜਥੇਬੰਦੀਆਂ ਹੋਰ ਵਧੇਰੇ ਯਤਨਸ਼ੀਲ ਹੋਣਗੀਆਂ।

ਇਸ ਸਬੰਧੀ ਗੱਲ ਕਰਦਿਆਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਮੁੱਦੇ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਦੇ ਵੱਖ ਵੱਖ ਸੂਬਿਆਂ ਵਿਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਬਾਰੇ ਸੈਮੀਨਾਰ ਕਰਾਏ ਜਾਣੇ ਚਾਹੀਦੇ ਹਨ, ਜਿਸ ਵਿਚ ਅਮਰੀਕਾ ਵਾਸੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ।

ਇਸੇ ਤਰ੍ਹਾਂ ਵਿਸਾਖੀ, ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਨਗਰ ਕੀਰਤਨ ਸਜਾਏ ਜਾਣੇ ਚਾਹੀਦੇ ਹਨ ਅਤੇ ਗੁਰਪੁਰਬ ਮਨਾਏ ਜਾਣੇ ਚਾਹੀਦੇ ਹਨ। ਇਸ ਸਬੰਧ ਵਿੱਚ ਅਮਰੀਕਾ ਵਿਚਲੇ ਇਲੈਕਟੌ੍ਰਨਿਕ ਅਤੇ ਪ੍ਰਿੰਟ ਮੀਡੀਆ ਦੀ ਵੀ ਮਦਦ ਲੈਣੀ ਚਾਹੀਦੀ ਹੈ। ਅਜਿਹੇ ਮੌਕੇ ਸਿੱਖ ਧਰਮ ਸਬੰਧੀ ਵਿਸ਼ੇਸ਼ ਲੇਖ ਅਤੇ ਪ੍ਰੋਗਰਾਮਾਂ ਦਾ ਪ੍ਰਸਾਰਨ ਹੋਵੇ।

ਇਸ ਤੋਂ ਇਲਾਵਾ ਮੀਡੀਆ ਵਿਚ ਸਿੱਖ ਧਰਮ ਬਾਰੇ ਇਸ਼ਤਿਹਾਰ ਵੀ ਦਿੱਤੇ ਜਾਣ ਤਾਂ ਜੋ ਉਥੋਂ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਵਿਸ਼ਵ ਧਰਮ ਸੰਮੇਲਨ ਵਰਗੇ ਸਮਾਗਮ ਕਰਾਏ ਜਾਣੇ ਚਾਹੀਦੇ ਹਨ, ਜਿਸ ਵਿਚ ਅਮਰੀਕਾ ਵਿਚਲੀਆਂ ਧਾਰਮਿਕ ਜਮਾਤਾਂ ਅਤੇ ਵਿਦਵਾਨ ਸ਼ਖਸੀਅਤਾਂ ਨੂੰ ਸੱਦਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਰਿਪੋਰਟ ਮੁਤਾਬਕ ਜਿਨ੍ਹਾਂ ਇਲਾਕਿਆਂ ਵਿਚ ਸਿੱਖ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ, ਨੂੰ ਵਧੇਰੇ ਪ੍ਰਚਾਰ ਵਾਸਤੇ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,