ਲੇਖ

ਸਿੱਖ ਸਿਆਸਤ ਤੇ ਵੋਟ ਰਾਜਨੀਤੀ

January 28, 2012 | By

– ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਕਈ ਵਾਰ ਅਸੀਂ ਸਿੱਖ ਸਿਆਸਤ ਤੇ ਵੋਟ ਰਾਜਨੀਤੀ ਨੂੰ ਇੱਕ ਨਜਰ ਨਾਲ ਹੀ ਦੇਖ-ਸਮਝ ਲੈਂਦੇ ਹਾਂ ਪਰ ਅਸਲ ਵਿਚ ਇਸ ਵਿਚ ਢੇਰ ਸਾਰਾ ਫਰਕ ਹੈ। ਪੰਜਾਬ ਵਿਚ ਅਗਸਤ 2011 ਤੋਂ ਹੁਣ ਤੱਕ ਵੋਟਾਂ ਦਾ ਪੂਰਾ ਮਾਹੌਲ ਗਰਮ ਹੈ; ਪਹਿਲਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਹੁਣ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ। ਇਹਨਾਂ ਦੋਹਾਂ ਚੋਣਾਂ ਵਿਚ ਵੋਟ ਦੀ ਰਾਜਨੀਤੀ ਹਮੇਸ਼ਾ ਭਾਰੂ ਰਹਿੰਦੀ ਹੈ ਜਦ ਕਿ ਘੱਟੋ-ਘੱਟ ਸ਼੍ਰੋਮਣੀ ਕਮੇਟੀ ਚੋਣਾਂ ਸਿੱਖ ਸਿਆਸਤ ਦੇ ਸਿਧਾਂਤ ਅਧੀਨ ਹੋਣੀਆਂ ਚਾਹੀਦੀਆਂ ਹਨ।

ਆਓ! ਪਹਿਲਾਂ ਸਿੱਖ ਸਿਆਸਤ ਤੇ ਵੋਟ ਦੀ ਰਾਜਨੀਤੀ ਵਿਚਲੇ ਫਰਕਾਂ ਨੂੰ ਸਮਝਣ ਦਾ ਯਤਨ ਕਰੀਏ।

ਸਿੱਖ ਸਿਆਸਤ ਦਾ ਮੂਲ ਆਧਾਰ ਅਕਾਲ ਪੁਰਖ ਦੀ ਅਕਾਲੀ ਸੱਤਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬੱਤ ਦੇ ਭਲੇ ਦਾ ਸਿਧਾਂਤ ਹੈ। ਇਸ ਸਿਧਾਂਤ ਨੂੰ ਕਿਸੇ ਭੁਗੋਲਿਕ ਹੱਦ, ਧਰਮ, ਜਾਤ, ਨਸਲ, ਲਿੰਗ ਆਦਿ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ।ਸਭ ਦੁਨੀਆਂ ਦੇ ਲੋਕ, ਜੀਵ-ਜੰਤੂ, ਹਵਾ, ਪਾਣੀ, ਮਿੱਟੀ ਇਸ ਵਿਚ ਸ਼ਾਮਲ ਹਨ।ਭਾਵੇਂ ਕਿ ਸਿੱਖ ਦੁਨੀਆਂ ਦੇ ਕਿਸੇ ਵੀ ਭੁਗੋਲਕ ਖਿੱਤੇ ਜਾਂ ਸਿਆਸੀ ਇਕਾਈ ਵਿਚ ਵਸਦਾ ਹੋਵੇ ਉਸਦਾ ਪਹਿਲਾਂ ਮੁੱਢਲਾ ਫਰਜ਼ ਆਪਣੇ ਹਿੱਤਾਂ ਨਾਲੋਂ ਸਾਂਝੇ ਹਿੱਤਾਂ ਨੂੰ ਪਹਿਲ ਦੇਣਾ ਹੈ। “ਕਿਰਤ ਕਰੋ-ਨਾਮ ਜਪੋ-ਵੰਡ ਛਕੋ” ਦੇ ਬ੍ਰਹਿਮੰਡੀ ਸਿਧਾਂਤ ਪ੍ਰਤੀ ਹਮੇਸ਼ਾ ਆਪ ਸੁਚੇਤ ਰਹਿਣਾ ਹੈ ਤੇ ਹੋਰਨਾਂ ਨੂੰ ਕਰਨਾ ਹੈ।ਸਿੱਖ ਸਿਆਸਤ ਵਿਚ ਗੁਣਾਂ ਨੂੰ ਪਹਿਲ ਹੈ। ਸਿੱਖ ਸਿਆਸਤ ਦੇ ਝਲਕਾਰੇ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਦੇਖਣ ਨੂੰ ਮਿਲੇ ਸਨ। ਵੈਸੇ ਉਹ ਗੁਰਦੁਆਰਾ ਵੀ ਸਿੱਖ ਸਿਆਸਤ ਦੀ ਪਰਤੱਖ ਉਦਾਹਰਨ ਹੈ ਜਿਸ ਵਿਚ ਆਮ ਲੋਕਾਂ ਦੀ ਢਿੱਡ ਦੀ ਭੁੱਖ ਮਿਟਾਉਂਣ ਲਈ ਲੰਗਰ, ਬਿਮਾਰ ਲਈ ਦਵਾਈ, ਪੀੜਤ ਲਈ ਇਨਸਾਫ ਤੇ ਮਨੁੱਖ ਹੋਣ ਦਾ ਫਰਜ਼ ਅਦਾ ਕਰਨ ਲਈ ਪਰਮਾਤਮਾ ਦੀ ਸਿਫਤ-ਸਲਾਹ ਪਰਾਪਤ ਹੁੰਦੀ ਹੈ।

ਵੋਟ ਦੀ ਰਾਜਨੀਤੀ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਇਸ ਵਿਚ ਅਕਲ, ਸੂਝ, ਵਿਚਾਰ ਤੇ ਗੁਣਾਂ ਨੂੰ ਇਕ ਪਾਸੇ ਰੱਖ ਕੇ ਗਿਣਤੀ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਸ ਕੋਲ ਜਿਆਦਾ ਗਿਣਤੀ ਹੈ ਉਸਦਾ ਰਾਜ ਹੈ ਅਤੇ ਉਹ ਹੀ ਉੱਤਮ ਹੈ।

ਅਸਲ ਵਿਚ ਵੋਟ ਦੀ ਰਾਜਨੀਤੀ ਉਸ ਥਾਂ ਉੱਤੇ ਹੀ ਕਾਮਯਾਬ ਹੈ ਜਿੱਥੇ ਇਕ ਮੂਲ ਨਾਲ ਜੁੜੇ ਲੋਕ ਹੋਣ ਤੇ ਉਹਨਾਂ ਦਾ ਆਪਣੇ ਆਗੂ ਪ੍ਰਤੀ ਇਕਮਤ ਨਾ ਬਣੇ ਤਾਂ ਵੋਟਾਂ ਪਾ ਕੇ ਆਗੂ ਨੂੰ ਚੁਣ ਲਿਆ ਜਾਵੇ ਪਰ ਜਿੱਥੇ ਵੱਖ-ਵੱਖ ਵਿਚਾਰਾਂ, ਸੋਚਾਂ ਵਾਲੇ ਲੋਕ ਨੇ ਆਪਣਾ ਇਕ ਸਾਂਝਾ ਆਗੂ ਚੁਣਨਾ ਹੋਵੇ ਤਾਂ ਉੱਥੇ ਵੋਟ ਦੀ ਰਾਜਨੀਤੀ ਵਿਗਾੜ ਹੀ ਪੈਦਾ ਕਰਦੀ ਹੈ ਜਿਹਾ ਕਿ ਅੱਜ ਹੋ ਰਿਹਾ ਹੈ। ਉਦਾਹਰਨ ਵਜੋਂ ਜੇਕਰ ਸਿੱਖਾਂ (ਅਖੌਤੀ ਸਹਿਜਧਾਰੀ ਇਸ ਵਿਚ ਸ਼ਾਮਲ ਨਹੀਂ) ਨੇ ਸ਼ਰੋਮਣੀ ਕਮੇਟੀ ਦਾ ਪਰਬੰਧ ਵੋਟਾਂ ਰਾਹੀ ਹੀ ਚੁਣਨਾ ਹੈ ਤੇ ਚੁਣੇ ਲੋਕਾਂ ਨੇ ਕੇਵਲ ਧਰਮ-ਪਰਚਾਰ ਤੱਕ ਸੀਮਤ ਰਹਿ ਕੇ ਕਿਸੇ ਵੋਟ ਦੀ ਰਾਜਨੀਤੀ ਵਾਲੀ ਪਾਰਟੀ ਲਈ ਕੰਮ ਨਾ ਕਰਕੇ ਸਿੱਖ ਸਿਆਸਤ ਨੂੰ ਪਰਫੁੱਲਤ ਕਰਨ ਲਈ ਕੰਮ ਕਰਨਾ ਹੈ ਤਾਂ ਹੀ ਸਹੀ ਉਮੀਦਵਾਰਾਂ ਦੀ ਚੋਣ ਹੋ ਸਕੇਗੀ ਪਰ ਜੇਕਰ ਚੁਣਿਆਂ ਜਾਣ ਵਾਲਾ ਉਮੀਦਵਾਰ ਜਾਂ ਚੁਣਿਆਂ ਜਾ ਚੁੱਕਿਆ ਉਮੀਦਵਾਰ ਕਿਸੇ ਵੋਟ ਦੀ ਰਾਜਨੀਤੀ ਵਾਲੀ ਪਾਰਟੀ ਲਈ ਕੰਮ ਕਰਦਾ ਹੈ ਜਾਂ ਲੋਕ ਉਸ ਤੋਂ ਵੋਟ ਰਾਜਨੀਤੀ ਵਾਲੀ ਪਾਰਟੀ ਵਾਲੇ ਕੰਮ ਲੈਂਦੇ ਹਨ ਤਾਂ ਉਹ ਕਦੇ ਵੀ ਯੋਗ ਨਹੀਂ ਹੋਵੇਗਾ ਅਤੇ ਨਾ ਹੀ ਸਿੱਖ ਸਿਆਸਤ ਨੂੰ ਪਰਫੁੱਲਤ ਕਰੇਗਾ ਸਗੋਂ ਉਸਨੂੰ ਤਾਂ ਫਾਇਦਾ ਹੀ ਤਾਂ ਹੋਵੇਗਾ ਜੇਕਰ ਸਿੱਖ ਸਿਆਸਤ ਦੀ ਥਾਂ ਵੋਟ ਰਾਜਨੀਤੀ ਦੀ ਭਾਵਨਾ ਵਧੇ, ਅਜਿਹਾ ਹੀ ਅੱਜ ਹੋ ਰਿਹਾ ਹੈ।ਸ਼੍ਰੋਮਣੀ ਕਮੇਟੀ ਚੋਣਾਂ ਵਿਚ ਜਦੋਂ ਸਿੱਖ ਸਿਆਸਤ ਦੀ ਥਾਂ ਵੋਟ ਰਾਜਨੀਤੀ ਵਾਲੀ ਪਾਰਟੀ ਭਾਰੂ ਰਹੀ ਤਾਂ ਅੱਜ ਸ਼ਰੋਮਣੀ ਕਮੇਟੀ ਦੇ ਹਲਾਤ ਸਭ ਤੇ ਸਾਹਮਣੇ ਹਨ।ਪੰਥ ਦੀ ਦਸ਼ਾ ਸੁਧਾਰਨ ਲਈ ਘੱਟੋ-ਘੱਟ ਸਿੱਖ ਵੋਟਰਾਂ ਨੂੰ ਸਿੱਖ ਸਿਆਸਤ ਤੇ ਵੋਟ ਦੀ ਰਾਜਨੀਤੀ ਦੇ ਫਰਕ ਨੂੰ ਸਮਝਣਾ ਪਵੇਗਾ ਕਿ ਜਦੋਂ ਅਸੀਂ ਸ਼ਰੋਮਣੀ ਕਮੇਟੀ ਚੋਣਾਂ ਵਿਚ ਉਮੀਦਵਾਰ ਚੁਣਨਾ ਹੈ ਤਾਂ ਉਦੋਂ ਗੁਰੂ ਸਾਹਿਬਾਨ ਦੇ ਸਿਧਾਂਤ ਤੇ ਸ਼ਹੀਦਾਂ ਦੇ ਲਹੂ ਨੂੰ ਧਿਆਨ ਵਿਚ ਰੱਖਣਾ ਹੈ ਪਰ ਜਦੋ ਵੋਟ ਦੀ ਰਾਜਨੀਤੀ ਤਹਿਤ ਪੰਜਾਬ ਵਿਧਾਨ ਸਭਾ ਜਾਂ ਹੋਰ ਵੋਟਾਂ ਵਿਚ ਉਮੀਦਵਾਰ ਚੁਣਨਾ ਹੈ ਤਾਂ ਆਪਣੇ ਦੁਨਿਆਵੀ ਤੇ ਸਰਕਾਰੀ-ਦਰਬਾਰੀ ਕੰਮਾਂ ਵਿਚ ਸਾਥ ਦੇਣ ਵਾਲਿਆਂ ਦਾ ਧਿਆਨ ਕਰਨ ਹੈ।

ਇਹਨਾਂ ਦੋਹਾਂ ਚੋਣਾਂ ਦੀ ਭਾਵਨਾ ਵਿਚ ਤਾਂ ਵੱਡੇ ਫਰਕ ਹਨ ਪਰ ਇਹਨਾਂ ਦਾ ਪਰਬੰਧ ਲਗਭਗ ਇਕੋ ਜਿਹਾ ਹੈ।ਸ਼ਰੋਮਣੀ ਕਮੇਟੀ ਚੋਣਾਂ ਵਿਚ ਅਜਿਹੇ ਉਮੀਦਵਾਰ ਦੀ ਚੋਣ ਕਰਕੇ ਭੇਜਣਾ ਹੁੰਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਪ੍ਰਤੀ ਜਿੱਥੇ ਆਪ ਦ੍ਰਿੜ ਹੋਣ ਉੱਥੇ ਲੋਕਾਂ ਵਿਚ ਵੀ ਇਸ ਸਬੰਧੀ ਪਰਚਾਰ-ਪਰਸਾਰ ਕਰੇ। ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧ ਲਈ ਕੁਰਬਾਨੀਆਂ ਕਰਕੇ ਹੋਂਦ ਵਿਚ ਲਿਆਂਦੀ ਗਈ ਇਕ ਅਜਿਹੀ ਸੰਸਥਾ ਹੈ ਜਿਸਨੂੰ ਕਿ ਪੰਜਾਬ ਤੋਂ ਬਾਹਰ ਬਾਕੀ ਭਾਰਤ ਵਿਚ ਤੇ ਉਸ ਤੋਂ ਅੱਗੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੀ ਨੁੰਮਾਇੰਦਾ ਸੰਸਥਾ ਬਣਨਾ ਸੀ ਪਰ ਇਸ ਨੂੰ ਵੋਟ ਰਾਜਨੀਤੀ ਤਹਿਤ ਲਿਆਉਂਣ ਕਰਕੇ ਇਹ ਜਿੱਥੇ ਆਪਣੇ ਮੂਲ ਮਨੋਰਥਾਂ ਤੋਂ ਭੱਜ ਚੁੱਕੀ ਹੈ ਉੱਥੇ ਇਹ ਇਕ ਭ੍ਰਿਸ਼ਟ ਧੜ੍ਹੇ ਦੀ ਸੱਤਾ ਦੀ ਭੁੱਖ ਮਿਟਾਉਂਣ ਦਾ ਇਕ ਸੰਦ ਮਾਤਰ ਬਣ ਕੇ ਰਹਿ ਗਈ ਹੈ।

ਅਸਲ ਵਿਚ ਚਾਹੀਦਾ ਤਾਂ ਇਹ ਹੈ ਕਿ ਸਾਰੀਆਂ ਤਰ੍ਹਾਂ ਦੀਆਂ ਚੋਣਾਂ ਵਿਚ ਸਿੱਖ ਸਿਆਸਤ ਮੁਤਾਬਕ ਕੰਮ ਕੀਤਾ ਜਾਵੇ ਪਰ ਅਜਿਹਾ ਪਹਿਲੇ ਪੜਾਅ ਵਿਚ ਸੰਭਵ ਨਹੀਂ ਹੈ। ਪਹਿਲਾਂ ਸਾਨੂੰ ਗੁਰੂ-ਘਰਾਂ ਵਿਚੋਂ ਵੋਟ ਦੀ ਰਾਜਨੀਤੀ ਕੱਢ ਕੇ ਸਿੱਖ ਸਿਆਸਤ ਨੂੰ ਅਪਣਾਉਂਣਾ ਪਵੇਗਾ ਤਾਂ ਦੂਜੇ ਪੜਾਅ ਵਿਚ ਬਾਕੀ ਚੋਣਾਂ ਵਿਚ ਸਿੱਖ ਸਿਆਸਤ ਮੁਤਾਬਕ ਕੁੱਦਣਾ ਚਾਹੀਦਾ ਹੈ। ਇਸ ਸਭ ਕਾਸੇ ਲਈ ਲੰਬਾ ਸੰਘਰਸ਼, ਸਹਿਜ, ਨਿਮਰਤਾ, ਤਿਆਗ ਆਦਿ ਗੁਣ ਹੋਣੇ ਚਾਹੀਦੇ ਹਨ।

ਵਰਤਮਾਨ ਸਮੇਂ ਵਿਚ ਸਿੱਖ ਪੰਥ ਦੇ ਅਖੌਤੀ ਆਗੂਆਂ ਨੇ ਸਿੱਖ ਸਿਆਸਤ ਦੇ ਸਿਧਾਂਤਾਂ ਦਾ ਪੱਲਾ ਛੱਡ ਦਿੱਤਾ ਹੈ ਅਤੇ ਵੋਟ ਦੀ ਰਾਜਨੀਤੀ ਤਹਿ ਸਭ ਕੁਝ ਕੀਤਾ ਜਾ ਰਿਹਾ ਹੈ ਜਿਸ ਕਾਰਨ ਅੱਜ ਛੋਟੀਆਂ-ਛੋਟੀਆਂ ਸਮੱਸਿਆਵਾਂ ਵਿਕਰਾਲ ਰੂਪ ਧਾਰਕੇ ਸਾਡੇ ਸਾਹਮਣੇ ਖੜ੍ਹੀਆਂ ਹਨ। ਉਦਾਹਰਨ ਵਜੋਂ ਸਿਰਸੇ ਵਾਲੇ ਬਲਾਤਕਾਰੀ, ਕਾਤਲ ਤੇ ਅਪਰਾਧੀ ਸਾਧ ਦੇ ਪਿੱਛਲੱਗ ਮਾਨਸਿਕ ਰੋਗੀਆਂ ਦੀਆਂ ਵੋਟਾਂ ਪਰਾਪਤ ਕਰਨ ਲਈ ਹਾੜ੍ਹੇ ਕੱਢੇ ਜਾ ਰਹੇ ਹਨ ਪਰ ਚਾਹੀਦਾ ਤਾਂ ਇਹ ਸੀ ਕਿ ਜਿਸ ਦਿਨ ਉਸਨੇ ਦਸਮ ਪਾਤਸ਼ਾਹ ਦੀ ਬੇਅਦਬੀ ਕੀਤੀ ਸੀ ਤਾਂ ਉਸ ਨੂੰ ਫੜ੍ਹ ਕੇ ਜੇਲ੍ਹ ਵਿਚ ਸੁੱਟ ਕੇ ਢੰਡ ਦਿੱਤਾ ਹੁੰਦਾ ਪਰ ਅਜਿਹਾ ਨਹੀਂ ਹੋਇਆ ਤੇ ਇਹ ਸਭ ਕੁਝ ਪਹਿਲਾਂ ਨਰਕਧਾਰੀਆਂ, ਦਰਸ਼ਨ-ਦਾਸੀਆਂ ਤੇ ਹੁਣ ਭਨਿਆਰਾਂਵਾਲੇ, ਆਸ਼ੂਤੋਸ਼ ਵਰਗਿਆਂ ਅਨੇਕਾਂ ਦੰਭੀਆਂ ਸਬੰਧੀ ਹੋਇਆ।ਇਹਨਾਂ ਲੋਕਾਂ ਪਿੱਛੇ ਦੁਨੀਆਂ ਦੇ ਸਭ ਤੋਂ ਵੱਡੇ ਅਖੌਤੀ ਲੋਕਤੰਤਰ ਦੀਆਂ ਸਰਕਾਰਾਂ ਖੜ੍ਹੀਆਂ ਹਨ ਤਾਂ ਫਿਰ ਸਿੱਖਾਂ ਦੀ ਗਿਣਤੀ ਕਿੰਨੀ ਕੁ ਹੈ, ਬਸ 2 ਫੀਸਦੀ ਤੇ ਉਸ ਵਿਚੋਂ ਵੀ ਵੱਡੀ ਗਿਣਤੀ ਬਿਪਰਵਾਦੀਆਂ ਦੀ ਵੰਡ-ਨੀਤੀ ਤਹਿਤ ਅਗਿਆਨਤਾ ਵਸ ਆਪਣਿਆਂ ਦਾ ਹੀ ਨੁਕਸਾਨ ਕਰ ਰਹੇ ਹਨ। ਤਾਂ ਕੀ ਲੋੜ ਹੈ ਵੋਟ ਰਾਜਨੀਤੀ ਤਹਿਤ ਸਿੱਖਾਂ ਦੇ ਮਸਲੇ ਹੱਲ ਕਰਨ ਦੀ।ਜੇ ਸਿੱਖਾਂ ਨੂੰ ਤੰਗ-ਪਰੇਸ਼ਾਨ ਕਰਕੇ ਸਿੱਖ ਵਿਰੋਧੀਆਂ ਦੀਆਂ ਵੋਟਾਂ ਲਈਆਂ ਜਾ ਸਕਦੀਆਂ ਹਨ ਤਾਂ ਫਿਰ ਜਾਂ ਤਾਂ ਇਹ ਤੰਗੀਆਂ ਝੱਲੋ ਜਾਂ ਉਸ ਬਿਪਰਵਾਦੀ ਦੈਂਤ ਦਾ ਖਾਜਾ ਬਣ ਜਾਵੋ ਜੋ ਜੈਨੀਆਂ-ਬੋਧੀਆਂ ਨੂੰ ਪਹਿਲਾਂ ਨਿਗਲ ਚੁੱਕਾ ਹੈ।

ਸਿੱਖ ਕੀ ਕਰਨ ?:

ਗੁਰੂ ਦੇ ਪਿਆਰੇ ਸਿੱਖ ਪੰਥ ਦੀ ਅਧੋਗਿਤੀ ਦੇਖ ਕੇ ਅੱਜ ਡਾਢੇ ਦੁਖੀ ਹਨ ਕਿ ਕੀ ਕੀਤਾ ਜਾਵੇ, ਤਾਂ ਪਿਆਰਿਓ ਗੱਲ ਇਹ ਹੈ ਕਿ ਪਹਿਲਾਂ ਤਾਂ ਆਪਣਾ ਆਪਾ ਸਵਾਰੋ ਤੇ ਫਿਰ ਬੇਲੋੜੇ ਵਿਵਾਦਾਂ ਵਿਚ ਉਲਝਣ ਦੀ ਥਾਂ ਦੁਨੀਆਂ ਭਰ ਵਿਚ ਵਸਦੇ ਪੰਥ ਦੀ ਸ਼ਕਤੀ ਇਕ ਪਲੇਟਫਾਰਮ ‘ਤੇ ਲਿਆਓਣ ਲਈ ਜਥੇਬੰਦ ਹੋਵੋ, ਸੰਚਾਰ ਦੇ ਇਸ ਜੁੱਗ ਵਿਚ ਦੁਨੀਆਂ ਭਰ ਦੇ ਸਿੱਖਾਂ ਨੂੰ ਆਪਸੀ ਤਾਲਮੇਲ ਰੱਖਣਾ ਔਖਾ ਨਹੀਂ। ਮੈਂ ਸਮਝਦਾ ਹਾਂ ਕਿ ਸਿੱਖ ਦੁਨੀਆਂ ਵਿਚ ਤਿੰਨ ਤਰ੍ਹਾਂ ਦੀਆਂ ਸਥਿਤੀਆਂ ਵਿਚ ਰਹਿ ਰਹੇ ਹਨ। ਪੰਜਾਬ, ਪੰਜਾਬ ਤੋਂ ਇਲਾਵਾ ਬਾਕੀ ਭਾਰਤ ਤੇ ਭਾਰਤ ਤੋਂ ਬਾਹਰ ਵਿਦੇਸ਼ਾਂ ਵਿਚ। ਇਹਨਾਂ ਤਿੰਨਾਂ ਥਾਵਾਂ ਦੀਆਂ ਸਥਿਤੀਆਂ ਇਕ ਜਿਹੀਆਂ ਨਹੀਂ। ਪਹਿਲਾਂ ਗੱਲ ਪੰਜਾਬ ਤੋਂ ਸ਼ੁਰੂ ਹੋ ਕੇ ਬਾਕੀ ਭਾਰਤ ਵਿਚ ਪੁੱਜੀ ਸੀ ਤੇ ਉੱਥੋਂ ਭਾਰਤ ਤੋਂ ਬਾਹਰ ਵਿਦੇਸ਼ਾਂ ਵਿਚ। ਹੁਣ ਗੱਲ ਵਿਦੇਸ਼ਾਂ ਤੋਂ ਸ਼ੁਰੂ ਹੋਵੇਗੀ ਤੇ ਉਸ ਤੋਂ ਬਾਅਦ ਬਾਕੀ ਭਾਰਤ ਤੇ ਪੰਜਾਬ ਵਿਚ ਚਲੇਗੀ।ਕੌਮਾਂਤਰੀ ਭਾਈਚਾਰੇ ਨੂੰ ਸਿੱਖ ਪੰਥ ਦੀ ਹੋਣੀ ਬਾਰੇ ਦੱਸਣਾ ਪਹਿਲੀ ਪਹਿਲ ਹੋਣੀ ਚਾਹੀਦੀ ਹੈ ਜਿਸ ਦੇ ਦਬਾਅ ਨਾਲ ਹੀ ਭਾਰਤ ਤੇ ਪੰਜਾਬ ਵਿਚ ਉਸਾਰੀ ਕੀਤੀ ਜਾ ਸਕਦੀ ਹੈ।ਇਹਨਾਂ ਤਿੰਨਾਂ ਸਥਿਤੀਆਂ ਵਿਚ ਕੰਮ ਕਰਨ ਵਾਲਿਆਂ ਵਿਚ ਆਪਸੀ ਤਾਲਮੇਲ ਮੁੱਢਲੀ ਗੱਲ ਹੈ।ਭਾਰਤ ਤੋਂ ਬਾਹਰ ਵਸਦੇ ਸਿੱਖਾਂ ਲਈ ਸਿੱਖ ਸਿਆਸਤ ਮੁਤਾਬਕ ਚੱਲਣਾ ਪੰਜਾਬ ਤੇ ਬਾਕੀ ਭਾਰਤ ਵਿਚ ਵਸਦੇ ਸਿੱਖਾਂ ਦੇ ਮੁਕਾਬਲਤਨ ਸੌਖਾ ਹੈ ਕਿਉਂਕਿ ਪੰਜਾਬ ਤੇ ਭਾਰਤ ਵਿਚ ਗੁਰੂਆਂ ਦੇ ਸਿਧਾਂਤਾਂ ਤੇ ਸ਼ਹੀਦਾਂ ਦੇ ਲਹੂ ਦੀ ਗੱਲ ਕਰਨ ਵਾਲਿਆਂ ਨੂੰ ਹਰ ਪੱਖ ਤੋਂ ਬਿਨਾਂ ਵਜ੍ਹਾ ਖੱਜਲ ਕੀਤਾ ਜਾਂਦਾ ਹੈ। ਭਾਰਤ ਤੋਂ ਬਾਹਰ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਪਹਿਲਾਂ ਤਾਂ ਗੁਰੂ-ਘਰਾਂ ਦੇ ਪਰਬੰਧ ਨੂੰ ਸਿੱਖ ਸਿਆਸਤ ਅਧੀਨ ਲਿਆਉਂਣਾ ਚਾਹੀਦਾ ਹੈ ਤੇ ਗੁਰੂ ਕੀ ਗੋਲਕ ਦੀ ਵਰਤੋਂ ਜਿੱਥੇ ਆਪਣੀਆਂ ਅਗਲੀਆਂ ਨਸਲਾਂ ਨੂੰ ਸਿੱਖੀ ਉੱਤੇ ਮਾਣ ਕਰਨ ਲਈ ਗੁਰਬਾਣੀ ਤੇ ਹੋਰ ਦੁਨਿਆਵੀ ਵਿੱਦਿਆ ਦੇਣ ਦੇ ਮੁੱਦੇ ਉੱਤੇ ਕਰਨੀ ਚਾਹੀਦੀ ਹੈ ੳੇਥੇ ਦਨੀਆਂ ਦੇ ਨਿਆਸਰਿਆਂ ਦਾ ਆਸਰਾ ਬਣਨ ਵਿਚ ਹਮੇਸ਼ਾ ਪਹਿਲ ਕਦਮੀ ਕਰਨੀ ਚਾਹੀਦੀ ਹੈ।

ਆਓ! ਆਪ ਤੇ ਆਪਣੇ ਬੱਚਿਆਂ ਨੂੰ ਸਿੱਖ ਹੋਣ ਦਾ ਮਾਣ ਕਰਨਾ ਸਿੱਖੀਏ ਤੇ ਸਿਖਾਈਏ ਅਤੇ ਇਸ ਵੋਟ ਦੀ ਰਾਜਨੀਤੀ ਨੂੰ ਤਿਆਗਦੇ ਹੋਏ ਸਿੱਖ ਸਿਆਸਤ ਦੇ ਪਾਂਧੀ ਬਣੀਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: